ਐਜੂਕੇਸ਼ਨ ਟਰੱਸਟ ਨੇ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 13 ਅਕਤੂਬਰ
ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨ ਟਰੱਸਟ ਵੱਲੋਂ 24ਵਾਂ ਵਜ਼ੀਫਾ ਵੰਡ ਸਮਾਗਮ ਸਨਾਤਨ ਧਰਮ ਸੰਸਕ੍ਰਿਤ ਮਹਾਵਿਦਿਆਲਿਆ, ਪਰਸ਼ੂਰਾਮ ਚੌਕ ’ਚ ਕਰਵਾਇਆ ਗਿਆ। ਸਮਾਗਮ ਦੌਰਾਨ 33 ਹੋਣਹਾਰ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਵੰਡੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਆਬਕਾਰੀ ਤੇ ਕਰ ਕਮਿਸ਼ਨਰ ਮਨਦੀਪ ਕੁਮਾਰ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਡਾ. ਕੀਰਤੀ ਜਾਂਗੜਾ ਨੇ ਕੀਤੀ। ਸਮਾਗਮ ਦਾ ਆਗਾਜ਼ ਭਗਵਾਨ ਵਿਸ਼ਵਕਰਮਾ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਚੜ੍ਹਾਉਣ ਨਾਲ ਹੋਇਆ।
ਮੁੱਖ ਮਹਿਮਾਨ ਮਨਦੀਪ ਕੁਮਾਰ ਨੇ ਕਿਹਾ ਕਿ ਸਕਾਲਰਸ਼ਿਪ ਐਵਾਰਡ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਵਧੀਆ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਤੌਰ ’ਤੇ ਪਛੜੇ ਵਿਦਿਆਰਥੀ ਕਿਸੇ ਸਾਧਨ ਦੀ ਘਾਟ ਕਾਰਨ ਪੜ੍ਹਾਈ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਟਰੱਸਟ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਟਰੱਸਟ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਵਰਤੋਂ ਕਰਨ ਅਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਸਖ਼ਤ ਮਿਹਨਤ ਕਰਨ।