ਕੇਂਦਰ ਅਤੇ ਮਨੀਪੁਰ ਸਰਕਾਰ ਖ਼ਿਲਾਫ਼ ਪੁਤਲੇ ਫੂਕ ਮੁਜ਼ਾਹਰੇ
ਗੁਰਿੰਦਰ ਸਿੰਘ
ਲੁੁਧਿਆਣਾ, 25 ਜੁਲਾਈ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਮਨੀਪੁਰ ਘਟਨਾਵਾਂ ਦੇ ਰੋਸ ਵਜੋਂ ਮਨੀਪੁਰ ਏਕਤਾ ਦਿਵਸ ਮਨਾਉਣ ਦੇ ਦਿੱਤੇ ਦੇਸ਼ ਵਿਆਪੀ ਸੱਦੇ ਤਹਿਤ ਵੱਖ ਵੱਖ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਮਨੀਪੁਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕਰਕੇ ਰਾਸ਼ਟਰਪਤੀ ਤੋਂ ਮਨੀਪੁਰ ਅਤੇ ਕੇਂਦਰ ਸਰਕਾਰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਹੈ।
ਅੱਜ ਦੇ ਪੁਤਲਾ ਫੂਕ ਮੁਜ਼ਾਹਰੇ ਦੌਰਾਨ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ, ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ, ਭਾਰਤ ਜਨ ਗਿਆਨ ਵਿਗਿਆਨ ਜੱਥਾ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ਾਲ ਰੈਲੀ ਵੀ ਕੱਢੀ ਗਈ, ਜਿਸ ਵਿੱਚ ਕੇਂਦਰ ਅਤੇ ਮਨੀਪੁਰ ਦੀ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਹਿੰਸਾ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਰਹਿਣ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਡੀਪੀ ਮੌੜ, ਡਾ. ਅਰੁਣ ਮਿੱਤਰਾ, ਐਮਐਸ ਭਾਟੀਆ, ਚਮਕੌਰ ਸਿੰਘ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ ਅਤੇ ਗੁਰਮੇਲ ਸਿੰਘ ਮੇਲਡੇ ਨੇ ਕਿਹਾ ਕਿ ਸੂਬਾ ਸਰਕਾਰ ਦੀ ਅਣਗਹਿਲੀ ਕਾਰਨ ਮਨੀਪੁਰ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋਏ ਹਨ। ਇਸ ਦੇ ਬਾਵਜੂਦ ਕਿ ਸਥਿਤੀ ਦਨਿੋ-ਦਨਿ ਵਿਗੜਦੀ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਇਨ੍ਹਾਂ ਹਾਲਾਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਿਆਂ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮਨੀਪੁਰ ਜਿਹਾ ਇੱਕ ਬਹੁਤ ਹੀ ਮਹੱਤਵਪੂਰਨ ਰਾਜ ਸੜ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰੇ ਵਿੱਚ ਮਸਤ ਸਨ।
ਇਸ ਤੋਂ ਪਹਿਲਾਂ ਵੱਖ ਵੱਖ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਪੰਜਾਬੀ ਭਵਨ ਤੋਂ ਮਨਿੀ ਸਕੱਤਰੇਤ ਤੱਕ ਰੋਸ ਮਾਰਚ ਕੀਤਾ ਅਤੇ ਦੋਹਾਂ ਸਰਕਾਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਨਿੋਦ ਕੁਮਾਰ, ਅਵਤਾਰ ਸਿੰਘ ਛਿੱਬਰ, ਡਾ: ਗੁਰਚਰਨ ਕੌਰ ਕੋਚਰ, ਕੁਸੁਮ ਲਤਾ, ਅੰਮਿ੍ਤਪਾਲ ਕੌਰ, ਹਰਬੰਸ ਸਿੰਘ ਗਿੱਲ, ਸਿਕੰਦਰ ਸਿੰਘ ਸਿੱਧੂ, ਬਾਪੂ ਬਲਕੌਰ ਸਿੰਘ ਗਿੱਲ, ਡਾ: ਬੀਐੱਸ ਔਲਖ ਅਤੇ ਮਲਕੀਤ ਸਿੰਘ ਮਾਲੜਾ ਆਦਿ ਵੀ ਹਾਜ਼ਰ ਸਨ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਪਿੰਡ ਝੜੌਦੀ ਵਿਖੇ ਮਨੀਪੁਰ ਵਿਖੇ ਵਾਪਰ ਰਹੀਆਂ ਘਟਨਾਵਾਂ ਖਿਲਾਫ਼ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਸੰਬੋਧਨ ਵਿਚ ਕਿਹਾ ਕਿ ਪਿਛਲੇ 90 ਦਨਿਾਂ ਤੋਂ ਮਨੀਪੁਰ ’ਚ 2 ਕਬਾਇਲੀ ਫਿਰਕਿਆਂ ਵਿਚ ਤਣਾਅ ਕੇਂਦਰ ਤੇ ਰਾਜ ਸਰਕਾਰ ਦੀਆਂ ਗੈਰ-ਜ਼ਿੰਮੇਵਾਰਨਾ ਕਾਰਵਾਈਆਂ ਕਾਰਨ ਇਸ ਕਗਾਰ ’ਤੇ ਪਹੁੰਚ ਗਿਆ ਕਿ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਅਤੇ ਬਨਿਾਂ ਕਿਸੇ ਡਰ ਤੋਂ ਵੀਡੀਓ ਬਣਾ ਕੇ ਵਾਈਰਲ ਕੀਤੀ ਗਈ। ਇਸ ਮੌਕੇ ਪ੍ਰਕਾਸ਼ ਸਿੰਘ ਉਦੋਵਾਲ, ਬਲਕਾਰ ਸਿੰਘ ਜੁਲਫ਼ਗੜ੍ਹ, ਚੰਦਰ ਮੋਹਨ ਮਾਛੀਵਾੜਾ, ਮਸਤਾ ਸਿੰਘ ਜੱਸੋਵਾਲ, ਸ਼ਾਮ ਸਿੰਘ ਰੂੜੇਵਾਲ ਆਦਿ ਹਾਜ਼ਰ ਸਨ।
ਜਗਰਾਉਂ ਦੀਆਂ ਸੜਕਾਂ ’ਤੇ ਗੂੰਜੇ ਨਾਅਰੇ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਮਨੀਪੁਰ ਦੀਆਂ ਧੀਆਂ ਨੂੰ ਨਿਰਵਸਤਰ ਕਰਕੇ ਪਰੇਡ ਕਰਵਾਉਣ ਮਗਰੋਂ ਬੇਪਤੀ ਕਰਨ ਦੇ ਰੋਸ ਵਜੋਂ ਅੱਜ ਜਗਰਾਉਂ ਦੀਆਂ ਸੜਕਾਂ ‘ਤੇ ਨਾਅਰੇ ਗੂੰਜੇ। ਕਮੇਟੀ ਪਾਰਕ ’ਚ ਰੈਲੀ ਮਗਰੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਰੋਸ ਮਾਰਚ ਕਰਕੇ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਰੋਸ ਮਾਰਚ ’ਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਰਹੀ ਜਨਿ੍ਹਾਂ ਮਨੀਪੁਰ ਦੇ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ। ਅਸਤੀਫ਼ਾ ਨਾ ਦੇਣ ਦੀ ਹਾਲਤ ‘ਚ ਪ੍ਰਧਾਨ ਮੰਤਰੀ ਪਾਸੋਂ ਮੁੱਖ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸਥਾਨਕ ਚਰਚ ਦੇ ਪਾਸਟਰ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਮਾਰਚ ‘ਚ ਸ਼ਾਮਲ ਹੋਏ। ਰੈਲੀ ਨੂੰ ਕੰਵਲਜੀਤ ਖੰਨਾ, ਪ੍ਰਿੰ. ਦਲਜੀਤ ਕੋਰ ਹਠੂਰ, ਪਾਸਟਰ ਐਲੀਸਨ, ਅਵਤਾਰ ਸਿੰਘ ਰਸੂਲਪੁਰ, ਗੁਰਮੇਲ ਸਿੰਘ ਰੂਮੀ ਨੇ ਸੰਬੋਧਨ ਕੀਤਾ।