ਕੇਜਰੀਵਾਲ ਦੇ ਫੋਨ ’ਚੋਂ ਚੋਣ ਰਣਨੀਤੀ ਜਾਣਨਾ ਚਾਹੁੰਦੀ ਹੈ ਈਡੀ: ਆਤਿਸ਼ੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਮਾਰਚ
ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਭਾਜਪਾ ਦੇ ਸਿਆਸੀ ਹਥਿਆਰ ਵਾਂਗ ਕੰਮ ਕਰ ਰਹੀ ਹੈ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੋਬਾਈਲ ਪ੍ਰਾਪਤ ਕਰਕੇ ‘ਆਪ’ ਦੀ ਲੋਕ ਸਭਾ ਚੋਣਾਂ ਦੀ ਰਣਨੀਤੀ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਦੋਸ਼ ਲਾਇਆ ਕਿ ਈਡੀ ਵੱਲੋਂ ਕੇਜਰੀਵਾਲ ਦੇ ਮੋਬਾਈਲ ਦੀ ਜਾਂਚ ’ਤੇ ਜ਼ੋਰ ਦੇਣਾ ਸਾਬਤ ਕਰਦਾ ਹੈ ਕਿ ਇਹ ਏਜੰਸੀ ਭਾਜਪਾ ਦੇ ‘ਸਿਆਸੀ ਹਥਿਆਰ’ ਵਜੋਂ ਕੰਮ ਕਰ ਰਹੀ ਹੈ। ਕੈਬਨਿਟ ਮੰਤਰੀ ਆਤਿਸ਼ੀ ਨੇ ਕਿਹਾ, ‘‘ਦਰਅਸਲ, ਇਹ ਭਾਜਪਾ ਹੈ ਨਾ ਕਿ ਈਡੀ, ਜੋ ਇਹ ਜਾਣਨਾ ਚਾਹੁੰਦੀ ਹੈ ਕਿ ਕੇਜਰੀਵਾਲ ਦੇ ਮੋਬਾਈਲ ਵਿੱਚ ਕੀ ਹੈ?’’ ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਆਬਕਾਰੀ ਨੀਤੀ 2021-22 ਵਿੱਚ ਲਾਗੂ ਕੀਤੀ ਗਈ ਅਤੇ ਮੁੱਖ ਮੰਤਰੀ ਦਾ ਮੌਜੂਦਾ ਮੋਬਾਈਲ ਮਹਿਜ਼ ਕੁਝ ਮਹੀਨੇ ਪੁਰਾਣਾ ਹੈ। ਆਤਿਸ਼ੀ ਅਨੁਸਾਰ, ‘‘ਈਡੀ ਨੇ ਕਿਹਾ ਹੈ ਕਿ ਉਸ ਵੇਲੇ ਦਾ ਕੇਜਰੀਵਾਲ ਦਾ ਫੋਨ ਉਪਲਬਧ ਨਹੀਂ ਹੈ ਤੇ ਹੁਣ ਉਹ ਉਨ੍ਹਾਂ ਦੇ ਨਵੇਂ ਮੋਬਾਈਲ ਦਾ ਪਾਸਵਰਡ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਇਸ ਲਈ ਮੋਬਾਈਲ ਚਾਹੁੰਦੇ ਹਨ ਕਿ ਇਸ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਰਣਨੀਤੀ, ਪ੍ਰਚਾਰ ਮੁਹਿੰਮ ਦੀਆਂ ਯੋਜਨਾਵਾਂ, ਇੰਡੀਆ ਗੱਠਜੋੜ ਦੇ ਨੇਤਾਵਾਂ ਨਾਲ ਗੱਲਬਾਤ ਦੀ ਜਾਣਕਾਰੀ ਅਤੇ ਮੀਡੀਆ ਅਤੇ ਸੋਸ਼ਲ ਮੀਡੀਆ ਰਣਨੀਤੀ ਨਾਲ ਸਬੰਧਤ ਸੂਚਨਾ ਲੱਭ ਸਕਣ। ਇਸ ਦੌਰਾਨ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਭਾਜਪਾ ਦੇ ਇਰਾਦੇ ਦਾ ਪਰਦਾਫਾਸ਼ ਕੇਂਦਰੀ ਏਜੰਸੀ ਦੇ ਵਕੀਲ ਨੇ ਕੱਲ੍ਹ ਰਾਊਜ਼ ਐਵੇਨਿਊ ਅਦਾਲਤ ਵਿੱਚ ਹੀ ਕੀਤਾ ਸੀ, ਜਿਸ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਕੁਝ ਦਿਨ ਹੋਰ ਹਿਰਾਸਤ ਵਿੱਚ ਰੱਖਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਫੋਨ ਦਾ ਪਾਸਵਰਡ ਨਹੀਂ ਦੱਸਿਆ ਹੈ।