ਈਡੀ ਨੇ ਨੀਰਜ ਅਰੋੜਾ ਨੂੰ ਛੇ ਦਿਨਾ ਰਿਮਾਂਡ ’ਤੇ ਲਿਆ
ਪਾਲ ਸਿੰਘ ਨੌਲੀ
ਜਲੰਧਰ, 9 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਨੇ ਲੋਕਾਂ ਨਾਲ ਠੱਗੀਆਂ ਮਾਰ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਹੜੱਪਣ ਵਾਲੇ ਕਾਰੋਬਾਰੀ ਨੀਰਜ ਅਰੋੜਾ ਨੂੰ 6 ਦਿਨ ਦੇ ਰਿਮਾਂਡ ’ਤੇ ਲਿਆ ਹੈ। ਨੀਰਜ ਫਾਜ਼ਿਲਕਾ ਵਿੱਚ ਵੱਡੇ ਪੱਧਰ ’ਤੇ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਉਹ ਪੁਲੀਸ ਦੇ ਇੱਕ ਕੇਸ ਵਿੱਚ ਭਗੌੜਾ ਚੱਲ ਰਿਹਾ ਸੀ। ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਈਡੀ ਨੇ ਉਸ ਨੂੰ 6 ਦਿਨਾਂ ਲਈ ਆਪਣੇ ਕੋਲ ਹਿਰਾਸਤ ਵਿੱਚ ਲੈ ਲਿਆ ਹੈ। ਨੀਰਜ ਵੱਲੋਂ ਆਪਣੀ ਕੰਪਨੀ ਮੈਸਰਜ਼ ਨੇਚਰ ਹਾਈਟਸ ਇਨਫਰਾ ਲਿਮਟਿਡ ਰਾਹੀ ਲੋਕਾਂ ਨਾਲ ਕੀਤੇ ਕਰੋੜਾਂ ਰੁਪਏ ਦੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਈਡੀ ਨੇ ਨੀਰਜ ਅਰੋੜਾ ਵਿਰੁੱਧ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਪੰਜਾਬ ਪੁਲੀਸ ਨੇ ਪਹਿਲਾਂ ਹੀ ਉਸ ਵਿਰੁੱਧ ਵੱੱਖ-ਵੱਖ ਧਾਰਾਵਾਂ ਤਹਿਤ ਕਈ ਕੇਸ ਦਰਜ ਕੀਤੇ ਹੋਏ ਹਨ।
ਈਡੀ ਨੇ ਪੰਜਾਬ ਪੁਲੀਸ ਵੱਲੋਂ ਦਰਜ ਕੀਤੀਆਂ ਬਹੁਤ ਸਾਰੀਆਂ ਐਫਆਈਆਰਜ਼ ਦੇ ਅਧਾਰ ’ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਲੋਕਾਂ ਕੋਲੋਂ ਠੱਗੇ ਪੈਸੇ ਨੂੰ ਮਨੀ ਲਾਂਡਰਿੰਗ ਵਰਗਾ ਅਪਰਾਧ ਮੰਨਿਆ ਹੈ। ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੀਰਜ ਨੇ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਪੈਸੇ ਨਾਲ ਜਾਇਦਾਦਾਂ ਖਰੀਦੀਆਂ ਸਨ। ਈਡੀ ਨੇ ਉਸ ਦੇ ਬੈਂਕ ਖਾਤਿਆਂ ਵਿੱਚ ਪਏ 46.02 ਕਰੋੜ ਰੁਪਏ ਜ਼ਬਤ ਕਰ ਲਏ ਹਨ। ਈਡੀ ਨੇ ਉਸ ਦੀਆਂ ਜਾਿੲਦਾਦਾਂ ਿੲਸ ਸਬੰਧੀ ਕੁਰਕ ਕਰ ਲਈਆਂ ਹਨ। ਦੱਸਿਆ ਗਿਆ ਹੈ ਕਿ ਉਸ ਦੀਆਂ ਜਾਿੲਦਾਦਾਂ ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹਨ। ਈਡੀ ਨੇ ਨੀਰਜ ਖ਼ਿਲਾਫ਼ ਕਾਰਵਾਈ ਪੰਜਾਬ ਪੁਲੀਸ ਵੱਲੋਂ ਕੇਸ ਦਰਜ ਕਰਨ ਮਗਰੋਂ ਕੀਤੀ ਸੀ। ਰਿਮਾਂਡ ਦੌਰਾਨ ਈਡੀ ਨੂੰ ਉਸ ਤੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।