For the best experience, open
https://m.punjabitribuneonline.com
on your mobile browser.
Advertisement

ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਅਦਾ

08:04 AM Apr 12, 2024 IST
ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦੀ ਨਮਾਜ਼ ਅਦਾ
ਰਾਏਕੋਟ ਨਜ਼ਦੀਕ ਬਸੀਆਂ ’ਚ ਨਮਾਜ਼ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ। -ਫੋਟੋਆਂ: ਹਿਮਾਂਸ਼ੂ ਮਹਾਜਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 11 ਅਪਰੈਲ
ਪਵਿੱਤਰ ਰਮਜ਼ਾਨ ਸ਼ਰੀਫ ਮੌਕੇ ਅੱਜ ਲੱਖਾਂ ਮੁਸਲਿਮ ਨੇ ਵੱਖ-ਵੱਖ ਮਸਜਿਦਾਂ ਵਿੱਚ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਜਦਕਿ ਇਤਿਹਾਸਕ ਜਾਮਾ ਮਸਜਿਦ ’ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਨੇ ਫ਼ਲਸਤੀਨੀ ਝੰਡੇ ਲੈ ਕੇ ਮਨੁੱਖਤਾ ਦੀ ਤਬਾਹੀ ਰੋਕਣ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁੰਹਮਦ ਉਸਮਾਨ ਨੇ ਕਿਹਾ ,‘‘ਅੱਜ ਈਦ ਦੇ ਦਿਨ ਫ਼ਲਸਤੀਨ ਦੇ ਮਜ਼ਲੂਮ ਮੁਸਲਮਾਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਦਾ ਇਜ਼ਰਾਈਲੀ ਅਤਿਵਾਦੀਆਂ ਨੇ ਕਤਲੇਆਮ ਕੀਤਾ ਹੈ। ਉਨ੍ਹਾਂ ਫ਼ਲਸਤੀਨ ’ਚ ਇਜ਼ਰਾਈਲ ਦੀ ਧੱਕੇਸ਼ਾਹੀ ­ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ ਦਾ ਹਰ ਇੱਕ ਕਦਮ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਹੈ ਪਰ ਜ਼ੁਲਮ ਦੇ ਖ਼ਿਲਾਫ਼ ਸਾਡੀ ਆਵਾਜ਼ ਨੂੰ ਚੁੱਕਣਾ ਸਾਡੀ ਜ਼ਿੰਮੇਵਾਰੀ ਹੈ।’’ ਸ਼ਾਹੀ ਇਮਾਮ ਨੇ ਕਿਹਾ,‘‘ਜ਼ੁਲਮ ਖ਼ਿਲਾਫ਼ ਚੁੱਪ ਰਹਿਣ ਵਾਲੀਆਂ ਕੌਮਾਂ ਆਪਣਾ ਵਜ਼ੂਦ ਗੁਆ ਦਿੰਦੀਆਂ ਹਨ। ਇਸ ਲਈ ਜੇਕਰ ਅਸੀਂ ਜ਼ਿੰਦਾ ਹਾਂ ਤਾਂ ਸਾਡਾ ਜ਼ਿੰਦਾ ਨਜ਼ਰ ਆਉਣਾ ਵੀ ਜ਼ਰੂਰੀ ਹੈ।’’ ਇਸ ਮੌਕੇ ਫ਼ਲਸਤੀਨੀਆਂ ਨਾਲ ਹਮਦਰਦੀ ਦਿਖਾਉਂਦੇ ਹੋਏ ਜਾਮਾ ਮਸਜਿਦ ’ਤੇ ਫ਼ਲਸਤੀਨ ਦੇ ਝੰਡੇ ਲਾਏ ਗਏ ਸਨ ਅਤੇ ਨਮਾਜ਼ੀ ਵੀ ਫ਼ਲਸਤੀਨ ਝੰਡੇ ਲੈ ਕੇ ਆਏ ਹੋਏ ਸਨ ਜੋ ਅਤੇ ਇਜ਼ਰਾਈਲ ਦਾ ਵਿਰੋਧ ਕਰ ਰਹੇ ਸਨ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਫ਼ਲਸਤੀਨ ’ਚ ਲਗਾਤਾਰ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਤਬਾਹੀ ਨੂੰ ਵੇਖਦਿਆਂ ਫ਼ਲਸਤੀ ਦੀ ਫੌਰੀ ਤੌਰ ’ਤੇ ਮਦਦ ਕੀਤੀ ਜਾਵੇ ਅਤੇ ਫ਼ਲਿਸਤੀਨੀ-ਇਜ਼ਰਾਈਲ ਮਸਲੇ ’ਚ ਦਖ਼ਲ ਦੇ ਕੇ ਇਸ ਜੰਗ ਨੂੰ ਛੇਤੀ ਤੋਂ ਛੇਤੀ ਖਤਮ ਕਰਾਇਆ ਜਾਵੇ। ਇਸ ਮੌਕੇ ਉਨ੍ਹਾਂ ਫ਼ਲਸਤੀਨ ’ਚ ਅਮਨ ਅਤੇ ਸ਼ਾਂਤੀ ਲਈ ਵਿਸ਼ੇਸ਼ ਦੁਆ ਵੀ ਕਰਵਾਈ। ਇਸ ਮੌਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਧਾਈ ਦੇਣ ਲਈ ਪੁੱਜੇ।

Advertisement

ਇਜ਼ਰਾਈਲ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੋਂ ਦੇ ਨੇੜਲੇ ਪਿੰਡ ਰਸੂਲੜਾ ਵਿੱਚ ਈਦ-ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਧਰਮ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਨਵਾਜ਼ ਇਮਾਮ ਮੁਹੰਮਦ ਇਕਰਾਮ ਨੇ ਨਮਾਜ਼ ਅਦਾ ਕਰਦਿਆਂ ਦੇਸ਼ ਦੁਨੀਆਂ ਲਈ ਅਮਨ ਸ਼ਾਂਤੀ ਦੀ ਦੁਆ ਕੀਤੀ। ਇਸ ਮੌਕੇ ਨੈਬ ਮੁਹੰਮਦ, ਸੀਮਾ ਖਾਨ, ਮੁਹੰਮਦ ਅਸਲਮ, ਦੀਪ ਖਾਨ, ਲਾਲ ਮੁਹੰਮਦ, ਅਨਬਰ ਅਲੀ, ਮੁਹੰਮਦ ਦਾਨਿਸ਼, ਸਾਬਰ ਅਲੀ, ਸੌਕਤ ਅਲੀ, ਯੂਸਫ਼ ਅਲੀ, ਸਾਨਵਾਜ ਨੇ ਲੋਕਾਂ ਨੂੰ ਈਦ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਤਿਉਹਾਰ ਹਰ ਧਰਮ ਦੇ ਲੋਕਾਂ ਨੂੰ ਇਕ ਮੰਚ ਤੇ ਆਪਸੀ ਪਿਆਰ ਨਾਲ ਮਿਲ ਕੇ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸੇ ਤਰ੍ਹਾਂ ਪਿੰਡ ਮਾਜਰੀ ਵਿੱਚ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਦੀ ਚੇਅਰ ਪਰਸਨ ਬੀਬੀ ਫਾਤਿਮਾ ਨੇ ਕਿਹਾ,‘‘ਸਾਨੂੰ ਸਮਾਜ ਵਿੱਚੋਂ ਨਫਰਤ ਖਤਮ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨਾਲ ਤਿਉਹਾਰ ਮਨਾਉਣੇ ਚਾਹੀਦੇ ਹਨ।’’ ਇਸ ਮੌਕੇ ਬਾਈ ਮੇਹਰਦੀਨ ਗਿੱਲ, ਡਾ. ਮਲਵਿੰਦਰ ਸਿੰਘ, ਰਮਨਪ੍ਰੀਤ ਕੌਰ, ਪ੍ਰੇਮ ਸਿੰਘ, ਮਧੂ ਸ਼ਰਮਾ, ਪ੍ਰਿਅੰਕਾ ਸ਼ਰਮਾ, ਸਵਰਨ ਸਿੰਘ, ਬਲਦੇਵ ਸਿੰਘ, ਰਘੂਨਾਥ ਸਿੰਘ, ਰਾਜਿੰਦਰ ਕੌਰ, ਹਰਦੀਪ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਗੁਰਚਰਨ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।

Advertisement
Author Image

Advertisement
Advertisement
×