ਸੀਨੀਅਰ ਕਾਂਗਰਸੀ ਆਗੂ ਦੇ ਟਿਕਾਣਿਆਂ ’ਤੇ ਈਡੀ ਦੇ ਛਾਪੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਸਤੰਬਰ
ਇਲਾਕੇ ਦੇ ਉੱਘੇ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਅਤੇ ਉਨ੍ਹਾਂ ਦੇ ਹੋਰ ਵਪਾਰਕ ਅਦਾਰਿਆਂ ’ਤੇ ਅੱਜ ਤੜਕੇ ਈਡੀ ਵੱਲੋਂ ਛਾਪਾ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਰਾਜਦੀਪ ਸਿੰਘ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਲਕਾ ਸਮਰਾਲਾ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾਗਿੱਲ ਦੇ ਅਤਿ ਕਰੀਬੀ ਸਾਥੀ ਹਨ। ਜਲੰਧਰ ਤੋਂ ਆਏ ਈਡੀ ਦੇ ਅਧਿਕਾਰੀਆਂ ਨੇ ਖੰਨਾ ਨੇੜਲੇ ਪਿੰਡ ਇਕੋਲਾਹੀ ਵਿੱਚ ਰਾਜਦੀਪ ਦੇ ਘਰ ਤੋਂ ਇਲਾਵਾ ਅਨਾਜ ਮੰਡੀ ਖੰਨਾ ਵਿੱਚ ਆੜ੍ਹਤ ਵਾਲੀ ਦੁਕਾਨ ਅਤੇ ਇੱਥੋਂ ਦੀ ਮਾਰਕੀਟ ਖੰਨਾ ਸਿਟੀ ਸੈਂਟਰ ’ਤੇ ਵੀ ਛਾਪਾ ਮਾਰਿਆ। ਇਹ ਦੋਵੇਂ ਵਪਾਰਕ ਅਦਾਰੇ ਰਾਜਦੀਪ ਦੇ ਰਾਜਾਗਿੱਲ ਨਾਲ ਸਾਂਝੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜੋ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਈਡੀ ਦੀ ਗ੍ਰਿਫ਼ਤ ਵਿੱਚ ਹੋਣ ਕਰਕੇ ਜੇਲ੍ਹ ਵਿੱਚ ਹਨ, ਦੇ ਨਾਲ ਜੁੜੇ ਮਾਮਲੇ ਸਬੰਧੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਦੀਪ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੀ ਜਾਂਚ ਹੋ ਰਹੀ ਹੈ।