ਦਾਊਦ ਦੇ ਭਰਾ ਖ਼ਿਲਾਫ਼ ਕੇਸ ’ਚ ਈਡੀ ਨੇ ਫਲੈਟ ਕਬਜ਼ੇ ’ਚ ਲਿਆ
ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੀ ਇੱਕ ਜਾਂਚ ਤਹਿਤ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਦੇ ਇੱਕ ਕਥਿਤ ਸਹਿਯੋਗੀ ਦੇ ਨਾਂ ’ਤੇ ਮਹਾਰਾਸ਼ਟਰ ਦੇ ਠਾਣੇ ’ਚ 55 ਲੱਖ ਰੁਪਏ ਦੀ ਕੀਮਤ ਦਾ ਇੱਕ ਫਲੈਟ ਕਬਜ਼ੇ ’ਚ ਲਿਆ ਹੈ। ਈਡੀ ਦੇ ਸੂਤਰਾਂ ਨੇ ਅੱਜ ਦੱਸਿਆ ਕਿ ਠਾਣੇ ਪੱਛਮ ’ਚ ਨਿਓਪੋਲਿਸ ਬਿਲਡਿੰਗ ਸਥਿਤ ਰਿਹਾਇਸ਼ੀ ਇਕਾਈ ਨੂੰ ਉਸ ਦੇ ਮਾਲਿਕ ਮੁਮਤਾਜ਼ ਐਜ਼ਾਜ਼ ਸ਼ੇਖ ਖ਼ਿਲਾਫ਼ 2022 ’ਚ ਪੀਐੱਮਐੱਲਏ ਤਹਿਤ ਜਾਰੀ ਇੱਕ ਹੁਕਮ ਤਹਿਤ ਕੁਰਕ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਫਲੈਟ ਕਬਜ਼ੇ ’ਚ ਲੈਣ ਦੀ ਪ੍ਰਕਿਰਿਆ ਹਾਲ ਹੀ ਵਿੱਚ ਪੂਰੀ ਹੋਈ ਹੈ। ਈਡੀ ਨੇ ਪਹਿਲਾਂ ਇੱਕ ਬਿਆਨ ’ਚ ਦੋਸ਼ ਲਾਇਆ ਸੀ ਕਿ ਇਹ ਫਲੈਟ ਕਾਸਕਰ ਤੇ ਹੋਰ ਲੋਕਾਂ ਨੇ ਠਾਣੇ ਦੇ ਰੀਅਲ ਅਸਟੇਟ ਡਿਵੈਲਪਰ ਸੁਰੇਸ਼ ਦੇਵੀਚੰਦ ਮਹਿਤਾ ਤੋਂ ਜਬਰੀ ਲਿਆ ਸੀ। ਏਜੰਸੀ ਨੇ ਕਿਹਾ, ‘ਮਹਿਤਾ ਆਪਣੇ ਭਾਈਵਾਲ ਨਾਲ ਦਰਸ਼ਨ ਐਂਟਰਪ੍ਰਾਈਜ਼ਿਜ਼ ਫਰਮ ਰਾਹੀਂ ਇਮਾਰਤ ਉਸਾਰੀ ਦਾ ਕਾਰੋਬਾਰ ਕਰ ਰਹੇ ਸਨ। ਮੁਲਜ਼ਮਾਂ ਇਕਬਾਲ ਕਾਸਕਰ, ਮੁਮਤਾਜ਼ ਸ਼ੇਖ ਅਤੇ ਇਸਰਾਰ ਅਲੀ ਜਮੀਲ ਸਯਦ ਨੇ ਅੰਡਰ ਵਰਲਡ ਗੈਂਗਸਟਰ ਦਾਊਦ ਇਬਰਾਹਿਮ ਕਾਸਕਰ ਨਾਲ ਨੇੜਤਾ ਦੇ ਚਲਦਿਆਂ ਮੁਮਤਾਜ਼ ਐਜ਼ਾਜ਼ ਸ਼ੇਖ ਦੇ ਨਾਂ ਠਾਣੇ ’ਚ ਇੱਕ ਫਲੈਟ ਹੜੱਪ ਲਿਆ।’ -ਪੀਟੀਆਈ