ਤਾਮਿਲਨਾਡੂ ਦੇ ਮੰਤਰੀ ਪੋਨਮੁਡੀ ਦੇ ਟਿਕਾਣਿਆਂ ’ਤੇ ਈਡੀ ਦੇ ਛਾਪੇ
ਚੇਨੱਈ, 17 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਗੈਰਕਾਨੂੰਨੀ ਰੇਤ ਖ਼ਣਨ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਕੇਸ ਵਿਚ ਡੀਐਮਕੇ ਆਗੂ ਤੇ ਤਾਮਿਲਨਾਡੂ ਦੇ ਉਚੇਰੀ ਸਿੱਖਿਆ ਮੰਤਰੀ ਕੇ. ਪੋਨਮੁਡੀ ਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਗੌਤਮ ਸਿਗਾਮਣੀ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਸੂਤਰਾਂ ਮੁਤਾਬਕ ਏਜੰਸੀ ਨੇ ਮੰਤਰੀ ਦੇ ਟਿਕਾਣਿਆਂ ਤੋਂ ਕਰੀਬ 70 ਲੱਖ ਰੁਪਏ ਨਗਦ ਤੇ ਕੁਝ ਪਾਊਂਡ ਬਰਾਮਦ ਕੀਤੇ ਹਨ। ਛਾਪਿਆਂ ਤੋਂ ਬਾਅਦ ਰਾਤ ਨੂੰ ਈਡੀ ਦੇ ਅਧਿਕਾਰੀ ਸਖ਼ਤ ਸੁਰੱਖਿਆ ਹੇਠ ਪੋਨਮੁਡੀ ਨੂੰ ਚੇਨਈ ਸਥਿਤ ਏਜੰਸੀ ਦੇ ਦਫ਼ਤਰ ਲੈ ਗਏ ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਛਾਪਿਆਂ ਦੀ ਕਾਰਵਾਈ ਕਰੀਬ 10 ਘੰਟੇ ਤੱਕ ਚੱਲੀ। ਦੱਸਣਯੋਗ ਹੈ ਕਿ 72 ਸਾਲਾ ਪੋਨਮੁਡੀ, ਮੁੱਖ ਮੰਤਰੀ ਐਮਕੇ ਸਟਾਲਨਿ ਦੀ ਅਗਵਾਈ ਵਾਲੀ ਕੈਬਨਿਟ ਵਿਚੋਂ ਈਡੀ ਦੇ ਘੇਰੇ ’ਚ ਆਉਣ ਵਾਲੇ ਦੂਜੇ ਮੰਤਰੀ ਹਨ। ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਸੇਂਥਿਲ ਬਾਲਾਜੀ ’ਤੇ ਜੂਨ ਵਿਚ ਈਡੀ ਵੱਲੋਂ ਛਾਪੇ ਮਾਰੇ ਗਏ ਸਨ। ਇਸ ਕੇਸ ਵਿਚ ਨੌਕਰੀਆਂ ਬਦਲੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਗਿਆ ਹੈ। ਈਡੀ ਨੇ ਇਹ ਛਾਪੇ ਰਾਜਧਾਨੀ ਚੇਨੱਈ ਤੇ ਪੋਨਮੁਡੀ ਦੇ ਇਲਾਕੇ ਵਿਲੁਪੁਰਮ ਵਿਚ ਮਾਰੇ ਹਨ। ਸੱਤਾਧਾਰੀ ਡੀਐਮਕੇ ਨੇ ਇਸ ਕਾਰਵਾਈ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ। ਏਜੰਸੀ ਨੇ ਕੁਝ ਦਸਤਾਵੇਜ਼ ਵੀ ਕਬਜ਼ੇ ਵਿਚ ਲਏ ਹਨ। ਛਾਪਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਡੀਐਮਕੇ ਦੇ ਪ੍ਰਧਾਨ ਸਟਾਲਨਿ ਨੇ ਅੱਜ ਕਿਹਾ ਕਿ ਈਡੀ ਨੇ ‘ਚੋਣ ਮੁਹਿੰਮ’ ’ਚ ਸ਼ਮੂਲੀਅਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪੋਨਮੁਡੀ ਖ਼ਿਲਾਫ਼ ਦਰਜ ਕੇਸ ‘ਝੂੁਠਾ’ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਈਡੀ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। -ਪੀਟੀਆਈ