For the best experience, open
https://m.punjabitribuneonline.com
on your mobile browser.
Advertisement

ਈਦ-ਉਲ-ਫ਼ਿਤਰ: ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ

08:42 AM Apr 12, 2024 IST
ਈਦ ਉਲ ਫ਼ਿਤਰ  ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ
ਭਵਾਨੀਗੜ੍ਹ ਵਿੱਚ ਮਸਜਿਦ ਵਿੱਚ ਇਕ-ਦੂਜੇ ਨੂੰ ਗਲ਼ ਲੱਗ ਕੇ ਈਦ ਮੁਬਾਰਕਵਾਦ ਦਿੰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋ: ਮੱਟਰਾਂ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਪਰੈਲ
ਇੱਥੇ ਜੁਝਾਰ ਨਗਰ ਵਿੱਚ ਸਥਿਤ ਈਦਗਾਹ ਵਿਖੇ ਈਦ ਦਾ ਤਿਉਹਾਰ ਮਨਾਇਆ ਗਿਆ ਜਿਥੇ ਵੱਡੀ ਤਾਦਾਦ ’ਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਸ਼ਾਮਲ ਹੋਏ ਅਤੇ ਈਦ ਦੀ ਮੁਬਾਰਕਵਾਦ ਦਿੱਤੀ।
ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਅਤੇ ਨਵਨੀਤ ਗੋਪੀ ਲੁਧਿਆਣਾ ਨੇ ਸ਼ਮੂਲੀਅਤ ਕਰ ਕੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿੱਚ ਸਥਾਨਕ ਪਿੰਗਲਵਾੜਾ ਸ਼ਾਖਾ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ। ਸਿੱਖ ਮੁਸਲਿਮ ਸਾਂਝੇ ਫਰੰਟ ਦੇ ਸਰਪ੍ਰਸਤ ਡਾ. ਨਸੀਰ ਅਖਤਰ ਮਾਲੇਰਕੋਟਲਾ ਵੀ ਸਾਥੀਆਂ ਸਮੇਤ ਸ਼ਾਮਲ ਹੋਏ। ਸਾਖ਼ਾ ਦੇ ਮੁੱਖ ਪ੍ਰਬੰਧਕ ਡਾ. ਤਰਲੋਚਨ ਸਿੰਘ ਚੀਮਾਂ ਅਤੇ ਵਧੀਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਆਦਿ ਨੇ ਮੁਸਲਿਮ ਭਰਾਵਾਂ ਨੂੰ ਈਦ ਦੀਆਂ ਮੁੁਬਾਰਕਾਂ ਦਿੱਤੀਆਂ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਮਸਜਿਦ ਵਿਖੇ ਅੱਜ ਸ਼ਹਿਰ ਦੇ ਮੁਸਲਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਫ਼ਲਸਤੀਨੀਆਂ ਉਤੇ ਹੋ ਰਹੇ ਜ਼ੁਲਮ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਮਸਜਿਦ ਵਿਖੇ ਇਬਾਦਤ ਕਰਨ ਮਗਰੋਂ ਮੁਸਲਿਮ ਭਰਾਵਾਂ ਨੇ ਇਕ-ਦੂਜੇ ਦੇ ਗਲੇ ਮਿਲ ਕੇ ਈਦ ਮੁਬਾਰਕ ਕਿਹਾ ਗਿਆ। ਪ੍ਰਬੰਧਕਾਂ ਨੇ ਰੋਜ਼ੇ ਰੱਖਣ ਵਾਲਿਆਂ ਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਐੱਮਐੱਸ ਖਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਤਾਕੀਦ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਰਾਏ ਸਿੰਘ ਵਾਲਾ, ਨਦਾਮਪੁਰ, ਬਾਲਦ ਕਲਾਂ, ਛੰਨਾਂ ਆਦਿ ਪਿੰਡਾਂ ਵਿੱਚ ਵੀ ਈਦ ਦਾ ਤਿਉਹਾਰ ਮਨਾਇਆ ਗਿਆ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਪਿੰਡ ਚੱਠਾ ਨਨਹੇੜਾ ਦੀ ਮਸਜਿਦ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮਸਜਿਦ ਦੇ ਪ੍ਰਧਾਨ ਡਾ. ਰਹਿਮਤ ਅਲੀ ਚੱਠਾ (ਵਾਈਸ ਪ੍ਰਧਾਨ ਮਿਨਿਉਰਿਟੀ ਕਾਂਗਰਸ ਪਾਰਟੀ ਪੰਜਾਬ) ਨੇ ਦੱਸਿਆ ਕਿ ਪਿੰਡ ਦੀ ਮਸਜਿਦ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਈਦ ਮਨਾਈ ਗਈ ਜਿਸ ਵਿੱਚ ਗੁਰਦੁਆਰੇ ਦੇ ਪ੍ਰਧਾਨ, ਸਿੱਖ, ਹਿੰਦੂ ਅਤੇ ਬ੍ਰਾਹਮਣ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ।\
ਸੰਦੌੜ (ਪੱਤਰ ਪ੍ਰੇਰਕ): ਰਮਜ਼ਾਨ ਦੇ ਪਵਿੱਤਰ ਮਹੀਨੇ ਉਪਰੰਤ ਅੱਜ ਪਿੰਡ ਖੁਰਦ ਵਿਖੇ ਈਦ ਦਾ ਤਿਉਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਪਹਿਲਾਂ ਈਦ ਦੀ ਨਮਾਜ਼ ਪੜ੍ਹੀ ਗਈ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਈਦ ਦੇ ਪਵਿੱਤਰ ਤਿਉਹਾਰ ਦੀਆਂ ਮੁਸਲਿਮ ਭਾਈਚਾਰੇ ਨੂੰ ਮੁਬਾਰਕਾਂ ਭੇਟ ਕੀਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਸਬ ਡਿਵੀਜ਼ਨ ਪੱਧਰ ’ਤੇ ਮੌਲਾਨਾ ਖਲੀ ਰਹਿਮਦ ਵਲੋਂ ਈਦ ਉਲ-ਫ਼ਿਤਰ ਦੀ ਨਮਾਜ਼ ਅਦਾ ਕਰਵਾਈ ਗਈ। ਮੁਸਲਿਮ ਭਾਈਚਾਰੇ ਨੇ ਇੱਕ ਦੂਸਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸਬ ਡਿਵੀਜ਼ਨ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਮੁਸਲਿਮ ਪਰਿਵਾਰ ਦੀ ਵੱਡੀ ਗਿਣਤੀ ਈਦ ਮਨਾਉਣ ਲਈ ਪਹੁੰਚੇ। ਇਸ ਮੌਕੇ ਮੁਸਲਿਮ ਵੈਲਫੇਅਰ‌‌ ਐਸੋਸੀਏਸ਼ਨ ਦੇ ਪ੍ਰਧਾਨ ਬੀਰਬਲ ਖਾਨ, ਸਕੱਤਰ , ਗੁਲਾਬ ਸ਼ਾਹ, ਮੁੱਖ ਸਲਾਹਕਾਰ ਬਾਰੂ ਖਾਂ, ਮੈਂਬਰ ਕਰਮਦੀਨ ਖਾਨ ਅਤੇ ਐਡਵਕੇਟ ਕਰਮਦੀਨ ਖਾਨ ਆਦਿ ਮੌਜੂਦ ਸਨ।
ਅਮਰਗੜ੍ਹ (ਪੱਤਰ ਪ੍ਰੇਰਕ): ਇੱਥੇ ਈਦ-ਉਰ-ਫਿਤਰ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਮੁਫ਼ਤੀ ਅਫਰੋਜ਼ ਆਲਮ ਨੇ ਨਮਾਜ਼ ਅਦਾ ਕੀਤੀ। ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਪੁੱਤਰ ਰੂਬਲ ਸਿੰਘ ਗੱਜਣਮਾਜਾਰ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਗੁਰਦਾਸ ਸਿੰਘ, ਐਮ ਸੀ ਜਸਵਿੰਦਰ ਸਿੰਘ ਦੱਦੀ, ਸਾਬਕਾ ਪੰਚ ਜੀਤ ਸਿੰਘ, ਐਸ ਸੀ ਸ਼ਰਧਾ ਰਾਮ, ਗੁਰਵੀਰ ਸਿੰਘ ਗੁਰੀ ਆਦਿ ਨੇ ਮੁਸਲਿਮ ਭਾਏਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਸ਼ੇਰਪੁਰ (ਪੱਤਰ ਪ੍ਰੇਰਕ): ਪਿੰਡ ਘਨੌਰੀ ਕਲਾਂ ਵਿੱਚ ਈਦ ਮੌਕੇ ਮੁਸਲਿਮ ਭਾਈਚਾਰੇ ਨੂੰ ਹਿੰਦੂ ਤੇ ਸਿੱਖ ਭਾਈਚਾਰੇ ਦੇ ਮੋਹਰੀ ਆਗੂਆਂ ਨੇ ਗਲੇ ਮਿਲ ਕੇ ਈਦ ਦੀ ਮੁਬਾਰਕਵਾਦ ਦੇ ਕੇ ਭਾਈਚਾਰਕ ਏਕਤਾ ਦੀ ਮਿਸਾਲ ਪੈਦਾ ਕੀਤੀ। ਪ੍ਰੋਗਰਾਮ ਦੌਰਾਨ ਆਪ ਆਗੂ ਸਤਿੰਦਰ ਚੱਠਾ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਗੇਲਾ, ਮਾਸਟਰ ਕੁਲਵੰਤ ਸਿੰਘ, ਧਾਰਮਿਕ ਆਗੂ ਅਮਰੀਕ ਸਿੰਘ, ਡਾ. ਕਰਨ ਸ਼ਰਮਾ ਤੇ ਸ਼ਿਵ ਮੰਦਿਰ ਕਮੇਟੀ ਆਗੂਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ): ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਅੱਜ ਸੁਨਾਮ ਦੀ ਈਦਗਾਹ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ। ਅਬਦੁਲ ਰਹਿਮਾਨ ਨੇ ਦੱਸਿਆ ਕਿ ਸ਼ਹਿਰ ਦੀ ਈਦਗਾਹ ਵਿਖੇ ਹਜ਼ਾਰਾਂ ਮੁਸਲਮਾਨਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਅਬਦੁਲ ਰਹਿਮਾਨ ਨੇ ਕਿਹਾ ਕਿ ਈਦ ਦਾ ਤਿਉਹਾਰ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਮਿਲ ਕੇ ਮਨਾਇਆ ਗਿਆ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧੂਰੀ ਇਕਾਈ ਦੇ ਆਗੂਆਂ ਨੇ ਜਥੇਦਾਰ ਹਰਬੰਸ ਸਿੰਘ ਸਲੇਮਪੁਰ ਤੇ ਅਮਰਜੀਤ ਸਿੰਘ ਬਾਦਸ਼ਾਹਪੁਰ ਦੀ ਅਗਵਾਈ ਹੇਠ ਹਲਕੇ ਵਿੱਚ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਈਦ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ।

Advertisement

Advertisement
Author Image

Advertisement
Advertisement
×