ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਮੁੜ ਖੁੱਲ੍ਹੇ
ਬਾਰਾਮੂਲਾ (ਜੰਮੂ-ਕਸ਼ਮੀਰ), 14 ਮਈ
ਕੰਟਰੋਲ ਰੇਖਾ ਦੇ ਨੇੜੇ ਸਥਿਤ ਜ਼ਿਲ੍ਹਿਆਂ ਨੂੰ ਛੱਡ ਕੇ ਕਸ਼ਮੀਰ ਵਾਦੀ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਬੁੱਧਵਾਰ ਨੂੰ ਮੁੜ ਖੁੱਲ੍ਹ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਵਿਚ ਸਕੂਲ ਅਤੇ ਕਾਲਜ ਇਕ ਹਫ਼ਤੇ ਲਈ ਬੰਦ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਘਾਟੀ ਵਿਚ ਹੋਰ ਥਾਵਾਂ ’ਤੇ ਸਕੂਲ ਮੰਗਲਵਾਰ ਨੂੰ ਖੁੱਲ੍ਹ ਗਏ ਸਨ।
ਬਾਰਾਮੂਲਾ ਦੇ ਇਕ ਵਿਦਿਆਰਥੀ ਤਾਲਿਬ ਡਾਰ ਨੇ ਕਿਹਾ, "ਅਸੀਂ ਆਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਮਿਲ ਰਹੇ ਹਾਂ ਅਤੇ ਗੋਲੀਬੰਦੀ ਤੋਂ ਅਸੀਂ ਬਹੁਤ ਖੁਸ਼ ਹਾਂ।ਹੁਣ ਅਸੀਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਦਿਆਂ ਆਪਣੀਆਂ ਨਿਯਮਤ ਕਲਾਸਾਂ ’ਤੇ ਧਿਆਨ ਕੇਂਦਰਿਤ ਕਰਾਂਗੇ।" ਇਕ ਸਰਕਾਰੀ ਸਕੂਲ ਵਿਚ ਪੜ੍ਹਾਉਣ ਵਾਲੇ ਜ਼ਹੂਰ ਅਹਿਮਦ ਨੇ ਕਿਹਾ ਕਿ ਤਰੱਕੀ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ।
ਉੱਤਰੀ ਕਸ਼ਮੀਰ ਦੇ ਇਕ ਸਕੂਲ ਦੇ ਅਧਿਆਪਕ ਅਬਦੁਲ ਮਜੀਦ ਨੇ ਜੰਗਬੰਦੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਬੱਚੇ ਅਤੇ ਅਧਿਆਪਕ ਦੋਵੇਂ ਖੁਸ਼ ਹਨ। ਅਸੀਂ ਸਕੂਲ ਦੁਬਾਰਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਟਕਰਾਅ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਦੋਵਾਂ ਦੇਸ਼ਾਂ ਵੱਲੋਂ ਚੁੱਕੇ ਗਏ ਇਹ ਕਦਮ ਸਕਾਰਾਤਮਕ ਦਿਸ਼ਾ ਵਿਚ ਹਨ। ਅਸੀਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਟੀਮ ਦੇ ਸ਼ਾਂਤੀ ਦੀ ਮਹੱਤਤਾ ਨੂੰ ਸਮਝਣ ਲਈ ਧੰਨਵਾਦੀ ਹਾਂ। ਇਸ ਕਦਮ ਦਾ ਸਵਾਗਤ ਕਰਦੇ ਹਾਂ।’’ -ਪੀਟੀਆਈ