ਸਿੱਖਿਆ ਪ੍ਰਬੰਧ ਅਤੇ ਵਿਦਿਆਰਥੀ ਖ਼ੁਦਕੁਸ਼ੀਆਂ
ਇਨ੍ਹੀਂ ਦਨਿੀਂ ਇਕ ਪੁਰਾਣੀ ਚਿੰਤਾ ਨੇ ਘੇਰਿਆ ਹੋਇਆ ਹੈ। ਕੀ ਅਸੀਂ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਨੂੰ ਆਮ ਗੱਲ ਮੰਨਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਕਿ ਜੋ ਕੁਝ ਸਿੱਖਿਆ ਅਤੇ ਇਸ ਨਾਲ ਜੁੜੀ ਹੋਈ ‘ਸਫਲਤਾ’ ਦੀ ਦੌੜ ਦੇ ਨਾਂ ਉਤੇ ਚੱਲ ਰਿਹਾ ਹੈ, ਉਹ ਹਰ ਹਾਲ ਜਾਰੀ ਰਹਿਣਾ ਚਾਹੀਦਾ ਹੈ, ਭਾਵੇਂ ਇਸ ਅਮਲ ਦੌਰਾਨ ਕੁਝ ‘ਕਮਜ਼ੋਰ’ ਅਤੇ ‘ਭਾਵਨਾਤਮਕ ਤੌਰ ’ਤੇ ਨਾਜ਼ੁਕ’ ਨੌਜਵਾਨ ਆਪਣੀਆਂ ਜ਼ਿੰਦਗੀਆਂ ਦਾ ਹੀ ਖ਼ਾਤਮਾ ਕਿਉਂ ਨਾ ਕਰ ਲੈਣ? ਵਿਸ਼ਵਾਸ ਕਰਨਾ, ਮੈਂ ਅਕਸਰ ਮੱਧ-ਵਰਗੀ ਮਾਪਿਆਂ, ਇਥੋਂ ਤੱਕ ਕਿ ਅਧਿਆਪਕਾਂ ਨਾਲ ਵੀ ਇਹ ਵਿਚਾਰ-ਵਟਾਂਦਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦੀ ਸਿੱਖਿਆ ਵਿਦਿਆਰਥੀ ਦੀ ਮੂਲ ਭਾਵਨਾ ਨੂੰ ਤਬਾਹ ਕਰ ਦਿੰਦੀ ਹੈ ਅਤੇ ਇਹ ਸਮਾਜਿਕ ਖ਼ਰਾਬੀਆਂ ਨੂੰ ਆਮ ਗੱਲ ਬਣਾ ਦਿੰਦੀ ਹੈ। ਮੈਂ ਉਨ੍ਹਾਂ ਨੂੰ ਇਸ ਸਬੰਧੀ ਅੰਕੜਿਆਂ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ: ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2021 ਦੀ ਰਿਪੋਰਟ ਮੁਤਾਬਕ ਉਸ ਸਾਲ 13089 ਵਿਦਿਆਰਥੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ (ਰੋਜ਼ਾਨਾ 35 ਖ਼ੁਦਕੁਸ਼ੀਆਂ ਦੀ ਦਰ ਨਾਲ)। ਇਸ ਦੇ ਬਾਵਜੂਦ ਮੈਂ ਮਹਿਸੂਸ ਕੀਤਾ ਹੈ ਕਿ ਕੋਈ ਵੀ ਇਸ ਵਰਤਾਰੇ ਨੂੰ ਮੰਨਣ ਲਈ ਤਿਆਰ ਨਹੀਂ, ਬਿਲਕੁਲ ਉਸੇ ਤਰ੍ਹਾਂ ਜਵਿੇਂ ਅਸੀਂ ਆਪਣੇ ਅਜੋਕੇ ਦੌਰ ਵਿਚ ਵਾਤਾਵਰਨ ਸਬੰਧੀ ਹੰਗਾਮੀ ਹਾਲਤ ਨੂੰ ਤਸਲੀਮ ਕਰਨ ਲਈ ਤਿਆਰ ਨਹੀਂ ਹਾਂ। ਆਈਆਈਟੀਜ਼ ਵਿਚ ਭਾਵੇਂ 2018 ਤੋਂ 2023 ਦੌਰਾਨ 33 ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦਰਜ ਕੀਤੀਆਂ ਗਈਆਂ; ਐਨਆਈਟੀਜ਼ ਤੇ ਆਈਆਈਐਮਜ਼ ਵਿਚ ਵੀ 61 ਮਾਮਲੇ ਸਾਹਮਣੇ ਆਏ ਹਨ, ਇਸ ਦੇ ਬਾਵਜੂਦ ਅਸੀਂ ਜਾਂ ਤਾਂ ਖ਼ਾਮੋਸ਼ ਰਹਿੰਦੇ ਹਾਂ ਜਾਂ ਫਿਰ ਇਸ ਨੂੰ ਮਹਿਜ਼ ਮਾੜੀ ਘਟਨਾ ਵਜੋਂ ਹੀ ਲੈਂਦੇ ਹਾਂ। ਇਸੇ ਤਰ੍ਹਾਂ ਕੋਟਾ (ਰਾਜਸਥਾਨ) ਜਿਹੜਾ ‘ਕਾਮਯਾਬੀ’ ਦਾ ਸੁਫਨਾ ਵੇਚਣ ਵਾਲੀਆਂ ਆਪਣੀਆਂ ਵਿਸ਼ਾਲ ਕੋਚਿੰਗ ਫੈਕਟਰੀਆਂ ਲਈ ਮਸ਼ਹੂਰ ਹੈ, ਨਾਲ ਸਾਡਾ ਪਿਆਰ ਹਰ ਗੁਜ਼ਰਨ ਵਾਲੇ ਦਨਿ ਨਾਲ ਗੂੜ੍ਹਾ ਹੀ ਹੋ ਰਿਹਾ ਹੈ, ਭਾਵੇਂ ਉਥੇ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਹਰ ਮਹੀਨੇ ਔਸਤਨ ਤਿੰਨ ਖ਼ੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ।
ਯਕੀਨਨ, ਮੈਂ ਜ਼ਿੰਦਗੀ ਨੂੰ ਨਕਾਰਨ ਵਾਲੀ ਇਹ ਦੌੜ ਜਾਰੀ ਰਹਿਣ ਲਈ ਜ਼ਿੰਮੇਵਾਰ ਢਾਂਚਾਗਤ ਅਤੇ ਸਮਾਜਿਕ ਕਾਰਨਾਂ ਤੋਂ ਜਾਣੂ ਹਾਂ। ਇਨ੍ਹਾਂ ਕਾਰਨਾਂ ਵਿਚ ਸ਼ਾਮਲ ਹਨ ਬਹੁਤ ਹੀ ਵੱਧ ਆਬਾਦੀ ਵਾਲੇ ਇਸ ਮੁਲਕ ਵਿਚ ਨੌਕਰੀਆਂ ਦੀ ਕਮੀ; ਜਿਥੋਂ ਤੱਕ ਰੁਜ਼ਗਾਰ ਦੇ ਮੌਕਿਆਂ ਦਾ ਸਵਾਲ ਹੈ, ਇਸ ਸਬੰਧੀ ਆਰਟਸ/ਹਿਊਮੈਨਿਟੀਜ਼ ਵਿਸ਼ਿਆਂ ਦੀ ਕਦਰ ਦਾ ਹੇਠਾਂ ਆਉਣਾ, ਤੇ ਇਸ ਦੇ ਸਿੱਟੇ ਵਜੋਂ ਇੰਜਨੀਅਰਿੰਗ, ਮੈਡੀਕਲ ਸਾਇੰਸ, ਬਿਜ਼ਨਸ ਮੈਨੇਜਮੈਂਟ ਅਤੇ ਹੋਰ ਤਕਨੀਕੀ ਕੋਰਸਾਂ ਪ੍ਰਤੀ ਜਨੂਨ ਦੀ ਹੱਦ ਤੱਕ ਝੁਕਾਅ; ਸੱਭਿਆਚਾਰ ਤੇ ਸਿੱਖਿਆ ਉਤੇ ਨਵ-ਉਦਾਰਵਾਦੀ ਹਮਲੇ ਕਾਰਨ ਜ਼ਿੰਦਗੀ ਦੀਆਂ ਖ਼ਾਹਿਸ਼ਾਂ ਦਾ ਬਾਜ਼ਾਰੀਕਰਨ; ਇਸ ਸਭ ਕਾਸੇ ਤੋਂ ਵੱਧ, ‘ਕਾਬਲੀਅਤ’ (ਮੈਰਿਟ) ਜਾਂ ਫਿਰ ‘ਸਭ ਤੋਂ ਯੋਗ ਦੇ ਹੀ ਜ਼ਿੰਦਾ/ਕਾਇਮ ਰਹਿਣ’ ਦੇ ਸਿਧਾਂਤ ਨੂੰ ਪਵਿੱਤਰਤਾ ਦੇਣ ਲਈ ਅਨਿਆਂ ਭਰੇ ਸਮਾਜਿਕ ਢਾਂਚੇ ਵਿਚ ਜੀਵਨ ਸ਼ੈਲੀ ਦੇ ਇਕ ਰੂਪ ਵਜੋਂ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਜਾਂ ਸਮਾਜਿਕ ਡਾਰਵਨਵਿਾਦ ਨੂੰ ਮਨਜ਼ੂਰੀ ਦਿੱਤੇ ਜਾਣਾ। ਇਸ ਦੇ ਬਾਵਜੂਦ ਜਵਿੇਂ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਬੱਚੇ ਅਤੇ ਨੌਜਵਾਨ ਵਿਦਿਆਰਥੀ ਕਵਿੇਂ ਕਸ਼ਟ ਭੋਗ ਰਹੇ ਹਨ; ਬਹੁਤ ਜ਼ਿਆਦਾ ਤਣਾਅ, ਡਰ, ਪ੍ਰੇਸ਼ਾਨੀ ਤੇ ਇਥੋਂ ਤੱਕ ਕਿ ਖ਼ੁਦਕੁਸ਼ੀਆਂ ਦੇ ਰੁਝਾਨ ਵਿਚਕਾਰ ਜੀਅ ਰਹੇ ਹਨ ਤਾਂ ਉਸ ਹਾਲਾਤ ਵਿਚ ਅਸੀਂ ਕਿਸੇ ਤਰ੍ਹਾਂ ਵੀ ਹੋਰ ਚੁੱਪ ਰਹਿਣ ਅਤੇ ਇਸ ਤਰ੍ਹਾਂ ਦੀ ਖ਼ਰਾਬੀ ਨੂੰ ਆਮ ਵਰਤਾਰਾ ਬਣ ਜਾਣ ਦੇਣ ਦਾ ਖ਼ਤਰਾ ਨਹੀਂ ਉਠਾ ਸਕਦੇ।
ਅਧਿਆਪਕ ਵਜੋਂ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਲਾਜ਼ਮੀ ਤੌਰ ’ਤੇ ਬਿਨਾ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਵਿਚ ਪਿਆਂ ਇਸ ਤਰ੍ਹਾਂ ਦੀ ਸਿੱਖਿਆ ਦੀ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਨਵੀਆਂ ਸੰਭਾਵਨਾਵਾਂ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਸਿੱਖਿਆ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੇ ਬਿਨਾ ‘ਨਿਜ਼ਾਮ’ ਦੀ ਇਸ ਅੜੀ ਵਿਚ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ। ਬੇਸ਼ੱਕ, ਹਰ ਕੋਈ ਖ਼ੁਦਕੁਸ਼ੀ ਕਾਰਨ ਨਹੀਂ ਮਰਦਾ ਪਰ ਇਹ ਗੱਲ ਵੀ ਓਨੀ ਹੀ ਸੱਚ ਹੈ ਕਿ ਕਰੀਬ ਹਰ ਨੌਜਵਾਨ ਵਿਦਿਆਰਥੀ ਜਿਹੜਾ ਵੀ ਇਸ ਸਿੱਖਿਆ ਪ੍ਰਬੰਧ ਦਾ ਹਿੱਸਾ ਹੈ, ਅਜਿਹੇ ਮਾਹੌਲ ਵਿਚ ਵੱਡਾ ਹੋ ਰਿਹਾ ਹੈ ਜਿਹੜਾ ਮਾਨਸਿਕ ਤਣਾਅ, ਚਿੰਤਾ ਅਤੇ ‘ਨਾਕਾਮੀ’ ਦੇ ਬਹੁਤ ਜਿ਼ਆਦਾ ਡਰ ਦੇ ਵਾਧੇ ਲਈ ਸਾਜ਼ਗਾਰ ਹੈ। ਇਥੇ ਅਜਿਹਾ ਸਿਸਟਮ ਕੰਮ ਕਰਦਾ ਹੈ ਜਿਹੜਾ ਉਸ ਸਭ ਕਾਸੇ ਦਾ ਪੋਸ਼ਣ ਕਰਨ ਵਿਚ ਸ਼ਾਇਦ ਹੀ ਕੋਈ ਦਿਲਚਸਪੀ ਰੱਖਦਾ ਹੋਵੇ, ਜੋ ਅਰਥ ਭਰਪੂਰ ਜ਼ਿੰਦਗੀ ਜਿਊਣ ਲਈ ਮਾਇਨੇ ਰੱਖਦਾ ਹੈ, ਭਾਵ ਪਿਆਰ ਅਤੇ ਸਹਿਯੋਗ ਦੀ ਨੈਤਿਕਤਾ; ਦ੍ਰਿੜ੍ਹਤਾ ਅਤੇ ਧੀਰਜ ਦੀ ਕਲਾ ਰਾਹੀਂ ਸਾਡੀ ਦੁਨਿਆਵੀ ਹੋਂਦ ਦੇ ਉਤਰਾਵਾਂ-ਚੜ੍ਹਾਵਾਂ ਨਾਲ ਜੂਝਣ ਦੀ ਸਮਰੱਥਾ; ਤੇ ਸੁਚੇਤ ਹੋਣ ਦੀ ਉਹ ਸਥਿਤੀ ਜਿਹੜੀ ਕਿਸੇ ਨੂੰ ਆਮ ਚੀਜ਼ਾਂ ਵਿਚੋਂ ਵੀ ਜ਼ਿੰਦਗੀ ਦਾ ਅਸਲੀ ਖ਼ਜ਼ਾਨਾ ਤਲਾਸ਼ਣ ਦੇ ਸਮਰੱਥ ਬਣਾਉਂਦੀ ਹੈ ਜਵਿੇਂ, ਕਿਸੇ ਛੋਟੇ ਜਿਹੇ ਪੀਲੇ ਫੁੱਲ ਨਾਲ ਖੇਡ ਰਹੀ ਤਿਤਲੀ ਨੂੰ ਦੇਖਣਾ, ਬੁੱਢੀ ਦਾਦੀ ਮਾਤਾ ਲਈ ਚਾਹ ਦਾ ਕੱਪ ਬਣਾਉਣਾ ਤੇ ਉਸ ਨਾਲ ਆਨੰਦ ਦੇ ਕੁਝ ਪਲ ਗੁਜ਼ਾਰਨਾ ਜਾਂ ਸਿਆਲ ਦੀ ਰਾਤ ਦੌਰਾਨ ਬੱਸ ਕੋਈ ਨਾਵਲ ਪੜ੍ਹਨਾ। ਇਸ ਦੀ ਥਾਂ ਇਹ ਸਾਰੀਆਂ ਭਲੀਆਂ ਤੇ ਨੇਕ ਖ਼ਾਹਿਸ਼ਾਂ ਤੇ ਸੁਫਨਿਆਂ ਨੂੰ ਮਾਰ ਦਿੰਦਾ ਹੈ ਅਤੇ ਨੌਜਵਾਨਾਂ ਨੂੰ ਬੇਮਤਲਬ ਦੌੜ ਲਾਉਣ ਵਾਲੇ ਘੋੜਿਆਂ ਵਿਚ ਬਦਲ ਦਿੰਦਾ ਹੈ।
ਸਕੂਲਾਂ ਤੋਂ ਲੈ ਕੇ ਕੋਚਿੰਗ ਫੈਕਟਰੀਆਂ ਤੱਕ ਅਸੀਂ ਸਿੱਖਿਆ ਨੂੰ ਸਭ ਤਰ੍ਹਾਂ ਦੇ ਟੈਸਟ ‘ਪਾਸ’ ਕਰਨ ਦੀ ਰਣਨੀਤੀ ਤੱਕ ਸੀਮਤ ਕਰ ਦਿੱਤਾ ਹੈ। ਜਦੋਂ ਵਧੀਆ ਕਿਤਾਬਾਂ ਪੜ੍ਹਨ, ਨਵਿੇਕਲੇ ਵਿਚਾਰ ਘੋਖਣ, ਬਹਿਸ ਤੇ ਵਿਚਾਰ-ਵਟਾਂਦਰਾ ਕਰਨ ਅਤੇ ਸਾਇੰਸ, ਸਾਹਿਤ ਤੇ ਕਲਾ ’ਤੇ ਧਿਆਨ ਧਰਨ ਤੇ ਤਜਰਬੇ ਕਰਨ ਨਾਲੋਂ ਪ੍ਰੀਖਿਆਵਾਂ ਤੇ ਇਮਤਿਹਾਨ ਜ਼ਿਆਦਾ ਅਹਿਮ ਹੋ ਜਾਂਦੇ ਹਨ ਤਾਂ ਅਸਲੀ ਸਿੱਖਿਆ ਦਾ ਨੁਕਸਾਨ ਹੁੰਦਾ ਹੈ।
ਜੋ ਚੀਜ਼ ਅਹਿਮੀਅਤ ਰੱਖਦੀ ਹੈ, ਉਹ ਹੈ ‘ਕੁਸ਼ਲਤਾ’ ਅਤੇ ‘ਰਫ਼ਤਾਰ’, ਭਾਵ ਓਐੱਮਆਰ (OMR) ਸ਼ੀਟ ਉਤੇ ਤੇਜ਼ੀ ਨਾਲ ‘ਸਹੀ’ ਸਵਾਲਾਂ ਉਤੇ ਠੀਕ ਦੇ ਨਿਸ਼ਾਨ ਲਾਉਣ ਲਈ! ਕੋਈ ਹੈਰਾਨੀ ਦੀ ਗੱਲ ਨਹੀਂ ਕਿ ਐੱਮਸੀਕਿਊ (MCQ- ਬਹੁਤੀਆਂ ਚੋਣਾਂ ਵਾਲੇ ਸਵਾਲ) ਕੇਂਦਰਿਤ ਇਮਤਿਹਾਨਾਂ ਸਬੰਧੀ ਰਣਨੀਤੀਆਂ ਵੇਚਣ ਵਾਲੀਆਂ ਗਾਈਡਾਂ ਨੇ ਸਾਡੇ ਨੌਜਵਾਨ ਵਿਦਿਆਰਥੀਆਂ ਦੀ ਮਾਨਸਿਕ ਦ੍ਰਿਸ਼ਾਵਲੀ ਉਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਂ, ਇਹ ਸੁੰਦਰਤਾ ਸ਼ਾਸਤਰ, ਰਚਨਾਤਮਕਤਾ ਅਤੇ ਜਗਿਆਸਾ ਤੋਂ ਕੋਰਾ ਹੈ। ਇਹ ਮਸ਼ੀਨੀ, ਖਾਸ (standardised) ਅਤੇ ਕੰਟਰੋਲਸ਼ੁਦਾ ਦਿਮਾਗ਼ ਤਿਆਰ ਕਰਦਾ ਹੈ। ਇਹ ਜਿਸ ਤਰ੍ਹਾਂ ਦੀ ‘ਅਕਲਮੰਦੀ’ ਦੀ ਕਦਰ ਕਰਦਾ ਹੈ, ਉਹ ਪੂਰੀ ਤਰ੍ਹਾਂ ਮਸ਼ੀਨੀ ਹੈ; ਇਸ ਵਿਚ ਕੋਈ ਰਚਨਾਤਮਕ, ਕਾਲਪਨਿਕ ਜਾਂ ਦਾਰਸ਼ਨਿਕ ਸੋਚ ਨਹੀਂ ਹੈ। ਤੁਸੀਂ ਕਿਸੇ ਕੋਚਿੰਗ ਸੈਂਟਰ ਦੇ ਰਣਨੀਤੀਕਾਰ ਤੋਂ ਇਹ ਤਵੱਕੋ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਬੱਚੇ ਨੂੰ ਡੁੱਬਦਾ ਸੂਰਜ ਦੇਖਣ, ਕੋਈ ਕਵਿਤਾ ਪੜ੍ਹਨ ਜਾਂ ਸੱਤਿਆਜੀਤ ਰੇਅ ਦੀ ਕੋਈ ਫਿਲਮ ਪਸੰਦ ਕਰਨ ਲਈ ਪ੍ਰੇਰਿਤ ਕਰੇ। ਇਹ ਇੰਸਟਰਕਟਰ/ਅਧਿਆਪਕ ਤੁਹਾਡੇ ਬੱਚਿਆਂ ਨੂੰ ਸਿਰਫ਼ ਤੇਜ਼ ਭੱਜਣ, ਹੋਰਨਾਂ ਨੂੰ ਹਰਾਉਣ, ਫਿਜ਼ਿਕਸ ਜਾਂ ਗਣਿਤ ਨੂੰ ਮਹਿਜ਼ ਦਾਖ਼ਲਾ ਪ੍ਰੀਖਿਆਵਾਂ ਦੀ ਸਮੱਗਰੀ ਬਣਾ ਕੇ ਰੱਖ ਦੇਣ ਅਤੇ ਆਪਣੀ ਸਵੈ-ਸੋਝੀ ਨੂੰ ਸਿਰਫ਼ ਆਈਆਈਟੀ-ਜੇਈਈ ਜਾਂ ਨੀਟ ਰੈਂਕਿੰਗ ਦੇ ਬਰਾਬਰ ਲਿਆਉਣ ਦੀਆਂ ਹੀ ਮੱਤਾਂ ਦੇ ਸਕਦੇ ਹਨ। ਦੂਜੇ ਸ਼ਬਦਾਂ ਵਿਚ, ਇਸ ਤਰ੍ਹਾਂ ਦੀ ਸਿੱਖਿਆ ਕਿਸੇ ਨੂੰ ਸੱਭਿਆਚਾਰਕ, ਮਾਨਸਿਕ ਅਤੇ ਅਧਿਆਤਮਕ ਤੌਰ ’ਤੇ ਕੰਗਾਲ ਹੀ ਬਣਾ ਸਕਦੀ ਹੈ। ਇਹ ਕਿਸੇ ਨੂੰ ਜ਼ਿੰਦਗੀ, ਇਸ ਦੇ ਲੈਅਬੱਧ ਵਲ/ਵਲੇਵਿਆਂ ਜਾਂ ਇਸ ਦੇ ਡੂੰਘੀ ਹੋਂਦ ਸਬੰਧੀ ਸਵਾਲਾਂ ਲਈ ਤਿਆਰ ਨਹੀਂ ਕਰਦੇ।
ਇੰਝ ਹੀ, ਇਸ ਤਰ੍ਹਾਂ ਦੀ ਸਿੱਖਿਆ ਉਸ ਚੀਜ਼ ਨੂੰ ਵਾਜਬ ਬਣਾਉਂਦੀ ਹੈ ਜਿਸ ਨੂੰ ਕਾਰਲ ਮਾਰਕਸ ਨੇ ‘commodity fetishism’ (ਪੈਦਾਵਾਰੀ ਰਿਸ਼ਤਿਆਂ ਵਿਚ ਮਨੁੱਖ ਦੀ ਥਾਂ ਵਸਤੂ ਨੂੰ ਤਰਜੀਹ ਦੇਣਾ) ਮੰਨਿਆ ਸੀ। ਹਾਂ, ਇਹ ਸਿੱਖਿਆ ਇਹ ਮੰਨਦੀ ਹੈ ਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕੀਮਤ ਦੇ ਟੈਗ ਲੱਗੀਆਂ ਵਸਤਾਂ ਜਾਂ ‘ਉਤਪਾਦਾਂ’ ਵਜੋਂ ਉੱਭਰਨ। ਇਹ ਕੌੜੀ ਹਕੀਕਤ ਸਾਨੂੰ ਪ੍ਰਵਾਨ ਕਰਨੀ ਪਵੇਗੀ। ਬਹੁ-ਪ੍ਰਚਾਰਿਤ ਆਈਆਈਟੀਜ਼ ਅਤੇ ਆਈਆਈਐੱਮਜ਼ ਜਨਿ੍ਹਾਂ ਨੂੰ ਮੱਧਵਰਗੀ ਮਾਪੇ ਆਪਣੇ ਬੱਚਿਆਂ ਲਈ ਮੁਕਤੀ ਦਾ ਸਿਖਰਲਾ ਬਿੰਦੂ ਮੰਨਦੇ ਹਨ, ਵਿਦਿਆਰਥੀਆਂ ਨੂੰ ‘ਪਲੇਸਮੈਂਟ ਅਤੇ ਤਨਖ਼ਾਹ ਪੈਕੇਜਾਂ’ ਦੀਆਂ ਮਿੱਥਾਂ ਰਾਹੀਂ ਕੀਲ ਲੈਂਦੇ ਹਨ। ਜੇ ਸਾਡੇ ਬੱਚਿਆਂ ਨੂੰ ਵਿਲੱਖਣ ਅਤੇ ਖ਼ੁਦਮੁਖ਼ਤਾਰ ਇਨਸਾਨ ਹੋਣ ਤੋਂ ਕਿਤੇ ਪਰੇ ਮਹਿਜ਼ ‘ਨਵਿੇਸ਼’ ਜਾਂ ਵੇਚਣਯੋਗ ਵਸਤੂ ਬਣਾ ਦਿੱਤਾ ਜਾਵੇ ਤਾਂ ਅਸੀਂ ਮਾਨਸਿਕ ਵਿਕਾਰਾਂ, ਚਿੰਤਾ ਅਤੇ ਬਹੁਤ ਜ਼ਿਆਦਾ ਤਣਾਅ ਤੇ ਦਬਾਅ ਦਾ ਸ਼ਿਕਾਰ ਪੀੜ੍ਹੀ ਸਿਰਜਦੇ ਜਾਵਾਂਗੇ। ਇਸ ਸੂਰਤ ਵਿਚ ਖ਼ੁਦਕੁਸ਼ੀਆਂ ਦੀ ਵਧਦੀ ਦਰ ਨੂੰ ਨੱਥ ਪਾਉਣਾ ਨਾਮੁਮਕਨਿ ਹੋਵੇਗਾ ਭਾਵੇਂ ਸਿਸਟਮ ‘ਪ੍ਰੇਰਕ ਬੁਲਾਰਿਆਂ’ ਅਤੇ ‘ਸਵੈ-ਸਹਾਇਤਾ’ ਕਿਤਾਬਾਂ ਨੂੰ ਵਧਣ-ਫੁੱਲਣ ਦਿੰਦਾ ਰਹੇ।
ਅਧਿਆਪਕ, ਸਿੱਖਿਆ ਸ਼ਾਸਤਰੀ ਅਤੇ ਚਿੰਤਤ ਨਾਗਰਿਕ ਹੋਣ ਦੇ ਨਾਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਇਸ ਸਬੰਧੀ ਚੌਕਸ ਹੋਈਏ ਅਤੇ ਆਪਣੀ ਆਵਾਜ਼ ਉਠਾਈਏ, ਜ਼ਿੰਦਗੀ ਨੂੰ ਮਾਰ ਦੇਣ ਵਾਲੀ ਇਸ ਸਿੱਖਿਆ ਨੂੰ ਨਾਂਹ ਆਖੀਏ। ਨਾਲ ਹੀ ਅਸੀਂ ਨਵੀਂ ਜਾਗਰੂਕਤਾ ਪੈਦਾ ਕਰੀਏ ਅਤੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਊਣ ਦਾ ਨਵਾਂ ਨਜ਼ਰੀਆ ਦੇਈਏ ਜਿਹੜਾ ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲਾ ਅਤੇ ਦਿਆਲਤਾ ਨਾਲ ਭਰਪੂਰ ਹੋਵੇ।
*ਲੇਖਕ ਸਮਾਜ ਸ਼ਾਸਤਰੀ ਹੈ।