ਐੱਚਐੱਸਜੀਪੀਸੀ ਦੇ ਪ੍ਰਧਾਨ ਲਈ ਕੋਸ਼ਿਸ਼ ਜਾਰੀ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 28 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਅੱਜ ਕਮੇਟੀ ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਮੈਂਬਰਾਂ ਨੇ ਸ਼ਹਿਰ ਦੇ ਅੰਬਾਲਾ ਰੋਡ ’ਤੇ ਸਥਿਤ ਨਿੱਜੀ ਪੈਲੇਸ ਵਿੱਚ ਮੀਟਿੰਗ ਕੀਤੀ । ਇਹ ਮੀਟਿੰਗ ਲਗਾਤਾਰ ਪੰਜ ਘੰਟੇ ਚੱਲੀ ਪਰ ਇਸ ਮੀਟਿੰਗ ਵਿੱਚ ਪ੍ਰਧਾਨ ਦੇ ਅਹੁਦੇ ਦੀ ਚੋਣ ਸਬੰਧੀ ਮਾਮਲਾ ਹੱਲ ਨਹੀਂ ਹੋ ਸਕਿਆ। ਹਾਲਾਂਕਿ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਬਣਾਏ ਗਏ ਅਕਾਲ ਪੰਥਕ ਮੋਰਚੇ ਵਿੱਚ 25 ਮੈਂਬਰ ਹਨ। ਮੀਟਿੰਗ ਵਿੱਚ 19 ਮੈਂਬਰ ਸ਼ਾਮਲ ਹੋਏ। ਇਸ ਤੋਂ ਪਹਿਲਾਂ ਇਨ੍ਹਾਂ ਮੈਂਬਰਾਂ ਨੇ ਸਿਰਸਾ ਵਿੱਚ ਵੀ ਮੀਟਿੰਗ ਕੀਤੀ ਸੀ। ਮੀਟਿੰਗ ਮਗਰੋਂ ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਪਿਛਲੀ ਮੀਟਿੰਗ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 25 ਮੈਂਬਰ ਹਨ। ਉਨ੍ਹਾਂ ਹੋਰਾਂ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਵੀ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿ ਜੋ ਅਕਾਲ ਪੰਥ ਦਲ ਬਣਿਆ ਹੈ , ਉਸ ਵਿੱਚ ਸਾਰੇ ਮੈਂਬਰ ਇਕੱਠੇ ਹੋ ਜਾਣ।