ਸਿੱਖਿਆ, ਸਰਕਾਰ ਤੇ ਅਧਿਆਪਕ ਦੀ ਭੂਮਿਕਾ
ਗੁਰਬਿੰਦਰ ਸਿੰਘ ਮਾਣਕ
ਕਿਸੇ ਦੇਸ਼ ਦਾ ਭਵਿੱਖ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਹੁੰਦੇ ਹਨ। ਜਿਹੋ-ਜਿਹਾ ਸਿੱਖਿਆ ਦਾ ਮਿਆਰ ਅਤੇ ਪੱਧਰ ਹੋਵੇਗਾ, ਉਹੋ ਜਿਹੀ ਉਨ੍ਹਾਂ ਦੀ ਸੂਝ ਵਿਕਸਤ ਹੋਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੋਕੀ ਸਕੂਲੀ ਸਿੱਖਿਆ ਦੇ ਨਿਘਾਰ ਦਾ ਮੁੱਖ ਕਾਰਨ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਲਈ ਢੁੱਕਵੇਂ ਤੇ ਜ਼ਰੂਰੀ ਵਿਦਿਅਕ ਵਾਤਾਵਰਨ ਦੀ ਅਣਹੋਂਦ ਹੈ। ਅਸਲ ਵਿਚ ਸਿੱਖਿਆ ਵਰਗੇ ਬੁਨਿਆਦੀ ਤੇ ਮਹੱਤਵਪੂਰਨ ਕਾਰਜ ਪ੍ਰਤੀ ਨਾ ਸਰਕਾਰਾਂ ਗੰਭੀਰ ਰਹੀਆਂ ਹਨ ਤੇ ਨਾ ਹੀ ਸਮਾਜ ਨੇ ਕਿਸੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਸਰਕਾਰਾਂ ਵਲੋਂ ਪੇਸ਼ ਕੀਤੇ ਜਾਂਦੇ ਬਜਟ ਵਿਚ ਹਰ ਸਾਲ ਮਾਮੂਲੀ ਜਿਹੀ ਰਕਮ ਸਿੱਖਿਆ ਖੇਤਰ ਲਈ ਰੱਖੀ ਜਾਂਦੀ ਰਹੀ ਹੈ। ਇਸ ਵਿੱਚੋਂ ਬਹੁਤਾ ਪੈਸਾ ਕਰਮਚਾਰੀਆਂ ਦੀ ਤਨਖ਼ਾਹ ਵਿਚ ਨਿਕਲ ਜਾਂਦਾ ਸੀ। ਇਸ ਤਰ੍ਹਾਂ ਸਿੱਖਿਆ ਖੇਤਰ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਦੇ ਸਿੱਟੇ ਵਜੋਂ ਇਹ ਹੌਲ਼ੀ ਹੌਲੀ ਲੀਹੋਂ ਲੱਥਦੀ ਰਹੀ। ਜਦੋਂ ਤੱਕ ਸੰਭਲਿਆ ਜਾਂਦਾ, ਉਦੋਂ ਤੱਕ ਸਿੱਖਿਆ ਨਿਘਾਰ ਦੇ ਸਿਖਰ ’ਤੇ ਪਹੁੰਚ ਚੁੱਕੀ ਸੀ।
ਅਧਿਆਪਕ ਤੇ ਸਮਾਜ ਵਿਦਿਅਕ ਕੜੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਬਹੁਤ ਕੁਝ ਇਨ੍ਹਾਂ ਦੀ ਸਾਰਥਿਕ ਸੋਚ, ਲਗਨ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ’ਤੇ ਨਿਰਭਰ ਕਰਦਾ ਹੈ। ਸਾਲਾਂ ਤੱਕ ਇਸ ਖੇਤਰ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਸਰਕਾਰਾਂ ਨੇ ਤਾਂ ਕੀ ਕਰਨਾ ਸੀ, ਸਿੱਖਿਆ ਮਹਿਕਮੇ ਨੇ ਵੀ ਕਦੇ ਸਕੂਲਾਂ ਦੀ ਨੇੜਿਓਂ ਜਾ ਕੇ ਸਾਰ ਨਹੀਂ ਲਈ। ਸਿੱਟਾ ਇਹ ਨਿਕਲਿਆ ਕਿ ਅਧਿਆਪਕਾਂ ਦੀ ਵੱਡੀ ਗਿਣਤੀ ਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ। ਕੁਝ ਸੁਹਿਰਦ ਅਧਿਆਪਕਾਂ ਦੀ ਮਿਹਨਤ ਤੇ ਸਮਰਪਿਤ ਭਾਵਨਾ ਦੀ ਬਦੌਲਤ ਸਿੱਖਿਆ ਦਾ ਕਾਰਜ ਚਲਦਾ ਤਾਂ ਰਿਹਾ ਪਰ ਸਿੱਖਿਆ ਦੇ ਪੱਧਰ ਵਿਚ ਇੰਨਾ ਨਿਘਾਰ ਆ ਗਿਆ ਕਿ ਸਰਕਾਰੀ ਸਕੂਲਾਂ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਗਿਆ।
ਸਿੱਖਿਆ ਨੂੰ ਮਿਆਰੀ ਤੇ ਗੁਣਾਤਮਕ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਸਕੂਲ ਵਿਚ ਵਿਦਿਅਕ ਮਾਹੌਲ ਪੈਦਾ ਕੀਤਾ ਜਾਵੇ। ਸਰਕਾਰ ਨੂੰ ਇਹ ਗੱਲ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਕਿਸੇ ਵੀ ਸੂਬੇ ਨੂੰ ਤਰੱਕੀ ਵੱਲ ਤੋਰਨ ਲਈ ਸਿੱਖਿਆ ਸਭ ਤੋਂ ਤਰਜ਼ੀਹੀ ਹੋਣੀ ਚਾਹੀਦੀ ਹੈ। ਸਿੱਖਿਆ ਸੰਸਥਾਵਾਂ ਵਿਚ ਹਰ ਵਿਸ਼ੇ ਦੇ ਅਧਿਆਪਕਾਂ ਦਾ ਹੋਣਾ ਜ਼ਰੂਰੀ ਹੈ। ਇਹ ਚੰਗੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਕੂਲਾਂ ’ਚ ਲੋੜੀਂਦਾ ਬੁਨਿਆਦੀ ਢਾਂਚਾ ਬਹੁਤ ਹੱਦ ਤੱਕ ਹੋਂਦ ਵਿਚ ਆ ਚੁੱਕਾ ਹੈ। ਸ਼ਾਨਦਾਰ ਇਮਾਰਤਾਂ, ਸੁੰਦਰ ਤੇ ਪ੍ਰਭਾਵਸ਼ਾਲੀ ਕਮਰੇ ਤੇ ਵਧੀਆ ਰੱਖ-ਰਖਾਅ ਨਾਲ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਦਾ ਭੁਲੇਖਾ ਪਾਉਂਦੇ ਹਨ। ਅੱਜ ਬਹੁਤੇ ਸਕੂਲ ‘ਸਮਾਰਟ ਸਕੂਲ’ ਦੇ ਨਾਂ ਵਾਲੇ ਰੰਗ-ਬਰੰਗੇ ਬੋਰਡਾਂ ਨਾਲ ਸ਼ਿੰਗਾਰ ਦਿੱਤੇ ਗਏ ਹਨ। ਸਕੂਲ ਦੀ ਇਮਾਰਤ ਸੁੰਦਰ ਤੇ ਖਿੱਚ ਭਰਪੂਰ ਹੋਵੇ ਪਰ ਕੇਵਲ ਸੁੰਦਰ ਇਮਾਰਤ ਨਾਲ ਹੀ ਕੋਈ ਸਕੂਲ ‘ਸਮਾਰਟ’ ਨਹੀਂ ਬਣ ਜਾਂਦਾ। ਸੈਂਕੜੇ ਸਕੂਲ, ਸਕੂਲ ਮੁਖੀਆ ਤੋਂ ਵਿਰਵੇ ਹਨ। ਵੱਖ ਵੱਖ ਵਿਸ਼ਿਆਂ ਦੀਆਂ ਹਜ਼ਾਰਾਂ ਅਸਾਮੀਆਂ ਕਈ-ਕਈ ਸਾਲਾਂ ਤੋਂ ਖਾਲੀ ਹਨ। ਇਕ ਸਕੂਲ ਵਿੱਚ ਹੀ ਅਧਿਆਪਕਾਂ ਦੀਆਂ ਕਈ-ਕਈ ‘ਕਿਸਮਾਂ’ ਹਨ। ਇਕ ਅਧਿਆਪਕ ਸੱਠ ਹਜ਼ਾਰ ਤਨਖ਼ਾਹ ਲੈ ਰਿਹਾ ਹੈ, ਦੂਜਾ ਛੇ ਹਜ਼ਾਰ ਲੈ ਕੇ ਕੰਮ ਉਹੀ ਕਰ ਰਿਹਾ ਹੈ। ਕੱਚੇ ਅਤੇ ਠੇਕੇ ਵਾਲੇ ਅਧਿਆਪਕਾਂ ਨੂੰ ਤਾਂ ਹਮੇਸ਼ਾਂ ਇਹੀ ਡਰ ਸਤਾਉਂਦਾ ਰਹਿੰਦਾ ਹੈ ਕਿ ਨੌਕਰੀ ਤੋਂ ਜਵਾਬ ਨਾ ਮਿਲ ਜਾਵੇ। ਤੇਰਾਂ ਹਜ਼ਾਰ ਤੋਂ ਵੱਧ ਵਾਲੰਟੀਅਰ ਅਧਿਆਪਕ ਅਜਿਹੇ ਹਨ ਜਿਹੜੇ ਪਿਛਲੇ ਦਸ/ਪੰਦਰਾਂ ਸਾਲਾਂ ਤੋਂ ਛੇ ਹਜ਼ਾਰ ਤੋਂ ਲੈ ਕੇ ਗਿਆਰਾਂ ਹਜ਼ਾਰ ਤੱਕ ਦੀਆਂ ਨਿਗੂਣੇ ਮਿਹਨਤਾਨੇ ਨਾਲ ਕੰਮ ਕਰ ਰਹੇ ਹਨ। ਸਰਕਾਰਾਂ ਸੰਵੇਦਨਹੀਣ ਹੋ ਗਈਆਂ ਹਨ। ਵਿਸ਼ਾ ਅਧਿਆਪਕ ਦੀ ਅਣਹੋਂਦ ਵਿੱਚ ਬੱਚੇ ਨੂੰ ਆਪਣੇ ਵਿਸ਼ੇ ਦਾ ਬੁਨਿਆਦੀ ਸੰਕਲਪ ਹੀ ਸਮਝ ਨਹੀਂ ਆਉਂਦਾ। ਜੇ ਅਧਿਆਪਕ ਨਵੇਂ ਤਕਨੀਕੀ ਗਿਆਨ ਨਾਲ ਆਪਣੀ ਪੜ੍ਹਾਉਣ-ਵਿਧੀ ਵਿਚ ਪਰਿਵਰਤਨ ਨਹੀਂ ਕਰਦਾ ਤੇ ਸੌਖੇ ਰੂਪ ਵਿਚ ਕਿਸੇ ਨੁਕਤੇ ਨੂੰ ਸਮਝਾਉਣ ਦੀ ਸਮਰੱਥਾ ਨਹੀਂ ਰੱਖਦਾ ਤਾਂ ਵਿਦਿਆਰਥੀ ਵਿਸ਼ੇ ਦੀ ਸਮਝ ਤੋਂ ਕੋਰਾ ਰਹਿ ਜਾਂਦਾ ਹੈ।
ਸਕੂਲ ਦੇ ਮਾਹੌਲ ਨੂੰ ਅਨੁਸ਼ਾਸ਼ਿਤ ਤੇ ਉਪਯੋਗੀ ਬਣਾਉਣ ਲਈ ਸਕੂਲ ਮੁਖੀਆਂ ਅਤੇ ਸਮੂਹ ਅਧਿਆਪਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਅਧਿਆਪਕ ਹੀ ਸਕੂਲ ਸਮੇਂ ਸਿਰ ਨਹੀਂ ਪਹੁੰਚਦੇ ਤਾਂ ਬੱਚਿਆਂ ਨੂੰ ਸਮੇਂ ਦੀ ਮਹੱਤਤਾ ਕਿਵੇਂ ਸਮਝਾਈ ਜਾ ਸਕਦੀ ਹੈ। ਸਕੂਲ ਵਿਚ ਅਧਿਆਪਕਾਂ ਦੁਆਰਾ ਕੀਤੇ ਹਰ ਕਾਰਜ ਦਾ ਬੱਚਿਆਂ ’ਤੇ ਪ੍ਰਭਾਵ ਪੈਂਦਾ ਹੈ। ਇਸ ਲਈ ਸਕੂਲ ਵਿਚ ਵਿਚਰਦੇ ਸਮੇਂ ਅਧਿਆਪਕ ਵਲੋਂ ਵਿਦਿਆਰਥੀਆਂ ਨੂੰ ਦਿੱਤੀ ਕੋਈ ਨਸੀਹਤ, ਪ੍ਰੇਰਨਾ ਜਾਂ ਸਿੱਖਿਆ ਤਾਂ ਹੀ ਵਧੇਰੇ ਪ੍ਰਭਾਵੀ ਹੋ ਸਕਦੀ ਹੈ ਜੇ ਅਧਿਆਪਕ ਦੇ ਆਪਣੇ ਕਿਰਦਾਰ ਵਿੱਚੋਂ ਵੀ ਅਜਿਹੀ ਝਲਕ ਮਿਲਦੀ ਹੋਵੇ। ਚੰਗੇ ਗੁਣਾਂ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਅਧਿਆਪਕ ਅਕਸਰ ਹੀ ਵਿਦਿਆਰਥੀਆਂ ਲਈ ਆਦਰਸ਼ ਬਣਨ ਦਾ ਰੁਤਬਾ ਹਾਸਲ ਕਰ ਲੈਂਦੇ ਹਨ। ਹਰ ਅਧਿਆਪਕ ਆਪਣੇ ਵਿਸ਼ੇ ਪ੍ਰਤੀ ਡੂੰਘੀ ਜਾਣਕਾਰੀ ਦੇ ਨਾਲ ਨਾਲ ਬੱਚਿਆਂ ਨੂੰ ਆਸਾਨ ਤੇ ਰੌਚਿਕ ਤਰੀਕੇ ਨਾਲ ਸਮਝਾਉਣ ਪ੍ਰਤੀ ਵੀ ਸੁਚੇਤ ਹੋਵੇ। ਪੜ੍ਹਾਉਂਦੇ ਸਮੇਂ ਅਧਿਆਪਕ ਲਈ ਜ਼ਰੂਰੀ ਹੈ ਕਿ ਸ਼੍ਰੇਣੀ ਦੇ ਕਿੰਨੇ ਬੱਚਿਆਂ ਨੂੰ ਉਹ ਆਪਣੇ ਨਾਲ ਤੋਰਨ ਵਿਚ ਸਫ਼ਲ ਹੁੰਦਾ ਹੈ।
ਸਾਡੀ ਸਿੱਖਿਆ ਦਾ ਮਾੜਾ ਪੱਖ ਇਹ ਹੈ ਕਿ ਬੱਚੇ ਪੜ੍ਹਾਏ ਜਾ ਰਹੇ ਵਿਸ਼ੇ ਬਾਰੇ ਕੋਈ ਪ੍ਰਸ਼ਨ ਨਹੀਂ ਕਰਦੇ। ਜਦੋਂ ਤੱਕ ਬੱਚਿਆਂ ਦੇ ਮਨ ਵਿਚ ਸਵਾਲ ਪੁੱਛਣ ਦੀ ਪ੍ਰਵਿਰਤੀ ਨਹੀਂ ਪੈਦਾ ਹੁੰਦੀ, ਉਦੋਂ ਤੱਕ ਕਿਸੇ ਬੁਨਿਆਦੀ ਨੁਕਤੇ ਅਤੇ ਸੰਕਲਪਾਂ ਨੂੰ ਸਮਝਿਆ ਨਹੀਂ ਜਾ ਸਕਦਾ। ਅਧਿਆਪਕ, ਬੱਚਿਆਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨ। ਅਧਿਆਪਕ ਕਲਾਸ ਦੇ ਮਾਹੌਲ ਨੂੰ ਸਹਿਜ ਬਣਾ ਕੇ ਰੱਖਣ ਲਈ ਯਤਨਸ਼ੀਲ ਹੋਵੇ। ਪੜ੍ਹਾਈ ਦੀ ਲਗਾਤਾਰਤਾ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣੀ ਚਾਹੀਦੀ। ਅਧਿਆਪਕ ਲਈ ਇਸ ਤੋਂ ਮਹੱਤਵਪੂਰਨ ਕੋਈ ਕਾਰਜ ਨਹੀਂ ਹੋਣਾ ਚਾਹੀਦਾ। ਮੌਜੂਦਾ ਸਥਿਤੀ ਇਹ ਹੈ ਕਿ ਅਧਿਆਪਕ ਦਾ ਬਹੁਤਾ ਸਮਾਂ ਹੋਰ ਕੰਮਾਂ ਵਿਚ ਹੀ ਅਜਾਈਂ ਨਸ਼ਟ ਹੋ ਜਾਂਦਾ ਹੈ। ਸਿੱਖਿਆ ਦੇ ਪੱਧਰ ਨੂੰ ਮਿਆਰੀ ਬਣਾਉਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਧਿਆਪਕ ਪਾਸੋਂ ਪੜ੍ਹਾਉਣ ਤੋਂ ਬਿਨਾਂ ਸਭ ਕੰਮ ਵਾਪਸ ਲਏ ਜਾਣ। ਉਸ ਦੀ ਸਾਰੀ ਸ਼ਕਤੀ ਤੇ ਸਮਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਤੇ ਹੀ ਲੱਗਣਾ ਚਾਹੀਦਾ ਹੈ। ਅਧਿਆਪਕ ’ਤੇ ਕੁਝ ਠੋਸਣ ਦੀ ਨੀਤੀ ਮਾਰੂ ਸਾਬਤ ਹੁੰਦੀ ਹੈ, ਇਸ ਲਈ ਉਸ ਨੂੰ ਅਕਾਦਮਿਕ ਆਜ਼ਾਦੀ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ।
ਸਕੂਲ ਦਾ ਮਾਹੌਲ ਅਜਿਹਾ ਬਣੇ ਕਿ ਵਿਦਿਆਰਥੀ ਸਿੱਖਣ ਦੇ ਚਾਅ ਨਾਲ ਭਰਿਆ ਖ਼ੁਸ਼ੀ-ਖ਼ੁਸ਼ੀ ਸਕੂਲ ਆਵੇ। ਹਰ ਬੱਚੇ ਵਿਚ ਕੋਈ ਨਾਂ ਕੋਈ ਵਿਸ਼ੇਸ਼ ਗੁਣ ਹੁੰਦਾ ਹੈ। ਅਧਿਆਪਕ ਅਜਿਹੇ ਗੁਣ ਦੀ ਪਰਖ ਕਰ ਕੇ ਬੱਚੇ ਨੂੰ ਚੰਗੇ ਰਾਹ ਤੋਰ ਸਕਦਾ ਹੈ। ਹਰ ਸਮੇਂ ਬੱਚਿਆਂ ਨੂੰ ਉਨ੍ਹਾਂ ਦੀਆਂ ਘਾਟਾਂ ਕਮਜ਼ੋਰੀਆਂ ਦਾ ਅਹਿਸਾਸ ਕਰਾਈ ਜਾਣਾ ਵੀ ਉਨ੍ਹਾਂ ਅੰਦਰ ਸਿੱਖਣ ਦੀ ਰੁਚੀ ਨੂੰ ਖੁੰਢਾ ਕਰ ਦਿੰਦਾ ਹੈ। ਘਟੀਆਪਣ ਦੇ ਅਹਿਸਾਸ ਨਾਲ ਬੱਚਾ ਮਨੋਵਿਗਿਆਨਕ ਤੌਰ ’ਤੇ ਪੀੜਤ ਹੋ ਜਾਂਦਾ ਹੈ। ਬੱਚੇ ਨੂੰ ਇਹ ਅਹਿਸਾਸ ਕਰਾਉਣ ਦੀ ਜੁਗਤ ਅਧਿਆਪਕ ਨੂੰ ਅਪਣਾਉਣੀ ਚਾਹੀਦੀ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਕਿਵੇਂ ਦੂਰ ਕਰੇ।
ਜੇ ਸਿੱਖਿਆ ਸੰਸਥਾ ’ਚ ਕਾਰਜ ਕਰਨ ਵਾਲਾ ਹਰ ਵਿਅਕਤੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਆਪਣਾ ਫ਼ਰਜ਼ ਨਿਭਾਉਣ ਪ੍ਰਤੀ ਯਤਨਸ਼ੀਲ ਹੋ ਜਾਵੇ ਤਾਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ’ਚ ਕੋਈ ਦਿੱਕਤ ਨਹੀਂ ਹੈ। ਵਿਦਿਅਕ ਮਾਹੌਲ ਤਾਂ ਹੀ ਕਾਇਮ ਹੋ ਸਕਦਾ ਹੈ ਜੇ ਸਰਕਾਰ, ਸਮਾਜ ਤੇ ਅਧਿਆਪਕ ਸਮਰਪਿਤ ਭਾਵਨਾ ਨਾਲ ਸਿੱਖਿਆ ਪ੍ਰਤੀ ਕਾਰਜਸ਼ੀਲ ਹੋਣ। ਸਿੱਖਿਆ ਵਿਭਾਗ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਅਧਿਆਪਨ ਕਾਰਜ ਦੀ ਮੂਲ ਕੜੀ ਅਧਿਆਪਕ ਹੈ। ਹਰ ਸੂਰਤ ’ਚ ਉਸ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ। ਸਿੱਖਿਆ ਸਬੰਧੀ ਕੋਈ ਵੀ ਫ਼ੈਸਲਾ ਅਧਿਆਪਕ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ।
ਸੰਪਰਕ: 98153-56086