ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿੰਦਗੀ ਦਾ ਪਹੀਆ ਮੁੜ ਲੀਹ ’ਤੇ ਲਿਆਉਣ ਲਈ ਚਾਰਾਜੋਈ ਜਾਰੀ

09:01 AM Jul 12, 2023 IST
ਕਾਲੋਮਾਜਰਾ ਦੇ ਮੁੱਢਲਾ ਸਿਹਤ ਕੇਂਦਰ ਵਿੱਚ ਖਡ਼੍ਹਾ ਮੀਂਹ ਦਾ ਪਾਣੀ।

ਕਰਮਜੀਤ ਸਿੰਘ ਚਿੱਲਾ
ਬਨੂੜ, 11 ਜੁਲਾਈ
ਪਾਵਰਕੌਮ ਦੀ ਬਨੂੜ ਉਪਮੰਡਲ ਦੇ ਮੋਹੀ ਕਲਾਂ ਗਰਿੱਡ ਅਧੀਨ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚ ਐਤਵਾਰ ਸਵੇਰੇ ਚਾਰ ਵਜੇ ਦੀ ਠੱਪ ਹੋਈ ਬਿਜਲੀ ਸਪਲਾਈ ਅਜੇ ਤੱਕ ਬਹਾਲ ਨਹੀਂ ਹੋ ਸਕੀ ਹੈ। ਤਕਰੀਬਨ 60 ਘੰਟੇ ਤੋਂ ਵੱਧ ਸਮੇਂ ਤੋਂ ਇਨ੍ਹਾਂ ਸਾਰੇ ਪਿੰਡਾਂ ਵਿੱਚ ਬਲੈਕ ਆਊਟ ਹੈ ਅਤੇ ਬਿਜਲੀ ਦੀ ਅਣਹੋਂਦ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਪਈ ਹੈ। ਪਿੰਡਾਂ ਦੇ ਵਸਨੀਕ ਤਰਾਹ-ਤਰਾਹ ਕਰ ਰਹੇ ਹਨ ਅਤੇ ਪਸ਼ੂ ਵੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਹੀ ਕਲਾਂ ਬਿਜਲੀ ਗਰਿੱਡ ਵਿੱਚ ਸ਼ਨਿਚਰਵਾਰ ਦੇਰ ਰਾਤ ਪਾਣੀ ਭਰ ਗਿਆ ਤੇ ਚਾਰ ਵਜੇ ਤੱਕ ਗਰਿੱਡ ਵਿੱਚ ਪੰਜ-ਪੰਜ ਫੁੱਟ ਤੱਕ ਪਾਣੀ ਜਮ੍ਹਾਂ ਹੋਣ ਨਾਲ ਸਮੁੱਚੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਗਰਿੱਡ ਅਧੀਨ ਪੈਂਦੇ ਪਿੰਡ ਮੋਹੀ ਕਲਾਂ, ਮੋਹੀ ਖੁਰਦ, ਖਲੌਰ, ਕਾਲੋਮਾਜਰਾ, ਬੂਟਾ ਸਿੰਘ ਵਾਲਾ, ਬਾਸਮਾਂ, ਬੁੱਢਣਪੁਰ, ਲੂੰਹਡ, ਝੱਜੋਂ, ਖੇੜੀਗੁਰਨਾ, ਨੰਦਗੜ੍ਹ, ਘੜਾਮਾ ਕਲਾਂ, ਘੜਾਮਾਂ ਖੁਰਦ, ਰਾਮਪੁਰ, ਬਲਮਾਜਰਾ, ਜਲਾਲਪੁਰ, ਗਾਰਦੀਨਗਰ, ਥੂਹਾ, ਨੇਪਰਾਂ ਅਤੇ ਆਲਮਗੀਰ ਦੇ ਵਸਨੀਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ-ਪਾਣੀ ਨੂੰ ਬਹਾਲ ਕਰਾਉਣ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ।
ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਪਾਵਰਕੌਮ ਦਾ ਐਸਡੀਓ ਤੇ ਹੋਰ ਅਧਿਕਾਰੀ ਉਨ੍ਹਾਂ ਦੇ ਫ਼ੋਨ ਵੀ ਨਹੀਂ ਚੁੱਕ ਰਹੇ ਅਤੇ ਬਿਜਲੀ ਤੇ ਪਾਣੀ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਘਰੇਲੂ ਸਬਮਰਸੀਬਲ ਨਲਕੇ ਵੀ ਬਿਜਲੀ ਨਾ ਹੋਣ ਕਾਰਨ ਨਹੀਂ ਚੱਲ ਰਹੇ ਅਤੇ ਮੋਬਾਈਲ ਵੀ ਚਾਰਜ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਮੀਂਹ ਦਾ ਪਾਣੀ ਪਿਲਾਉਣ ਲਈ ਮਜਬੂਰ ਹਨ ਤੇ ਰਾਤ ਸਮੇਂ ਹਨੇਰੇ ਕਾਰਨ ਹਾਦਸੇ ਵਾਪਰਨ ਦਾ ਵੀ ਡਰ ਹੈ। ਉਨ੍ਹਾਂ ਬਿਜਲੀ ਸਪਲਾਈ ਬਹਾਲ ਨਾ ਹੋਣ ਦੀ ਸੂਰਤ ਵਿੱਚ ਜਾਮ ਦੀ ਚਿਤਾਵਨੀ ਦਿੱਤੀ ਹੈ।
ਇਸੇ ਦੌਰਾਨ ਇਸ ਖੇਤਰ ਦੀਆਂ ਕਈਂ ਸਿਹਤ ਸੰਸਥਾਵਾਂ ਤੇ ਸਕੂਲਾਂ ਵਿੱਚ ਹਾਲੇ ਵੀ ਪਾਣੀ ਭਰਿਆ ਖੜ੍ਹਿਆ ਹੈ। ਦਰਜਨਾਂ ਪਿੰਡਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਪੀਐੱਚਸੀ ਕਾਲੋਮਾਜਰਾ ਦੇ ਸਮੁੱਚੇ ਅਹਾਤੇ ਵਿੱਚ ਪਾਣੀ ਭਰਨ ਕਾਰਨ ਮਰੀਜ਼ ਪਾਣੀ ਵਿੱਚੋਂ ਲੰਘ ਕੇ ਦਵਾਈ ਲੈਣ ਜਾਂਦੇ ਹਨ।
ਇੱਥੋਂ ਦੇ ਡਾਕਟਰਾਂ, ਨਰਸਾਂ ਤੇ ਸਟਾਫ਼ ਨੂੰ ਹਸਪਤਾਲ ਦੇ ਅੰਦਰ ਪਹੁੰਚਣ ਲਈ ਹਸਪਤਾਲ ਦੀ ਐਂਬੂਲੈਂਸ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪਿੰਡ ਫੌਜੀ ਕਲੋਨੀ, ਗੋਬਿੰਦਗੜ੍ਹ ਤੇ ਹੋਰ ਕਈਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ, ਪਸ਼ੂ ਹਸਪਤਾਲ ਬਨੂੜ ਦੇ ਅਹਾਤੇ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ।
ਪਾਵਰਕੌਮ ਦੀ ਬਨੂੜ ਸਬਡਿਵੀਜ਼ਨ ਦਾ ਕਾਰਜਭਾਰ ਦੇਖ ਰਹੇ ਜੇਈ-ਇੱਕ ਰਾਕੇਸ਼ ਨੰਦਾ ਨੇ ਦੱਸਿਆ ਕਿ ਮੋਹੀ ਗਰਿੱਡ ਨੂੰ ਚਾਲੂ ਕਰਨ ਦਾ ਕੰਮ ਨਿਰੰਤਰ ਜਾਰੀ ਹੈ। ਸਾਰੇ ਸਾਮਾਨ ਦੀ ਸਫ਼ਾਈ ਕਰਕੇ ਸੁਕਾ ਲਿਆ ਗਿਆ ਹੈ ਤੇ ਲਾਈਨਾਂ ਚਾਲੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁੱਝ ਸਮੇਂ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਨੂੜ ਤੋਂ ਜ਼ੀਰਕਪੁਰ ਅਤੇ ਸ਼ਹਿਰ ਦੇ ਕੁੱਝ ਹਿੱਸਿਆਂ ਨੂੰ ਜਾਂਦੀ ਬਿਜਲੀ ਸਪਲਾਈ ਵੀ ਜਲਦੀ ਹੀ ਚਾਲੂ ਹੋ ਜਾਵੇਗੀ।

Advertisement

 

ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਆਵਾਜਾਈ ਬਹਾਲ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਟਰੈਫਿਕ ਐਡਵਾਇਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਅੰਬਾਲਾ-ਚੰਡੀਗੜ੍ਹ ਹਾਈਵੇਅ, ਬਰਾਸਤਾ-ਡੇਰਾਬਸੀ ਐੱਸਯੂਵੀ ਅਤੇ ਭਾਰੀ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਦੋਂ ਕਿ ਹਲਕੇ ਵਾਹਨਾਂ ਲਈ ਅੰਬਾਲਾ ਤੋਂ ਬਲਦੇਵ ਨਗਰ-ਪੰਜੋਖਰਾ ਸਾਹਿਬ-ਜਟਵਾੜ ਅਤੇ ਬਰਵਾਲਾ ਰਸਤੇ ਪੰਚਕੂਲਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਪੰਜਾਬ-ਅੰਬਾਲਾ-ਦਿੱਲੀ ਲਈ ਨੈਸ਼ਨਲ ਹਾਈਵੇਅ-44/ਜੀਟੀ ਰੋਡ ’ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਹਾ ਚੌਕ ਵਿਚ ਭਾਰੀ ਮਾਤਰਾ ਵਿਚ ਪਾਣੀ ਇਕੱਠਾ ਹੋਣ ਕਰਕੇ ਪੰਚਕੂਲਾ-ਸ਼ਾਹਬਾਦ ਵਿਚਕਾਰ ਆਵਾਜਾਈ ਸ਼ੁਰੂ ਨਹੀਂ ਹੋਈ ਅਤੇ ਪਾਣੀ ਭਰਨ ਕਾਰਨ ਅੰਬਾਲਾ-ਕੈਥਲ-ਹਿਸਾਰ ਹਾਈਵੇਅ ਫਿਲਹਾਲ ਬੰਦ ਰਹੇਗਾ।

Advertisement

ਖਮਾਣੋਂ ਦੇ ਪਿੰਡਾਂ ’ਚ ਹੜ੍ਹ ਵਰਗੇ ਹਾਲਾਤ ਬਣੇ
ਖਮਾਣੋਂ (ਜਗਜੀਤ ਕੁਮਾਰ): ਪਿਛਲੇ ਦਨਿਾਂ ਤੋਂ ਖਮਾਣੋਂ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਖਮਾਣੋਂ ਨੇੜਲੇ ਮਨਸੂਰਪੁਰ, ਮਨੈਲਾ, ਧਨੌਲਾ ਪਿੰਡ ਦੇ ਨਾਲ ਲਗਦੇ ਖੇਤ ਪਾਣੀ ਨਾਲ ਬਿਲਕੁਲ ਭਰ ਚੁੱਕੇ ਹਨ ਅਤੇ ਝੋਨੇ ਦੀ ਫ਼ਸਲ ਤਬਾਹ ਹੋ ਚੁੱਕੀ ਹੈ। ਮਨਸੂਰਪੁਰ ਰੋਡ ਦੇ ਵਸਨੀਕ ਮੁਹੰਮਦ ਜਮੀਲ, ਹਰੀਸ਼ ਕੁਮਾਰ ਖਮਾਣੋਂ, ਗੋਰਾ ਪੰਡਤ, ਹਰਦੀਪ ਸਿੰਘ, ਪਰਦੀਪ ਸਿੰਘ ਅਤੇ ਨਾਇਬ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਸੜਕ ਨੂੰ ਚੌੜੀ ਤਾਂ ਕਰ ਦਿੱਤਾ ਗਿਆ ਹੈ ਪਰ ਸੜਕ ਉੱਚੀ ਹੋਣ ਕਾਰਨ ਤੇ ਇਸ ਦੇ ਹੇਠਾਂ ਪਾਣੀ ਦੇ ਨਿਕਾਸ ਲਈ ਲੋੜ ਅਨੁਸਾਰ ਪੁਲੀਆਂ ਨਾ ਬਣਾਉਣ ਕਾਰਨ ਬਰਸਾਤੀ ਪਾਣੀ ਦਾ ਵਹਾਅ ਬਿਲਕੁਲ ਰੁਕ ਗਿਆ ਹੈ। ਪਿੰਡ ਹਵਾਰਾ, ਭਾਂਬਰੀ, ਠੀਕਰੀਵਾਲ, ਰਿਆ, ਅਮਰਾਲਾ, ਰਾਣਵਾਂ, ਭਾਮੀਆਂ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਸੀਨੀਅਰ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਿੰਸੀਪਲ ਸਕੱਤਰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਲਾਕ ਖਮਾਣੋਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਛੋਟੇ ਵਾਹਨਾਂ ਲਈ ਖੋਲ੍ਹੀਆਂ ਮੋਰਨੀ ਵੱਲ ਜਾਂਦੀਆਂ ਦੋਵੇਂ ਸੜਕਾਂ
ਪੰਚਕੂਲਾ (ਪੀਪੀ ਵਰਮਾ): ਪਿਛਲੇ ਤਿੰਨ ਦਨਿਾਂ ਤੋਂ ਪੰਚਕੂਲਾ ਨਾਲ ਮੁਕੰਮਲ ਤੌਰ ’ਤੇ ਕੱਟ ਚੁੱਕੇ ਮੋਰਨੀ ਦੀਆਂ ਅੱਜ ਦੋਵੇਂ ਮੁੱਖ ਸੜਕਾਂ ਹਲਕੇ ਵਾਹਨਾਂ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਭਾਰੀ ਮੀਂਹ ਕਾਰਨ ਪਹਾੜਾਂ ਤੋਂ ਵਹਿ ਕੇ ਆਏ ਮਲਬੇ ਕਾਰਨ ਮੋਰਨੀ-ਪੰਚਕੂਲਾ ਮੁੱਖ ਮਾਰਗ ਅਤੇ ਮੋਰਨੀ-ਰਾਏਪੁਰਰਾਣੀ ਮਾਰਗ ਬੰਦ ਹੋ ਗਏ ਸਨ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਜੇ ਵੀ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ। ਅੱਜ ਐੱਨਡੀਆਰਐੱਫ ਦੀਆਂ ਟੀਮਾਂ ਨੇ ਕਈ ਲੋਕਾਂ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਪ੍ਰਸ਼ਾਸਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੌਸ਼ੱਲਿਆ ਡੈਮ ਅੱਜ ਚੌਥੇ ਦਨਿ ਵੀ ਖ਼ਤਰੇ ਦੇ ਨਿਸ਼ਾਨ ’ਤੇ ਰਿਹਾ। ਪਹਾੜਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਡੈਮ ਦੇ ਛੇ ਗੇਟ ਅੱਜ ਖੋਲ੍ਹ ਦਿੱਤੇ ਗਏ, ਜਿਸ ਕਾਰਨ ਕੁਸ਼ੱਲਿਆ ਡੈਮ ਦਾ ਪਾਣੀ ਘੱਗਰ ਨਦੀ ਵਿੱਚ ਤਬਾਹੀ ਮਚਾ ਰਿਹਾ ਹੈ। ਐੱਨਡੀਆਰਐੱਫ ਦੀ ਟੀਮ ਨੇ ਅੱਜ ਬਰਵਾਲਾ ਅਤੇ ਰਾਮਗੜ੍ਹ ਸੜਕ ਕੋਲ ਵਹਿੰਦੇ ਨਦੀ ਨਾਲਿਆਂ ਵਿੱਚ ਫਸੇ ਲੋਕਾਂ ਨੂੰ ਕੱਢਿਆ, ਜਨਿ੍ਹਾਂ ਵਿੱਚ ਵਧੇਰੇ ਪਰਵਾਸੀ ਕਾਮੇ ਸ਼ਾਮਲ ਹਨ। ਪੰਚਕੂਲਾ ਵਿੱਚ ਅੱਜ ਚੌਥੇ ਦਨਿ ਵੀ ਬੱਦਲ ਛਾਏ ਰਹੇ ਅਤੇ ਜਨ-ਜੀਵਨ ਹੌਲੀ ਹੌਲੀ ਲੀਹ ’ਤੇ ਪਰਤ ਰਿਹਾ ਹੈ। ਹਰਿਆਣਾ ਦੇ ਸਿੱਖਿਆ ਵਿਭਾਗ ਨੇ 12 ਜੁਲਾਈ ਤੱਕ ਸਕੂਲ ਬੰਦ ਰੱਖਣ ਲਈ ਕਿਹਾ ਹੋਇਆ ਹੈ। ਮੀਂਹ ਕਾਰਨ ਮੋਰਨੀ ਦੇ ਪਿੰਡਾਂ ਅਤੇ ਢਾਣੀਆਂ ਵਿੱਚ ਹੁਣ ਤੱਕ 10 ਤੋਂ ਵੱਧ ਪਰਿਵਾਰਾਂ ਦੇ ਮਕਾਨ ਢਿੱਗ ਚੁੱਕੇ ਹਨ।

ਪਾਣੀ ਦਾ ਪੱਧਰ ਘਟਿਆ ਪਰ ਲੋਕਾਂ ਦੀਆਂ ਸਮੱਸਿਆਵਾਂ ਬਰਕਰਾਰ
ਕੁਰਾਲੀ (ਮਿਹਰ ਸਿੰਘ): ਕਈ ਦਨਿਾਂ ਦੀ ਅੱਜ ਬਾਰਿਸ਼ ਤੋਂ ਬਾਅਦ ਅੱਜ ਭਾਵੇਂ ਮੌਸਮ ਸਾਫ਼ ਹੋਇਆ ਪਰ ਕਈ ਦਨਿਾਂ ਦੀ ਬਾਰਿਸ਼ ਖੇਤਰ ਦੇ ਵਸਨੀਕਾਂ ਲਈ ਅਨੇਕਾਂ ਸਮੱਸਿਆਵਾਂ ਛੱਡ ਗਿਆ ਹੈ। ਸ਼ਹਿਰ ਦੇ ਕਈ ਰਿਹਾਇਸ਼ੀ ਖੇਤਰਾਂ ਵਿੱਚੋਂ ਪਾਣੀ ਦਾ ਪੱਧਰ ਘੱਟ ਹੋਇਆ ਹੈ ਪਰ ਕਈ ਕਲੋਨੀਆਂ ਹਾਲੇ ਵੀ ਬਰਸਾਤੀ ਪਾਣੀ ਵਿੱਚ ਘਿਰੀਆਂ ਹੋਈਆਂ ਹਨ। ਇਲਾਕੇ ਦੇ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਜਦਕਿ ਸ਼ਹਿਰ ਦੇ ਦੋਵੇਂ ਰੇਲਵੇ ਅੰਡਰ ਬਰਿੱਜਾਂ ਵਿੱਚ ਭਰੇ ਪਾਣੀ ਕਾਰਨ ਸ਼ਹਿਰ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਸ਼ਹਿਰ ਦੀ ਸਿੰਘਪੁਰਾ ਰੋਡ, ਮੋਰਿੰਡਾ ਰੋਡ ਅਤੇ ਸੱਸਵਾਂ ਰੋਡ ਦੀਆਂ ਕਈ ਕਲੋਨੀਆਂ ਅਜੇ ਵੀ ਪਾਣੀ ਵਿੱਚ ਡੱਬੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੀ ਅਨਾਜ ਮੰਡੀ ਸਮੇਤ ਕਈ ਰਿਹਾਇਸ਼ੀ ਕਲੋਨੀਆਂ ਨੂੰ ਜੋੜਨ ਵਾਲੀ ਰੇਲਵੇ ਲਾਈਨ ਅਤੇ ਬਡਾਲੀ ਰੋਡ ’ਤੇ ਬਣੇ ਰੇਲਵੇ ਅੰਡਰਬ੍ਰਿਜ ਪਾਣੀ ਨਾਲ ਨੱਕੋ ਨੱਕ ਭਰੇ ਹੋਏ ਹਨ ਅਤੇ ਦੋਵੇਂ ਅੰਡਰਬ੍ਰਿੱਜ ਆਵਾਜਾਈ ਲਈ ਬੰਦ ਕੀਤੇ ਹਨ। ਦੋਵੇਂ ਅੰਡਰਬ੍ਰਿੱਜਾਂ ਬੰਦ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਜਰੀ ਬਲਾਕ ਦੇ ਕਰੀਬ ਡੇਢ ਦਰਜਨ ਪਿੰਡਾਂ ਦੀਆਂ ਸੜਕਾਂ ਹੜ੍ਹ ਦੀ ਭੇਟ ਚੜ੍ਹ ਗਈਆਂ ਹਨ।

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ‘ਆਪ’ ਵਿਧਾਇਕ

ਵਿਧਾਇਕ ਲਖਵੀਰ ਸਿੰਘ ਰਾਏ ਖੁਦ ਟਰੈਕਟਰ ਚਲਾ ਕੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਸੁਰੱਖਿਅਤ ਥਾਂ ਵੱਲ ਲਿਜਾਂਦੇ ਹੋਏ। -ਫੋਟੋ: ਸੂਦ

ਫ਼ਤਹਿਗੜ੍ਹ ਸਾਹਿਬ: ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਿਧਾਇਕ ਲਖਵੀਰ ਸਿੰਘ ਰਾਏ ਆਪਣੀ ਟੀਮ ਨਾਲ ਡਟੇ ਹੋਏ ਹਨ। ਅੱਜ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਅਤੇ ਹੋਰ ਅਧਿਕਾਰੀਆਂ ਨੇ ਪਿੰਡਾਂ ਅਤੇ ਸ਼ਹਿਰਾਂ ਦਾ ਜਾਇਜ਼ਾ ਲਿਆ। ਵਿਧਾਇਕ ਰਾਏ ਨੇ ਆਪਣੇ ਜੋਤੀ ਸਰੂਪ ਮੋੜਾਂ ’ਤੇ ਸਥਿਤ ਦਫਤਰ ਵਿੱਚ ਬੈਠ ਕੇ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ ਅਤੇ ਖੁਦ ਟਰੈਕਟਰ ਚਲਾ ਕੇ ਘਰਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿਚ ਮਦਦ ਕੀਤੀ। ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਹਤ ਕਾਰਜਾਂ ਲਈ ਦੋ ਅਧਿਕਾਰੀਆਂ ਸਮੇਤ ਫ਼ੌਜ ਦੇ 65 ਜਵਾਨ ਪਟਿਆਲਾ ਤੋਂ ਇਥੇ ਆਏ ਹਨ। ਇਸੇ ਤਰ੍ਹਾਂ ਬਠਿੰਡੇ ਤੋਂ ਆਈ ਐੱਨਡੀਆਰਐੱਫ ਦੀ 25 ਮੈਂਬਰੀ ਟੀਮ ਰਾਹਤ ਕਾਰਜਾਂ ਵਿਚ ਲੱਗੀ ਹੋਈ ਹੈ, ਜਿਸ ਨੇ ਪਿੰਡ ਮਹੱਦੀਆਂ ਵਿੱਚੋਂ 30 ਦੇ ਕਰੀਬ ਲੋਕਾਂ ਨੂੰ ਬਾਹਰ ਕੱਢਿਆ ਹੈ। -ਨਿੱਜੀ ਪੱਤਰ ਪ੍ਰੇਰਕ
ਲਾਲੜੂ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਦੇ ਇੱਕ ਪੈਲੇਸ ਤੋਂ ਲਾਲੜੂ ਅਤੇ ਹੰਡੇਸਰਾ ਸਰਕਲ ਵਿੱਚ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ। ਇਸ ਦੌਰਾਨ ਉਨ੍ਹਾਂ ਕੁਦਰਤੀ ਆਫਤਾਂ ਵਿੱਚ ਲੋਕਾਂ ਦੇ ਜਾਣ ਮਾਲ ਦੀ ਰੱਖਿਆ ਕਰਨ ਵਾਲੀ ਐਨਡੀਆਰਐਫ ਦੀ ਟੀਮ ਦਾ ਵੀ ਧੰਨਵਾਦ ਵੀ ਕੀਤਾ। ਰਾਹਤ ਸਮੱਗਰੀ ਨੂੰ ਰਵਾਨਾ ਕਰਦਿਆਂ ਸ੍ਰੀ ਰੰਧਾਵਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਫਸੇ ਲੋਕਾਂ ਲਈ ਪੀਣ ਵਾਲੇ ਪਾਣੀ ਅਤੇ ਹੋਰ ਖਾਣ ਦੀਆਂ ਵਸਤਾਂ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਈ ਜਾਵੇ।

ਪਿੰਡ ਪਲਹੇੜੀ ਤੋਂ ਰੁੜਕੀ ਜਾਂਦੀ ਸੜਕ ’ਤੇ ਬਣਿਆ ਪੁਲ ਟੁੱਟਿਆ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਭਾਰੀ ਮੀਂਹ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਦੀਆਂ ਸਿੱਸਵਾਂ, ਪਟਿਆਲਾ ਕੀ ਰਾਉ ਨਵਾਂ ਗਾਉਂ, ਜੈਯੰਤੀ ਮਾਜਰੀ ਤੋਂ ਨਿਕਲਦੀ ਮੁੱਲਾਂਪੁਰ ਗਰੀਬਦਾਸ ਵਾਲੀ ਨਦੀ ਵਿੱਚ ਆਏ ਭਾਰੀ ਮਾਤਰਾ ਵਿੱਚ ਪਾਣੀ ਨੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਪੈਂਦੀਆਂ ਨਦੀਆਂ ’ਤੇ ਬਣੇ ਸਾਇਫਨ ਟੁੱਟ ਰਹੇ ਹਨ। ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਪਲਹੇੜੀ ਤੋਂ ਰੁੜਕੀ ਜਾਣ ਵਾਲੀ ਸੜਕ ਉਤੇ ਨਦੀ ਉਤੇ ਬਣਿਆ ਪੁਲ ਟੁੱਟ ਗਿਆ ਹੈ। ਇਸ ਪੁਲ ਉਤੋਂ ਦਰਜਨਾਂ ਪਿੰਡਾਂ ਦੇ ਲੋਕ ਵਾਇਆ ਤਿਊੜ ਰਾਹੀਂ ਹੋ ਕੇ ਕੁਰਾਲੀ ਤੇ ਖਰੜ ਨੂੰ ਆਉਂਦੇ-ਜਾਂਦੇ ਰਹਿੰਦੇ ਸਨ, ਜਨਿਾਂ ਲਈ ਭਾਰੀ ਮੁਸ਼ਕਲ ਪੈਦਾ ਹੋ ਗਈ ਹੈ। ਇਸੇ ਤਰ੍ਹਾਂ ਨਿਊ ਚੰਡੀਗੜ੍ਹ ਦੇ ਟਰੇਡ ਟਾਵਰਾਂ ਤੋਂ ਉਮੈਕਸ ਰਾਣੀ ਮਾਜਰਾ ਵੱਲ ਜਾਂਦੀ ਸੜਕ ਖਸਤਾ ਹਾਲ ਹੋ ਗਈ ਹੈ। ਪਿੰਡ ਤੋਗਾਂ ਤੋਂ ਪਿੰਡ ਡੱਡੂਮਾਜਰਾ ਜਾਣ ਵਾਲੇ ਕਾਜਵੇਅ ਦਾ ਵੀ ਮੰਦਾ ਹਾਲ ਹੈ। ਨਗਰ ਕੌਂਸਲ ਨਵਾਂ ਗਾਉਂ ਨੇੜਲੇ ਪਿੰਡ ਕਾਨੇ ਦਾ ਵਾੜਾ, ਪ੍ਰੇਮਪੁਰਾ, ਟਾਂਡਾ, ਟਾਂਡੀ ਵਾਲੀ ਸੜਕ ’ਤੇ ਕੋਈ ਪੁਲ ਨਾ ਹੋਣ ਕਾਰਨ ਬਰਸਾਤੀ ਪਾਣੀ ਨੇ ਰਾਹ ਬੰਦ ਕਰ ਦਿੱਤੇ ਹਨ। ਪਿੰਡ ਜੈਯੰਤੀ ਮਾਜਰੀ ਤੋਂ ਗੁੜਾ, ਕਸੌਲੀ ਵੱਲ ਜਾਣ ਵਾਲੀ ਨਦੀ ’ਤੇ ਸਾਇਫਨ ਵੀ ਟੁੱਟ ਗਿਆ ਹੈ। ਲੋਕਾਂ ਨੇ ਸਰਕਾਰ ਤੋਂ ਪਹਿਲ ਦੇ ਆਧਾਰ ’ਤੇ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਨਦੀਆਂ ’ਤੇ ਸਾਇਫਨ ਦੀ ਥਾਂ ਉੱਚੇ ਪੁਲ ਬਣਾਉਣ ਦੀ ਮੰਗ ਕੀਤੀ ਹੈ।

ਮੰਤਰੀ ਹਰਜੋਤ ਬੈਂਸ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ।

ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਣ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਜਾਨ, ਮਾਲ ਦੀ ਸੁਰੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਅਧਿਕਾਰੀ ਸੜਕਾਂ ਦੀ ਮੁਰੰਮਤ ਨਿਰਵਿਘਨ ਬਿਜਲੀ ਦੇ ਜਲ ਸਪਲਾਈ, ਖਾਣ-ਪੀਣ ਵਾਲਿਆਂ ਵਸਤੂਆਂ, ਪਾਣੀ ਦੀ ਨਿਕਾਸੀ, ਸਿਹਤ ਸਹੂਲਤਾਂ, ਸਾਫ਼-ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ ਤਾਂ ਕਿ ਆਮ ਜਨ ਜੀਵਨ ਜਲਦੀ ਬਹਾਲ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਚੰਦਪੁਰ, ਗੱਜਪੁਰ, ਬੁਰਜ, ਹਰੀਵਾਲ, ਲੋਦੀਪੁਰ, ਢੇਰ, ਖਮੇੜਾ ਅਤੇ ਮਹੈਣ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸਡੀਐੱਮ ਮਨੀਸ਼ਾ ਰਾਣਾ, ਡੀਐੱਸਪੀ ਅਜੈ ਸਿੰਘ ਵੀ ਮੌਜੂਦ ਸਨ।

Advertisement
Tags :
ਚਾਰਾਜੋਈਜਾਰੀਜ਼ਿੰਦਗੀਪਹੀਆਲਿਆਉਣ