ਜਮਹੂਰੀਅਤ ਦੀ ਮਜ਼ਬੂਤੀ ਲਈ ਯਤਨ
ਬੁੱਧਵਾਰ ਮਹਾਤਮਾ ਗਾਂਧੀ ਦੇ ਪੜਪੋਤਰੇ ਤੁਸ਼ਾਰ ਗਾਂਧੀ ਨੂੰ ਮੁੰਬਈ ਵਿਚ ਪੁਲੀਸ ਨੇ ਉਸ ਸਮੇਂ ਰੋਕਿਆ ਜਦੋਂ ਉਹ 1942 ਵਿਚ ਹੋਏ ‘ਭਾਰਤ ਛੱਡੋ ਅੰਦੋਲਨ’ ਨਾਲ ਸਬੰਧਿਤ ਸ਼ਾਂਤੀ ਯਾਤਰਾ ਵਿਚ ਹਿੱਸਾ ਲੈਣ ਜਾ ਰਿਹਾ ਸੀ। ਉਸ ਨੂੰ ਤਿੰਨ ਘੰਟੇ ਮੁੰਬਈ ਦੇ ਸ਼ਾਂਤਾ ਕਰੂਜ਼ ਪੁਲੀਸ ਸਟੇਸ਼ਨ ਵਿਚ ਰੱਖਿਆ ਗਿਆ। ਉਸ ਨੇ ਆਪਣੇ ਟਵੀਟ ਵਿਚ ਲਿਖਿਆ, ‘‘ਮੈਨੂੰ ਅੱਜ ਸਵੇਰੇ ਸੱਤ ਵਜੇ ਰੋਕਿਆ ਗਿਆ ਅਤੇ ਦੱਸਿਆ ਗਿਆ ਕਿ ਸਾਡੀ ਸ਼ਾਂਤੀ ਯਾਤਰਾ ਅਮਨ ਲਈ ਖ਼ਤਰਾ ਹੈ… ਮੈਨੂੰ ਉੱਥੇ ਤਿੰਨ ਘੰਟੇ ਰੱਖਿਆ ਗਿਆ… 1942 ਵਿਚ ਪਹਿਲਾਂ ਬਾਪੂ (ਮਹਾਤਮਾ ਗਾਂਧੀ) ਅਤੇ ਫਿਰ (ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ) ਨੂੰ ਅੰਗਰੇਜ਼ਾਂ ਵਿਰੁੱਧ ਆਵਾਜ਼ ਉਠਾਉਣ ਬਦਲੇ ਗ੍ਰਿਫ਼ਤਾਰ ਕੀਤਾ ਗਿਆ ਸੀ।’’ ਇਸ ਸ਼ਾਂਤੀ ਯਾਤਰਾ ਨੇ ਗਿਰਗਾਉਂ ਚੌਪਾਟੀ ਤੋਂ ਅਗਸਤ ਕ੍ਰਾਂਤੀ ਮੈਦਾਨ ਤਕ ਜਾਣਾ ਸੀ ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਖ਼ਬਰ ਸਾਡੇ ਦੇਸ਼ ਵਿਚ ਸਰਕਾਰਾਂ ਨਾਲ ਅਸਹਿਮਤੀ ਰੱਖਣ ਵਾਲੇ ਵਿਅਕਤੀਆਂ ਨਾਲ ਕੀਤੇ ਜਾਂਦੇ ਵਰਤਾਉ ਨੂੰ ਬਿਆਨ ਕਰਦੀ ਹੈ। ਦੇਸ਼ ਵਿਚ ਮੁੱਖ ਧਾਰਾ ਦੇ ਮੀਡੀਆ ਦੇ ਬਿਆਨੀਏ ਨੇ ਵੀ ਆਪਣੀ ਨੁਹਾਰ ਬਦਲ ਲਈ ਹੈ। ਹਰ ਥਾਂ ’ਤੇ ਇਹ ਖ਼ਬਰ ਆ ਰਹੀ ਹੈ ਕਿ ਤੁਸ਼ਾਰ ਗਾਂਧੀ ਨੇ ਦਾਅਵਾ ਕੀਤਾ ਕਿ ਉਸ ਨੂੰ ਰੋਕਿਆ ਗਿਆ।
1942 ਵਿਚ ਕਾਂਗਰਸ ਨੇ ਅੰਗਰੇਜ਼ਾਂ ਵਿਰੁੱਧ ‘ਭਾਰਤ ਛੱਡੋ ਅੰਦੋਲਨ’ ਸ਼ੁਰੂ ਕੀਤਾ। ਮਹਾਤਮਾ ਗਾਂਧੀ ਨੇ ਗੋਵਾਲੀਆ ਟੈਂਕ ਮੈਦਾਨ (ਜਿਸ ਨੂੰ ਹੁਣ ਅਗਸਤ ਕ੍ਰਾਂਤੀ ਮੈਦਾਨ ਕਿਹਾ ਜਾਂਦਾ ਹੈ) ਤੋਂ ਮੁਹਿੰਮ ਦਾ ਆਗਾਜ਼ ਕਰਦਿਆਂ ‘ਕਰੋ ਜਾਂ ਮਰੋ (Do of die)’ ਦਾ ਨਾਅਰਾ ਦਿੱਤਾ। ਅੰਗਰੇਜ਼ਾਂ ਨੇ ਕਾਂਗਰਸ ਦੇ ਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਕਾਂਗਰਸ ’ਤੇ ਪਾਬੰਦੀ ਲਗਾ ਦਿੱਤੀ। ਇਸ ਅੰਦੋਲਨ ਨੂੰ ‘ਅਗਸਤ ਕ੍ਰਾਂਤੀ’ ਅੰਦੋਲਨ ਵੀ ਕਿਹਾ ਜਾਂਦਾ ਹੈ। ਦੇਸ਼ ਵਾਸੀਆਂ ਨੇ ਵੱਡੀ ਗਿਣਤੀ ਵਿਚ ਇਸ ਵਿਚ ਹਿੱਸਾ ਲਿਆ ਅਤੇ ਕਈ ਥਾਵਾਂ ’ਤੇ ਹਿੰਸਾ ਵੀ ਹੋਈ। ਅੰਦੋਲਨ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋਏ। ਇਕ ਲੱਖ ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ। ਅੰਗਰੇਜ਼ ਸਰਕਾਰ ਨੇ ਜਬਰ ਕੀਤਾ ਜਿਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ। ਇਸ ਅੰਦੋਲਨ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਈ ਕਿਉਂਕਿ ਕਰੋੜਾਂ ਲੋਕਾਂ ਨੇ ਸਰਕਾਰ ਨਾਲ ਨਾਮਿਲਵਰਤਨ ਦਾ ਰਾਹ ਅਪਣਾਇਆ। 9 ਅਗਸਤ 1942 ਨੂੰ ‘ਟਾਈਮ’ ਦੀ ਰਿਪੋਰਟਰ ਲਿਲੀ ਰੋਥਮੈਨ ਨੇ ਲਿਖਿਆ, ‘‘ਉਸ (ਮਹਾਤਮਾ ਗਾਂਧੀ) ਨੂੰ ਤਿਆਰ ਹੋਣ ਲਈ ਇਕ ਘੰਟਾ ਦਿੱਤਾ ਗਿਆ।… ਉਸ ਨੇ ਸੰਸਕ੍ਰਿਤ ਦਾ ਸਲੋਕ ਸੁਣਿਆ ਅਤੇ ਨੌਜਵਾਨ ਮੁਸਲਿਮ ਕੁੜੀ ਤੋਂ ਕੁਰਾਨ। ਉਸ ਨੇ ਆਪਣੇ ਸਾਥੀਆਂ ਲਈ ਸੁਨੇਹਾ ਲਿਖਿਆ। ਉਸ ਕੋਲ ਭਗਵਦ ਗੀਤਾ (ਪਵਿੱਤਰ ਹਿੰਦੂ ਗ੍ਰੰਥ), ਕੁਰਾਨ ਅਤੇ ਊਰਦੂ ਦੇ ਕਾਇਦੇ ਸਨ, ਗਲ ਵਿਚ ਫੁੱਲਾਂ ਦਾ ਹਾਰ ਸੀ ਅਤੇ ਉਸ ਨੂੰ ਕਮਿਸ਼ਨਰ ਦੀ ਕਾਰ ਵਿਚ ਵਿਕਟੋਰੀਆ ਸਟੇਸ਼ਨ (ਥਾਣੇ) ਲੈ ਜਾਇਆ ਗਿਆ।’’
ਤੁਸ਼ਾਰ ਗਾਂਧੀ ਉੱਘਾ ਲੇਖਕ ਤੇ ਸਮਾਜਿਕ ਕਾਰਕੁਨ ਹੈ। ਉਸ ਨੇ 2018 ਵਿਚ ਦੇਸ਼ ਵਿਚ ਹੋ ਰਹੀਆਂ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਵਿਰੁੱਧ ਸੁਪਰੀਮ ਕੋਰਟ ਵਿਚ ਪਹੁੰਚ ਕਰਨ ਦੇ ਉਪਰਾਲਿਆਂ ਵਿਚ ਹਿੱਸਾ ਲਿਆ। ਉਸ ਨੇ ਮਹਾਰਾਸ਼ਟਰ ਵਿਚ ਸਰਗਰਮ ਕਈ ਕੱਟੜਪੰਥੀ ਜਥੇਬੰਦੀਆਂ ਦੀਆਂ ਨਫ਼ਰਤ ਫੈਲਾਉਣ ਵਾਲੀਆਂ ਕਾਰਵਾਈਆਂ ਦਾ ਵਿਰੋਧ ਕਰਦਿਆਂ ਉਨ੍ਹਾਂ ’ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ। ਉਸ ਜਿਹੇ ਸਮਾਜਿਕ ਕਾਰਕੁਨ ਨੂੰ ਰੋਕਣਾ ਦੱਸਦਾ ਹੈ ਕਿ ਦੇਸ਼ ਵਿਚ ਵਿਚਾਰਾਂ ਦੇ ਪ੍ਰਗਟਾਵੇ ਲਈ ਸਪੇਸ/ਥਾਂ ਕਿੰਨੀ ਘਟ ਰਹੀ ਹੈ। ਲੋਕਾਂ ਅਤੇ ਖ਼ਾਸ ਕਰ ਕੇ ਸਮਾਜਿਕ ਕਾਰਕੁਨਾਂ ਨੂੰ ਡਰਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਦਾ ਵਿਰੋਧਾਭਾਸ ਹੈ ਕਿ ਡਾ. ਬੀਆਰ ਅੰਬੇਡਕਰ ਦੇ ਪਰਿਵਾਰ ਨਾਲ ਸਬੰਧਿਤ ਆਨੰਦ ਤੈਲਤੁੰਬੜੇ ਜੇਲ੍ਹ ਵਿਚ ਹੈ ਅਤੇ ਮਹਾਤਮਾ ਗਾਂਧੀ ਦੇ ਪੜਪੋਤੇ ਨੂੰ ਸਿਆਸੀ ਸਮਾਗਮਾਂ ਵਿਚ ਹਿੱਸਾ ਲੈਣ ਤੋਂ ਰੋਕਿਆ ਜਾ ਰਿਹਾ ਹੈ। ਉਪਰੋਕਤ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ। ਇਸ ਵਾਰ ਦੀ ਯਾਤਰਾ ਦਾ ਵਿਸ਼ਾ ਸੀ- ‘ਨਫ਼ਰਤ ਭਾਰਤ ਛੋੜੋ, ਮੁਹੱਬਤ ਸੇ ਦਿਲੋਂ ਕੋ ਜੋੜੋ’। ਤੁਸ਼ਾਰ ਗਾਂਧੀ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ‘‘ਸ਼ਾਇਦ ਉਹ ਡਰਦੇ ਹਨ ਕਿ ਅਸੀਂ 1942 ਦੀ ਭਾਵਨਾ ਨੂੰ ਪੁਨਰ-ਸੁਰਜੀਤ ਕਰ ਦੇਵਾਂਗੇ।’’ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਅਜਿਹੇ ਯਤਨਾਂ ਦੀ ਲਗਾਤਾਰ ਜ਼ਰੂਰਤ ਹੈ।