ਜਲੰਧਰ ਵਿੱਚ ਈਡੀ ਵੱਲੋਂ 178.12 ਕਰੋੜ ਦੀ ਜਾਇਦਾਦ ਜ਼ਬਤ
ਹਤਿੰਦਰ ਮਹਿਤਾ
ਜਲੰਧਰ, 7 ਫਰਵਰੀ
ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ, ਬਿੱਗ ਬੁਆਏ ਟੋਆਇਜ਼ ਅਤੇ ਹੋਰਾਂ ਕੰਪਨੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਜਾਂਚ ਵਿੱਚ ਈਡੀ ਨੇ ਪੀਐੱਮਐੱਲਏ 2002 ਦੀਆਂ ਧਾਰਾਵਾਂ ਤਹਿਤ 6 ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ, 73 ਬੈਂਕ ਖਾਤਿਆਂ ਵਿੱਚ ਬੈਂਕ ਬੈਲੇਂਸ ਅਤੇ 26 ਲਗਜ਼ਰੀ ਗੱਡੀਆਂ ਅਸਥਾਈ ਤੌਰ ’ਤੇ ਅਟੈਚ ਕੀਤੀਆਂ ਹਨ। ਇਸ ਸਾਰੇ ਸਾਮਾਨ ਦੀ ਬਾਜ਼ਾਰੀ ਕੀਮਤ ਕਰੀਬ 178.12 ਕਰੋੜ ਰੁਪਏ ਹੈ। ਦੱਸਣਯੋਗ ਹੈ ਕਿ ਈਡੀ ਨੇ 17 ਤੋਂ 20 ਜਨਵਰੀ ਤੱਕ ਮੰਦੇਸ਼ੀ ਫੂਡਜ਼ ਪ੍ਰਾਈਵੇਟ ਲਿਮਟਿਡ, ਪਲੈਂਕਡਾਟ ਪ੍ਰਾਈਵੇਟ ਲਿਮਟਿਡ, ਬਾਈਟ ਕੈਨਵਾਸ ਐੱਲਐੱਲਪੀ, ਸਕਾਈਵਰਸ, ਸਕਾਈਲਿੰਕ ਨੈੱਟਵਰਕ ਅਤੇ ਵਿਊਨਾਓ ਮਾਰਕਟਿੰਗ ਅਤੇ ਬਿੱਗ ਬੁਆਏ ਟੋਆਇਜ਼ ਨਾਲ ਸਬੰਧਤ ਇਕਾਈਆਂ ਦੇ ਖ਼ਿਲਾਫ਼ ਛਾਪੇ ਮਾਰੇ ਸਨ, ਜਿਸ ਵਿੱਚ ਉਨ੍ਹਾਂ ਕੋਲੋਂ ਇੱਕ ਲੈਂਡ ਕਰੂਜ਼ਰ (2.20 ਕਰੋੜ), ਮਰਸੀਡੀਜ਼ ਜੀ-ਵੈਗਨ (4 ਕਰੋੜ), 3 ਲੱਖ ਰੁਪਏ ਨਕਦ, ਇਤਰਾਜ਼ਯੋਗ ਦਸਤਾਵੇਜ਼, ਰਿਕਾਰਡ ਅਤੇ ਡਿਜੀਟਲ ਉਪਕਰਨਾਂ ਸਮੇਤ ਸਾਮਾਨ ਜ਼ਬਤ ਕੀਤਾ ਸੀ। ਈਡੀ ਦੀ ਸ਼ਿਕਾਇਤ ’ਤੇ ਨੋਇਡਾ ਦੀ ਗੌਤਮ ਬੁੱਧ ਨਗਰ ਪੁਲੀਸ ਨੇ ਕੇਸ ਦਰਜ ਕੀਤਾ ਸੀ।
ਈਡੀ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਹੋਰ ਕੰਪਨੀਆਂ ਨਾਲ ਮਿਲ ਕੇ ਕਈ ਨਿਵੇਸ਼ਕਾਂ ਨਾਲ ਧੋਖਾ ਕੀਤਾ ਹੈ। ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨੇ ਲਗਜ਼ਰੀ ਵਾਹਨ ਖ਼ਰੀਦੇ। ਸੈਂਕੜੇ ਰੁਪਏ ਦੇ ਫੰਡਾਂ ਨੂੰ ਸ਼ੈੱਲ ਕੰਪਨੀਆਂ ਰਾਹੀਂ ਰੂਟ ਕੀਤਾ ਗਿਆ ਅਤੇ ਜਾਇਦਾਦਾਂ ਵਿੱਚ ਨਿਵੇਸ਼ਾਂ ਰਾਹੀਂ ਹੋਰ ਮੋੜਿਆ ਗਿਆ। ਇਸ ਤੋਂ ਪਹਿਲਾਂ, ਪੀਐੱਮਐੱਲਏ 2002 ਦੇ ਪ੍ਰਬੰਧਾਂ ਦੇ ਤਹਿਤ, 26 ਨਵੰਬਰ 2024 ਨੂੰ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਅਤੇ ਸਬੰਧਤ ਇਕਾਈਆਂ ਦੇ ਵੱਖ-ਵੱਖ ਦਫਤਰਾਂ ਦੀ ਵੀ ਤਲਾਸ਼ੀ ਲਈ ਸੀ।