ਭਾਸ਼ਾ ਵਿਭਾਗ ਨੂੰ ਏਆਈ ਦੇ ਹਾਣ ਦਾ ਬਣਾਉਣ ਲਈ ਉਪਰਾਲੇ ਜਾਰੀ: ਜਫ਼ਰ
ਪੱਤਰ ਪ੍ਰੇਰਕ
ਬਨੂੜ, 14 ਅਕਤੂਬਰ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫ਼ਰ ਨੇ ਕਿਹਾ ਕਿ ਭਾਸ਼ਾ ਵਿਭਾਗ ਨੂੰ ਮਸਨੂਈ ਬੌਧਿਕਤਾ (ਏਆਈ) ਦੇ ਹਾਣ ਦਾ ਬਣਾਉਣ ਅਤੇ ਗੁਰਮੁਖੀ ਨੂੰ ਏਆਈ ਚਾਰਟ ਜੀਪੀਟੀ ਵਰਗੇ ਸਰਚ ਇੰਜਨਾਂ ’ਤੇ ਲਿਆਉਣ ਵਾਸਤੇ ਭਾਸ਼ਾ ਵਿਭਾਗ ਨੇ ਨਵੀਂ ਵੈੱਬਸਾਈਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ 1500 ਪੁਸਤਕਾਂ ਵਿੱਚੋਂ 400 ਦੇ ਕਰੀਬ ਪੁਸਤਕਾਂ ਨੂੰ ਵੈੱਬਸਾਈਟ ਉੱਤੇ ਅਪਲੋਡ ਕਰ ਦਿੱਤਾ ਗਿਆ ਹੈ। ਰਹਿੰਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਨੂੰ ਪੰਜ-ਛੇ ਕਰੋੜ ਦੇ ਕਰੀਬ ਰਾਸ਼ੀ ਮੁਹੱਈਆ ਕਰਾਉਣ ਲਈ ਪੱਤਰ ਲਿਖਿਆ ਹੈ।
ਸ੍ਰੀ ਜਫ਼ਰ ਅੱਜ ਬਨੂੜ ਦੇ ਸੰਧੂ ਫ਼ਾਰਮ ਵਿੱਚ ਨਾਮਵਰ ਸਮਾਜ ਸੇਵੀ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਟਰਾਈਸਿਟੀ ਦੀ ਐਲੂਮਨੀ ਕਮੇਟੀ ਵੱਲੋਂ ਡਾ. ਜਸਵੰਤ ਜਫ਼ਰ ਦੇ ਸਨਮਾਨ ਵਿਚ ਕਰਾਏ ਸਨਮਾਨ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਕੋਲ 87 ਦੇ ਕਰੀਬ ਅਣਛਪੇ ਖਰੜੇ ਪਏ ਹਨ, ਜਿਨ੍ਹਾਂ ਨੂੰ ਛਾਪਣ ਲਈ ਪਹਿਲਾਂ ਚੱਲ ਰਹੀ ਤਰਕੀਬ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਦਫ਼ਤਰੀ ਕੰਮ ਕਾਜ ਵਿਚ ਵਰਤੋਂ ਯਕੀਨੀ ਬਣਾਉਣ ਲਈ ਭਾਸ਼ਾ ਵਿਭਾਗ ਵੱਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ। ਇਸ ਮੌਕੇ ਹੋਏ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਦੇਵ ਇੰਜਨੀਅਰਿੰਗ ਦੇ ਕਾਲਜ ਦੇ ਇੰਜਨੀਅਰਿੰਗ ਗੈਰੂਜੇਏਟ ਮੌਜੂਦ ਸਨ, ਜਿਹੜੇ ਕਿ ਵੱਖ-ਵੱਖ ਵਿਭਾਗਾਂ ਤੋਂ ਗਜ਼ਟਿਡ ਪੋਸਟਾਂ ਤੋਂ ਸੇਵਾਮੁਕਤ ਹੋ ਚੁੱਕੇ ਹਨ।
ਜੀਐਨਈ ਲੁਧਿਆਣਾ ਦੀ ਐਲੂਮਨੀ ਦੇ ਪ੍ਰਧਾਨ ਤੇ ਪੰਜਾਬ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਰਜਨ ਐਵਾਰਡੀ ਓਲੰਪੀਅਨ ਗੁਰਵੀਰ ਸਿੰਘ ਸੰਧੂ, ਉੱਘੇ ਵਿਦਵਾਨ ਡਾ. ਦੀਪਕ ਮਨਮੋਹਨ ਸਿੰਘ, ਐਸਐਮਐਸ ਸੰਧੂ, ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਅਤੇ ਜਸਬੀਰ ਡਾਬਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਜਸਵੰਤ ਜਫ਼ਰ ਦਾ ਸਨਮਾਨ ਕੀਤਾ। ਇਸ ਮੌਕੇ ਕਰਨਲ ਰਣਜੀਤ ਖਹਿਰਾ ਤੇ ਐੱਸਐੱਸਐੱਮ ਸੰਧੂ ਨੇ ਰਚਨਾਵਾਂ ਵੀ ਸੁਣਾਈਆਂ।