ਲੀਚੀ ’ਤੇ ਪਿਆ ਬਦਲਦੇ ਮੌਸਮ ਦਾ ਅਸਰ
ਐੱਨਪੀ ਧਵਨ
ਪਠਾਨਕੋਟ, 8 ਜੂਨ
ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਲੀਚੀ ਕਾਸ਼ਤਕਾਰਾਂ ਵਿੱਚ ਨਿਰਾਸ਼ਾ ਦਾ ਆਲਮ ਛਾ ਗਿਆ ਹੈ। ਇੱਥੇ ਯੂਪੀ ਤੋਂ ਆਏ ਲੀਚੀ ਦੇ ਠੇਕੇਦਾਰਾਂ ਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਲੀਚੀ ਦਾ ਸਹੀ ਉਤਪਾਦਨ ਨਾ ਹੋਣ ’ਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਵਾਰ ਸਰਦੀ ਦਾ ਦੇਰ ਨਾਲ ਜਾਣਾ ਅਤੇ ਸਮੇਂ ’ਤੇ ਬਾਰਿਸ਼ ਨਾ ਹੋਣਾ ਅਤੇ ਹੁਣ ਉਸ ਦੇ ਬਾਅਦ ਅਤਿ ਦੀ ਗਰਮੀ ਦੇ ਹੋਣ ਨਾਲ ਲੀਚੀ ਦਾ ਆਕਾਰ ਛੋਟਾ ਰਹਿ ਗਿਆ ਹੈ ਅਤੇ ਉਹ ਫਟਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨੇ ਲੀਚੀ ਠੇਕੇਦਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਠਾਨਕੋਟ ਜ਼ਿਲ੍ਹੇ ਦੀ ਲੀਚੀ ਦੀ ਮੰਗ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਹੈ, ਜਿਸ ਦੇ ਚਲਦੇ ਯੂਪੀ ਤੋਂ ਆ ਕੇ ਹਰ ਸਾਲ ਠੇਕੇਦਾਰ ਮਹਿੰਗੇ ਭਾਅ ’ਤੇ 2 ਸਾਲ ਦਾ ਠੇਕਾ ਲੈ ਲੈਂਦੇ ਹਨ ਤਾਂ ਜੋ ਜੇਕਰ ਇੱਕ ਸਾਲ ਵਿੱਚ ਘੱਟ ਲੀਚੀ ਹੋਵੇ ਤਾਂ ਦੂਸਰੇ ਸਾਲ ਜ਼ਿਆਦਾ ਹੋਣ ਨਾਲ ਉਹ ਆਪਣੀ ਰਾਸ਼ੀ ਪੂਰੀ ਕਰ ਲੈਂਦੇ ਹਨ ਪਰ ਪਿਛਲੇ ਸਾਲ ਵੀ ਲੀਚੀ ਖਰਾਬ ਹੋਈ ਸੀ। ਜਿਸ ਦੇ ਚਲਦੇ ਠੇਕੇਦਾਰਾਂ ਨੂੰ ਨੁਕਸਾਨ ਝੱਲਣਾ ਪਿਆ ਸੀ। ਇਸ ਵਾਰ ਵੀ ਗਰਮੀ ਇਕਦਮ ਪੈਣ ਨਾਲ ਲੀਚੀ ਫਟ ਰਹੀ ਹੈ। ਹਾਲਾਂਕਿ ਬਾਗਬਾਨੀ ਵਿਭਾਗ ਦੇ ਅਧਿਕਾਰੀ ਬਾਗਬਾਨਾਂ ਨੂੰ ਲਗਾਤਾਰ ਸਿੰਜਾਈ ਕਰਨ ਦੀ ਸਲਾਹ ਦੇ ਰਹੇ ਹਨ ਤਾਂ ਜੋ ਲੀਚੀ ਖਰਾਬ ਨਾ ਹੋਵੇ ਪਰ ਗਰਮੀ ਦੀ ਤਪਸ਼ ਨੇ ਲੀਚੀ ਪਾਲਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਲੀਚੀ ਦੇ ਬਾਗ ਨੂੰ ਠੇਕੇ ’ਤੇ ਲੈਣ ਵਾਲੇ ਯੂਪੀ ਵਾਸੀ ਰਫੀ ਅਤੇ ਮੁਹੰਮਦ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਨੂੰ ਬੇਸ਼ੱਕ ਲੀਚੀ ਜ਼ੋਨ ਘੋਸ਼ਿਤ ਕਰ ਰੱਖਿਆ ਹੈ ਪਰ ਅਸਲ ਵਿੱਚ ਬਾਗਬਾਨਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਹਰ ਵਾਰ ਉਨ੍ਹਾਂ ਨੂੰ ਆਪਣੇ ਦਮ ’ਤੇ ਹੀ ਲੀਚੀ ਵੇਚਣੀ ਪੈਂਦੀ ਹੈ ਅਤੇ ਇਸ ਵਾਰ ਗਰਮੀ ਦੇ ਚਲਦੇ ਉਨ੍ਹਾਂ ਨੂੰ ਕਾਫੀ ਨੁਕਸਾਨ ਉਠਾਉਣਾ ਪਵੇਗਾ।