For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਨੂੰ ਕਾਲਪਨਿਕ ਧਾਰਨਾਵਾਂ ਨਾਲ ਨਹੀਂ ਚਲਾਇਆ ਜਾ ਸਕਦਾ: ਆਦੀ ਗਰਗ

08:37 AM Aug 29, 2024 IST
ਸਿੱਖਿਆ ਨੂੰ ਕਾਲਪਨਿਕ ਧਾਰਨਾਵਾਂ ਨਾਲ ਨਹੀਂ ਚਲਾਇਆ ਜਾ ਸਕਦਾ  ਆਦੀ ਗਰਗ
ਸਮਾਗਮ ਮਗਰੋਂ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ‘ਟ੍ਰਿਬਿਊਨ’ ਸਮੂਹ ਦੇ ਨੁਮਾਇੰਦੇ। -ਫੋਟੋ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਗਸਤ
‘ਟੈਕਨਾਲੋਜੀ ਇੰਟੀਗਰੇਸ਼ਨ ਇਨ ਸਕੂਲ: ਅਪਰਚਿਊਨਟੀ ਐਂਡ ਚੈਲੇਂਜ’ ਵਿਸ਼ੇ ’ਤੇ ਇੱਥੇ ਇੱਕ ਨਿੱਜੀ ਹੋਟਲ ਵਿੱਚ ‘ਟ੍ਰਿਬਿਊਨ ਅਖਬਾਰ ਸਮੂਹ’ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਪ੍ਰਿੰਸੀਪਲ ਮੀਟ ਕਰਵਾਈ ਗਈ। ਪ੍ਰਸਿੱਧ ਮਨੋਵਿਗਿਆਨੀ ਅਤੇ ਕਰੀਅਰ ਕੌਂਸਲ ਚੰਡੀਗੜ੍ਹ ਦੇ ਆਦੀ ਗਰਗ ਇਸ ਸਮਾਗਮ ਵਿਚ ‘ਗੈਸਟ ਆਫ ਆਨਰ’ ਵਜੋਂ ਸ਼ਾਮਲ ਹੋਏ। ਉਨ੍ਹਾਂ ਇੱਥੇ 70 ਤੋਂ ਵੱਧ ਪ੍ਰਿੰਸੀਪਲਾਂ ਨੂੰ ਸਿੱਖਿਆ ਵਿੱਚ ਹੋ ਰਹੇ ਬਦਲਾਅ ਤੇ ਨਵੇਂ ਰੁਝਾਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਇੱਕ ਅਜਿਹਾ ਜ਼ਰੂਰੀ ਹਿੱਸਾ ਹੈ, ਜਿਸ ਨੂੰ ਕਾਲਪਨਿਕ ਧਾਰਨਾਵਾਂ ਤਹਿਤ ਬਿਲਕੁਲ ਨਹੀਂ ਚਲਾਇਆ ਜਾ ਸਕਦਾ ਸਗੋਂ ਇਸ ਵਿੱਚ ਪੁਖ਼ਤਾ ਫ਼ੈਸਲੇ ਲੈਣ ਦੀ ਲੋੜ ਹੁੰਦੀ ਹੈ ਕਿਉਂਕਿ ਸਕੂਲ ਤੇ ਅਧਿਆਪਕ ਬੱਚੇ ਦੇ ਭਵਿੱਖ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਆਦੀ ਗਰਗ ਨੇ ਸਕੂਲ ਪੱਧਰ ’ਤੇ ਅਧਿਆਪਨ-ਸਿਖਲਾਈ ਨੂੰ ਪ੍ਰਭਾਵੀ ਬਣਾਉਣ ਲਈ ਮਾਤਾ-ਪਿਤਾ-ਅਧਿਆਪਕ ਭਾਈਵਾਲੀ ਦੀ ਮਜ਼ਬੂਤੀ ਦੀ ਵਕਾਲਤ ਕੀਤੀ। ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਹਾਂਪੱਖੀ ਆਪਸੀ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, ‘‘ਮਾਪਿਆਂ ਦੀ ਭੂਮਿਕਾ ਸਕੂਲ ਨੂੰ ਫ਼ੀਸਾਂ ਦੇਣ ਨਾਲ ਖ਼ਤਮ ਨਹੀਂ ਹੁੰਦੀ, ਸਗੋਂ ਉਨ੍ਹਾਂ ਦੀ ਵਧੇਰੇ ਸ਼ਮੂਲੀਅਤ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਨੂੰ ਅਧਿਆਪਕਾਂ ’ਤੇ ਵੱਧ ਭਰੋਸਾ ਕਰਨ ਦੀ ਲੋੜ ਹੁੰਦੀ ਹੈ।’’ ਉਨ੍ਹਾਂ ਕਿਹਾ, ‘‘ਜੇ ਹਰ ਸਕੂਲ ਵਿੱਚ ਇੱਕ ਵੀ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਛੂਹ ਸਕਦਾ ਹੈ ਅਤੇ ਉਨ੍ਹਾਂ ਨਾਲ ਇੱਕ ਮਜ਼ਬੂਤ ਰਿਸ਼ਤਾ ਬਣਾ ਸਕਦਾ ਹੈ ਤਾਂ ਪੜ੍ਹਾਉਣਾ ਅਤੇ ਸਿੱਖਣਾ ਸੱਚਮੁੱਚ ਪ੍ਰਭਾਵਸ਼ਾਲੀ ਹੋਵੇਗਾ।’’ ਉਨ੍ਹਾਂ ਕਿਹਾ, ‘‘ਅਧਿਆਪਕਾਂ ਨੂੰ ਸਿਰਫ਼ ਹੁਸ਼ਿਆਰ ਵਿਦਿਆਰਥੀਆਂ ’ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ ਅਤੇ ਹੌਲੀ ਸਿੱਖਣ ਦੀ ਸਮਰੱਥਾ ਵਾਲੇ ਵਿਦਿਆਰਥੀਆਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਇੱਕ ਅਧਿਆਪਕ ਦਾ ਫ਼ਰਜ਼ ਸਭ ਤੋਂ ਹੋਣਹਾਰ ਵਿਦਿਆਰਥੀ ਪ੍ਰਤੀ ਵੀ ਉਂਨਾ ਹੀ ਹੁੰਦਾ ਹੈ ਜਿੰਨਾ ਇਕ ਵਿਸ਼ੇਸ਼ ਵਿਦਿਆਰਥੀ ਪ੍ਰਤੀ ਹੁੰਦਾ ਹੈ। ਇਸੇ ਤਰ੍ਹਾਂ ਡਾਟਾ ਟਰੈਵਲ ਮੈਨੇਜਮੈਂਟ ਵੱਲ ਵੀ ਖ਼ਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਡਾਟਾ ਬਹੁਤ ਅਹਿਮ ਬਣ ਗਿਆ ਹੈ।’’ ਸ੍ਰੀ ਗਰਗ ਨੇ ਕਿਹਾ ਕਿ ‘‘ਪੂਰਕ ਸਾਧਨਾਂ ਵਜੋਂ ਮਸਨੂਈ ਬੌਧਕਿਤਾ ਹੀ ਨਹੀਂ ਸਗੋਂ ਕੁਦਰਤੀ ਬੌਧਿਕਤਾ ਦੀ ਵੀ ਲੋੜ ਹੈ।’’
ਚਿਤਕਾਰਾ ਯੂਨੀਵਰਸਿਟੀ ਦੀ ਡਾਇਰੈਕਟਰ ਪ੍ਰਿਤੀ ਚੌਧਰੀ ਨੇ ਯੂਨੀਵਰਸਿਟੀ ਦੀ ਅਕਾਦਮਿਕਤਾ ਤੇ ਹਰ ਵਿਭਾਗ, ਕਲਾਸਾਂ ਦੀ ਬਣਤਰ, ਲਾਇਬ੍ਰੇਰੀ ਤੋਂ ਲੈ ਕੇ ਵਿਦਿਆਰਥੀਆਂ ਵੱਲੋਂ ਤਕਨੀਕੀ ਸਿੱਖਿਆ ਵਿੱਚ ਵਰਤੇ ਜਾਂਦੇ ਉਪਕਰਨਾਂ ਦੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਬੱਚਿਆਂ ਦਾ ਭਵਿੱਖ ਨਿਖਾਰਨ ਵਿਚ ਅਹਿਮ ਰੋਲ ਨਿਭਾਉਂਦੀ ਹੋਈ ਹੈ ਅਤੇ ਉਨ੍ਹਾਂ ਦੀ 100 ਫੀਸਦੀ ਪਲੈਸਮੈਂਟ ਵੀ ਕਰਾਉਂਦੀ ਹੈ। ਇਸ ਮੌਕੇ ਕੈਂਟਲ ਸਕੂਲ ਦੇ ਪ੍ਰਿੰਸੀਪਲ ਸ੍ਰੀ ਚੰਦ ਸ਼ਰਮਾ ਨੇ ਕਿਹਾ ਕਿ ਅੱਜ ਦਾ ਸੈਸ਼ਨ ਪ੍ਰਭਾਵਸ਼ਾਲੀ ਸੀ। ਇਸ ਮੌਕੇ ‘ਟ੍ਰਿਬਿਊਨ’ ਗਰੁੱਪ ਵੱਲੋਂ ਇਸ਼ਤਿਹਾਰ ਮੈਨੇਜਰ ਅਜੈ ਠਾਕੁਰ, ਸਰਕੂਲੇਸ਼ਨ ਮੈਨੇਜਰ ਮੁਕੇਸ਼ ਕਲਕੋਟੀ, ਕਰਮਵੀਰ ਅਤੇ ਸੰਦੀਪ ਸ਼ਰਮਾ ਤੋਂ ਇਲਾਵਾ ਚਿਤਕਾਰਾ ਯੂਨੀਵਰਸਿਟੀ ਦਾ ਸਟਾਫ ਵੀ ਮੌਜੂਦ ਰਿਹਾ।

Advertisement

Advertisement
Advertisement
Author Image

joginder kumar

View all posts

Advertisement