ED should be disbanded; ਈਡੀ ਨੂੰ ਭੰਗ ਕਰ ਦੇਣਾ ਚਾਹੀਦਾ ਹੈ: ਅਖਿਲੇਸ਼ ਯਾਦਵ
ਭੁਵਨੇਸ਼ਵਰ, 16 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਭੰਗ ਕਰ ਦੇਣਾ ਚਾਹੀਦਾ ਹੈ ਕਿਉਂਕਿ ਆਰਥਿਕ ਅਪਰਾਧਾਂ ਦੀ ਜਾਂਚ ਲਈ ਹੋਰ ਏਜੰਸੀਆਂ ਵੀ ਹਨ। ਪੁਰੀ ਦੇ ਜਗਨਨਾਥ ਮੰਦਰ ਜਾਂਦੇ ਸਮੇਂ ਭੁਵਨੇਸ਼ਵਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਇਸਨੇ ਐਨਫੋਰਸਮੈਂਟ ਡਾਇਰੈਕਟੋਰੇਟ ਬਣਾਇਆ ਸੀ ਅਤੇ ਹੁਣ ਉਸੇ ਏਜੰਸੀ ਕਾਰਨ ਇਹ ਮੁਸੀਬਤ ਦਾ ਸਾਹਮਣਾ ਕਰ ਰਹੀ ਹੈ। ਕਾਂਗਰਸ ਵੱਲੋਂ ਜਾਂਚ ਏਜੰਸੀ ਖ਼ਿਲਾਫ਼ ਕੀਤੇ ਜਾ ਰਹੇ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਮੈਂ ਨੈਸ਼ਨਲ ਹੈਰਾਲਡ ਦੀ ਬਜਾਏ ਈਡੀ ਬਾਰੇ ਬੋਲਣਾ ਚਾਹਾਂਗਾ। ਕਾਂਗਰਸ ਨੇ ਈਡੀ ਬਣਾਈ ਅਤੇ ਹੁਣ ਇਹ ਇਸੇ ਏਜੰਸੀ ਕਾਰਨ ਮੁਸੀਬਤ ਵਿੱਚ ਹੈ। ਮੈਂ ਪਹਿਲਾਂ ਇੱਕ ਬਹੁਤ ਹੀ ਸੀਨੀਅਰ ਪੱਤਰਕਾਰ ਨੂੰ ਕਿਹਾ ਸੀ ਕਿ ਆਰਥਿਕ ਅਪਰਾਧਾਂ ਦੀ ਜਾਂਚ ਲਈ ਆਮਦਨ ਕਰ ਵਿਭਾਗ ਵਰਗੇ ਬਹੁਤ ਸਾਰੇ ਸੰਗਠਨ ਹਨ। ਇਸ ਲਈ ਈਡੀ ਦੀ ਕੋਈ ਲੋੜ ਨਹੀਂ ਹੈ। ਇਸਨੂੰ ਭੰਗ ਕਰ ਦੇਣਾ ਚਾਹੀਦਾ ਹੈ।’’ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਤੇ ਹੋਰਾਂ ਵਿਰੁੱਧ ਇੱਕ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿੱਚ ਉਨ੍ਹਾਂ 'ਤੇ 988 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ।
ਭਾਜਪਾ ਦੀ 'ਡਬਲ ਇੰਜਣ' ਸਰਕਾਰ ਮਾਡਲ ਦੀ ਸਫਲਤਾ ਬਾਰੇ ਪੁੱਛੇ ਜਾਣ ’ਤੇ ਯਾਦਵ ਨੇ ਕਿਹਾ ਕਿ ਦੋਵੇਂ ਇੰਜਣ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਲੀਹਾਂ ’ਤੇ ਚੱਲ ਰਹੇ ਹਨ। -ਪੀਟੀਆਈ