ਸਿੱਖਿਆ ਤੇ ਖੇਡਾਂ ਚੰਗੇ ਨਾਗਰਿਕ ਬਣਨ ’ਚ ਸਹਾਈ: ਕਟਾਰੂਚੱਕ
ਪੱਤਰ ਪ੍ਰੇਰਕ
ਪਠਾਨਕੋਟ, 13 ਨਵੰਬਰ
ਅੱਜ ਕ੍ਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਸੁਜਾਨਪੁਰ ਵਿਖੇ ਸਲਾਨਾ ਸਪੋਰਟਸ ਮੀਟ ਕੀਤੀ ਗਈ। ਜਿਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਵੱਲੋਂ ਖੇਡਾਂ ਦਾ ਝੰਡਾ ਨੂੰ ਲਹਿਰਾਇਆ ਗਿਆ ਅਤੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦਾ ਮਾਰਚ ਪਾਸਟ ਰਾਹੀਂ ਨਿਰੀਖਣ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਠਾਕੁਰ ਭੁਪਿੰਦਰ ਸਿੰਘ, ਫਾਦਰ ਜੌਨ ਅਦਿਆਕੁਨਾਲ, ਪ੍ਰਿੰਸੀਪਲ ਸਿਸਟਰ ਬਿੰਦੂ, ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ ਅਤੇ ਸਟਾਫ ਮੈਂਬਰ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਸਾਡੇ ਜੀਵਨ ਨੂੰ ਗਤੀ ਪ੍ਰਦਾਨ ਕਰਦੀਆਂ ਹਨ ਅਤੇ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਂਦੇ ਹਨ, ਉਹ ਸਰੀਰਕ ਤੌਰ ’ਤੇ ਤਾਂ ਤੰਦਰੁਸਤ ਹੁੰਦੇ ਹੀ ਹਨ ਬਲ ਕਿ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਹਰੇਕ ਵਿਦਿਆਰਥੀ ਦੇ ਲਈ ਜ਼ਰੂਰੀ ਹੈ ਕਿ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜ਼ਰੂਰ ਲਵੇ। ਇਸ ਮਗਰੋਂ ਖਿਡਾਰੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।