For the best experience, open
https://m.punjabitribuneonline.com
on your mobile browser.
Advertisement

ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ

07:26 AM Oct 22, 2023 IST
ਮਿਸਰ ਨੇ ਗਾਜ਼ਾ ’ਚ ਮਦਦ ਲਈ ਸਰਹੱਦ ਖੋਲ੍ਹੀ
ਟਰੱਕਾਂ ਦੇ ਗਾਜ਼ਾ ’ਚ ਦਾਖ਼ਲ ਹੋਣ ’ਤੇ ਮਿਸਰ ਦੇ ਲੋਕ ਫਲਸਤੀਨੀ ਝੰਡੇ ਲੈ ਕੇ ਜਸ਼ਨ ਮਨਾਉਂਦੇ ਹੋਏ। -ਫੋਟੋ: ਰਾਇਟਰਜ਼
Advertisement

ਰਾਫਾਹ, 21 ਅਕਤੂਬਰ
ਮਿਸਰ ਨੇ ਗਾਜ਼ਾ ਨਾਲ ਲਗਦੀ ਆਪਣੀ ਸਰਹੱਦ ਅੱਜ ਖੋਲ੍ਹ ਦਿੱਤੀ ਹੈ ਤਾਂ ਜੋ ਉਥੇ ਲੋਕਾਂ ਨੂੰ ਜ਼ਰੂਰੀ ਸਹਾਇਤਾ ਪਹੁੰਚਾਈ ਜਾ ਸਕੇ। ਰਾਹਤ ਸਮੱਗਰੀ ’ਚ ਭੋਜਨ, ਪਾਣੀ ਅਤੇ ਦਵਾਈਆਂ ਸ਼ਾਮਲ ਹਨ ਜੋ ਅਜੇ ਦੱਖਣੀ ਗਾਜ਼ਾ ’ਚ ਪਹੁੰਚਾਈਆਂ ਜਾ ਰਹੀਆਂ ਹਨ। ਇਜ਼ਰਾਈਲ ਵੱਲੋਂ ਕੀਤੀ ਗਈ ਘੇਰਾਬੰਦੀ ਦਰਮਿਆਨ ਪਹਿਲੀ ਵਾਰ ਹੈ ਜਦੋਂ ਗਾਜ਼ਾ ’ਚ ਕੋਈ ਮਦਦ ਭੇਜਣੀ ਸ਼ੁਰੂ ਹੋਈ ਹੈ। ਮਿਸਰ ਤੋਂ ਗਾਜ਼ਾ ਲਈ ਜ਼ਰੂਰੀ ਵਸਤਾਂ ਨਾਲ ਭਰੇ 20 ਟਰੱਕ ਰਵਾਨਾ ਹੋਏ ਜੋ ਰਾਫਾਹ ਅਤੇ ਖਾਨ ਯੂਨਿਸ ਜਾਣਗੇ। ਸਹਾਇਤਾ ਵਰਕਰਾਂ ਮੁਤਾਬਕ ਗਾਜ਼ਾ ਦੇ ਮਾਨਵੀ ਸੰਕਟ ਨੂੰ ਦੇਖਦਿਆਂ ਇਹ ਮਦਦ ਬਹੁਤ ਥੋੜ੍ਹੀ ਹੈ। ਉਂਜ ਪਿਛਲੇ ਕਈ ਦਿਨਾਂ ਤੋਂ 3 ਹਜ਼ਾਰ ਟਨ ਦੇ ਕਰੀਬ ਸਹਾਇਤਾ ਨਾਲ ਭਰੇ 200 ਤੋਂ ਜ਼ਿਆਦਾ ਟਰੱਕ ਸਰਹੱਦ ਨੇੜੇ ਖੜ੍ਹੇ ਹਨ। ਗਾਜ਼ਾ ਦੇ 23 ਲੱਖ ਫਲਸਤੀਨੀਆਂ, ਜਨਿ੍ਹਾਂ ’ਚੋਂ ਅੱਧੇ ਆਪਣਾ ਘਰ-ਬਾਰ ਛੱਡ ਚੁੱਕੇ ਹਨ, ਨੂੰ ਖਾਣ ਲਈ ਬਹੁਤ ਘੱਟ ਭੋਜਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲਾਂ ’ਚ ਮੈਡੀਕਲ ਸਪਲਾਈ ਨਾ ਦੇ ਬਰਾਬਰ ਹੈ ਅਤੇ ਜਨਰੇਟਰ ਚਲਾਉਣ ਲਈ ਈਂਧਣ ਨਹੀਂ ਮਿਲ ਰਿਹਾ ਹੈ। ਇਜ਼ਰਾਈਲ ਵੱਲੋਂ ਗਾਜ਼ਾ ’ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਮਿਸਰ ਨੇ ਰਾਹਤ ਸਮੱਗਰੀ ਲਈ ਸਰਹੱਦ ਉਸ ਸਮੇਂ ਖੋਲ੍ਹੀ ਹੈ ਜਦੋਂ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਵੱਖ ਵੱਖ ਵਿਚੋਲਿਆਂ ਨੇ ਉੱਚ ਪੱਧਰ ’ਤੇ ਕੂਟਨੀਤੀ ਰਾਹੀਂ ਇਜ਼ਰਾਈਲ ਉਪਰ ਦਬਾਅ ਬਣਾਇਆ। ਇਨ੍ਹਾਂ ਕੂਟਨੀਤਕਾਂ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਸ਼ਾਮਲ ਹਨ। ਇਜ਼ਰਾਈਲ ਇਸ ਗੱਲ ਦਾ ਦਬਾਅ ਬਣਾ ਰਿਹਾ ਸੀ ਕਿ ਜਦੋਂ ਤੱਕ ਹਮਾਸ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਨਹੀਂ ਕਰਦਾ ਉਹ ਗਾਜ਼ਾ ਅੰਦਰ ਕੋਈ ਵੀ ਸਾਮਾਨ ਦਾਖ਼ਲ ਨਹੀਂ ਹੋਣ ਦੇਵੇਗਾ। ਸੰਯੁਕਤ ਰਾਸ਼ਟਰ ਦੀ ਵਿਸ਼ਵ ਫੂਡ ਪ੍ਰੋਗਰਾਮ ਦੀ ਮੁਖੀ ਸਿੰਡੀ ਮੈਕੇਨ ਨੇ ਖ਼ਬਰ ਏਜੰਸੀ ਨੂੰ ਕਿਹਾ,‘‘ਗਾਜ਼ਾ ’ਚ ਹਾਲਾਤ ਬਹੁਤ ਹੀ ਮਾੜੇ ਹਨ। ਸਾਨੂੰ ਰਾਹਤ ਸਮੱਗਰੀ ਨਾਲ ਭਰੇ ਬਹੁਤ ਹੀ ਜ਼ਿਆਦਾ ਟਰੱਕਾਂ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਜੰਗ ਤੋਂ ਪਹਿਲਾਂ ਗਾਜ਼ਾ ਅੰਦਰ ਰੋਜ਼ਾਨਾ 400 ਦੇ ਕਰੀਬ ਟਰੱਕ ਦਾਖ਼ਲ ਹੋ ਰਹੇ ਸਨ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਗਾਜ਼ਾ ’ਚ ਮਾਨਵੀ ਹਾਲਾਤ ਅਜੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਸਿਰਫ਼ ਦੱਖਣੀ ਗਾਜ਼ਾ ’ਚ ਪਹੁੰਚਾਈ ਜਾ ਰਹੀ ਹੈ ਇਸ ਦੌਰਾਨ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਮਿਸਰ ਅਤੇ ਜਾਰਡਨ ਛੱਡ ਦੇਣ ਲਈ ਕਿਹਾ ਹੈ। ਉਨ੍ਹਾਂ ਸੰਯੁਕਤ ਅਰਬ ਅਮੀਰਾਤ, ਮੋਰੱਕੋ ਅਤੇ ਬਹਿਰੀਨ ਨਾ ਜਾਣ ਦੇ ਵੀ ਨਿਰਦੇਸ਼ ਦਿੱਤੇ ਹਨ। -ਏਪੀ

Advertisement

ਹਮਾਸ ਵੱਲੋਂ ਬੰਦੀ ਬਣਾਈ ਅਮਰੀਕੀ ਮਾਂ-ਧੀ ਰਿਹਾਅ

ਹਮਾਸ ਵੱਲੋਂ ਰਿਹਾਅ ਕੀਤੀ ਗਈ ਜੁਡਿਥ ਰਾਨਨ ਅਤੇ ਉਸ ਦੀ ਧੀ ਨਤਾਲੀ। -ਫੋੋਟੋ: ਰਾਇਟਰਜ਼

ਵਾਸ਼ਿੰਗਟਨ: ਹਮਾਸ ਵੱਲੋਂ 7 ਅਕਤੂਬਰ ਨੂੰ ਬੰਦੀ ਬਣਾਏ ਗਏ ਦੋ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਮਾਂ ਜੁਡਿਥ ਰਾਨਨ ਅਤੇ ਧੀ ਨਤਾਲੀ ਨੂੰ ਸਦਮੇ ’ਚੋਂ ਕੱਢਣ ਲਈ ਉਨ੍ਹਾਂ ਦੀ ਸਰਕਾਰ ਪੂਰੀ ਸਹਾਇਤਾ ਦੇਵੇਗੀ। ਬਾਇਡਨ ਨੇ ਦੋਵੇਂ ਬੰਦੀਆਂ ਦੀ ਸੁਰੱਖਿਅਤ ਰਿਹਾਈ ਲਈ ਕਤਰ ਅਤੇ ਇਜ਼ਰਾਈਲ ਸਰਕਾਰ ਦਾ ਧੰਨਵਾਦ ਕੀਤਾ ਹੈ। ਬਾਇਡਨ ਨੇ ਦੋਹਾਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। ਹਮਾਸ ਵੱਲੋਂ 200 ਤੋਂ ਜ਼ਿਆਦਾ ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ ਅਤੇ ਮਾਵਾਂ-ਧੀਆਂ ਪਹਿਲੀਆਂ ਬੰਦੀ ਹਨ ਜਨਿ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ਦੋਵੇਂ ਅਮਰੀਕੀ ਨਾਗਰਿਕ ਹੁਣ ਇਜ਼ਰਾਈਲ ’ਚ ਅਧਿਕਾਰੀਆਂ ਕੋਲ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਉਹ ਦੋਵੇਂ ਛੇਤੀ ਹੀ ਆਪਣੇ ਪਰਿਵਾਰਾਂ ਕੋਲ ਹੋਣਗੀਆਂ। ਬਲਿੰਕਨ ਨੇ ਕਿਹਾ ਕਿ ਗਾਜ਼ਾ ’ਚ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ

ਹਮਾਸ-ਇਜ਼ਰਾਈਲ ਜੰਗ ’ਚ 22 ਪੱਤਰਕਾਰ ਹਲਾਕ

ਨਿਊਯਾਰਕ: ਪੱਤਰਕਾਰਾਂ ਦੀ ਰਾਖੀ ਸਬੰਧੀ ਨਿਊਯਾਰਕ ਆਧਾਰਿਤ ਕਮੇਟੀ ਨੇ ਕਿਹਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ’ਤੇ 7 ਅਕਤੂਬਰ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਉਥੇ 22 ਪੱਤਰਕਾਰ ਮਾਰੇ ਗਏ ਹਨ। ਕਮੇਟੀ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ 20 ਅਕਤੂਬਰ ਤੱਕ ਮਾਰੇ ਗਏ 4 ਹਜ਼ਾਰ ਤੋਂ ਵੱਧ ਲੋਕਾਂ ’ਚ 22 ਪੱਤਰਕਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਾਜ਼ਾ ’ਚ ਤਾਇਨਾਤ ਪੱਤਰਕਾਰਾਂ ਨੂੰ ਵਧੇਰੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਜ਼ਰਾਈਲ ਵੱਲੋਂ ਉਥੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਮਾਰੇ ਗਏ 22 ਪੱਤਰਕਾਰਾਂ ’ਚੋਂ 18 ਫਲਸਤੀਨੀ, ਇਕ ਇਜ਼ਰਾਇਲੀ ਅਤੇ ਇਕ ਲਬਿਨਾਨੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਠ ਰਿਪੋਰਟਰ ਜ਼ਖ਼ਮੀ ਹੋਏ ਹਨ ਜਦਕਿ ਤਿੰਨ ਹੋਰ ਲਾਪਤਾ ਹਨ। ਕਮੇਟੀ ਦੇ ਮੱਧ ਪੂਰਬ ਅਤੇ ਨੌਰਥ ਅਫ਼ਰੀਕਾ ਪ੍ਰੋਗਰਾਮ ਦੇ ਤਾਲਮੇਲ ਅਧਿਕਾਰੀ ਸ਼ੈਰਿਫ਼ ਮਨਸੂਰ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। -ਆਈਏਐੱਨਐੱਸ

Advertisement
Author Image

sukhwinder singh

View all posts

Advertisement
Advertisement
×