ਸਿੱਖਿਆ ਕ੍ਰਾਂਤੀ: ਬਠਿੰਡਾ ਜ਼ਿਲ੍ਹੇ ਦੇ ਸੱਤ ਸਕੂਲਾਂ ਨੂੰ ‘ਉੱਤਮ ਸਕੂਲ ਪੁਰਸਕਾਰ’
ਸ਼ਗਨ ਕਟਾਰੀਆ
ਬਠਿੰਡਾ, 7 ਮਾਰਚ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਸ਼ਨ 2023-24 ਅਤੇ 2024-25 ਲਈ ਵੱਖ-ਵੱਖ ਕੈਟਾਗਰੀਆਂ ਵਿੱਚ ਚੁਣੇ ਗਏ ਬਿਹਤਰ ਸਕੂਲਾਂ ਨੂੰ ਚੰਡੀਗੜ੍ਹ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ‘ਬੈਸਟ ਸਕੂਲ ਐਵਾਰਡ’ ਨਾਲ ਨਿਵਾਜਿਆ ਗਿਆ। ਜਾਣਕਾਰੀ ਅਨੁਸਾਰ ਸੈਸ਼ਨ 2023-24 ਦੌਰਾਨ ਜ਼ਿਲ੍ਹਾ ਬਠਿੰਡਾ ਦੇ ਸੈਕੰਡਰੀ ਸਕੂਲਾਂ ਵਿੱਚੋਂ ਐਸਓਈ ਪਿੰਡ ਰਾਮਨਗਰ, ਹਾਈ ਸਕੂਲਾਂ ’ਚੋਂ ਲਹਿਰਾਬੇਗਾ, ਮਿਡਲ ਸਕੂਲਾਂ ਵਿੱਚੋਂ ਲੂਲਬਾਈ ਅਤੇ ਪ੍ਰਾਇਮਰੀ ਸਕੂਲਾਂ ਵਿੱਚੋਂ ਭੂੰਦੜ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਕ੍ਰਮਵਾਰ 10 ਲੱਖ, 7.50 ਲੱਖ, 5 ਲੱਖ ਅਤੇ 2.50 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਇਸੇ ਤਰ੍ਹਾਂ ਹੀ ਸੈਸ਼ਨ 2024-25 ਦੌਰਾਨ ਜ਼ਿਲ੍ਹਾ ਬਠਿੰਡਾ ਦੇ ਸੈਕੰਡਰੀ ਸਕੂਲਾਂ ਵਿੱਚੋਂ ਰਾਮਪੁਰਾ ਮੰਡੀ, ਹਾਈ ਸਕੂਲਾਂ ਵਿੱਚੋਂ ਬੀਬੀਵਾਲਾ ਅਤੇ ਮਿਡਲ ਸਕੂਲਾਂ ਵਿੱਚੋਂ ਫੂਸ ਮੰਡੀ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਕ੍ਰਮਵਾਰ 10 ਲੱਖ, 7.50 ਲੱਖ ਅਤੇ 5 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ।
ਸਮਾਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿਤਰਾ, ਵਿਸ਼ੇਸ਼ ਸਕੱਤਰ ਸਿੱਖਿਆ ਵਿਭਾਗ ਰਾਜੇਸ਼ ਧੀਮਾਨ ਅਤੇ ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ ਵੱਲੋਂ ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਬਠਿੰਡਾ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐੱ.ਸਿੱ.) ਦੀ ਅਗਵਾਈ ਵਿੱਚ ਸਕੂਲਾਂ ਵੱਲੋਂ ਪ੍ਰਿੰਸੀਪਲ ਰਾਜਿੰਦਰ ਸਿੰਘ, ਪ੍ਰਿੰਸੀਪਲ ਸੁਨੀਲ ਕੁਮਾਰ ਗੁਪਤਾ, ਹੈੱਡਮਾਸਟਰ ਸੰਜੀਵ ਕੁਮਾਰ, ਹੈੱਡਮਾਸਟਰ ਕੁਲਵਿੰਦਰ ਕਟਾਰੀਆ, ਸਕੂਲ ਇੰਚਾਰਜ ਏਕਤਾ, ਸਕੂਲ ਇੰਚਾਰਜ ਸ਼ਮ੍ਹਾਂ ਅਤੇ ਐੱਚਟੀ ਨਿਰਭੈ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ-ਆਪਣੇ ਸਕੂਲ ਦਾ ਸਨਮਾਨ ਪੱਤਰ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਮਨਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਕੁਲਵਿੰਦਰ ਸਿੰਘ ਢਿੱਲੋਂ ਨੇ ਐਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ।
ਸ਼ਹਿਣਾ ਗਰਲਜ਼ ਸਕੂਲ ਨੂੰ ਉੱਤਮ ਪੁਰਸਕਾਰ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਨੂੰ ਪੰਜਾਬ ਸਰਕਾਰ ਵੱਲੋਂ ਉੱਤਮ ਸਕੂਲ ਦਾ ਪੁਰਸਕਾਰ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਕੂਲ ਦੀਆਂ ਲੜਕੀਆਂ ਪਿਛਲੇ 5 ਸਾਲ ਤੋਂ ਲਗਾਤਾਰ ਮੈਰਿਟ ’ਚ ਆ ਰਹੀਆਂ ਹਨ। ਸਕੂਲ ਦੇ ਬੱਚੇ ਪੜ੍ਹਾਈ, ਖੇਡਾਂ, ਸਮਾਜਿਕ ਸਰਗਰਮੀਆਂ ’ਚ ਮੋਹਰੀ ਹਨ। ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਨੇ ਸਕੂਲ ਨੂੰ ਐਵਾਰਡ ਮਿਲਣ ’ਤੇ ਖੁਸ਼ੀ ਪ੍ਰਗਟਾਈ ਹੈ। ਇਸ ਮੌਕੇ ਡਾ. ਨਛੱਤਰ ਸਿੰਘ ਸੰਧੂ, ਡਾ. ਅਨਿਲ ਗਰਗ, ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ, ਸੁਖਦੇਵ ਸਿੰਘ ਝੋਰਡ, ਅਮਨ ਸਿੰਘ ਨੇ ਸਕੂਲ ਨੂੰ ਉੱਤਮ ਸਕੂਲ ਐਵਾਰਡ ਮਿਲਣ ’ਤੇ ਖੁਸ਼ੀ ਪ੍ਰਗਟਾਈ ਹੈ।