ਈਡੀ ਵੱਲੋਂ ਨਾਮੀ ਬਿਲਡਰ ਤੇ ਕਲੋਨਾਈਜ਼ਰ ਦੇ ਟਿਕਾਣਿਆਂ ’ਤੇ ਛਾਪੇ
ਗਗਨਦੀਪ ਅਰੋੜਾ
ਲੁਧਿਆਣਾ, 4 ਅਕਤੂਬਰ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਸਨਅਤੀ ਸ਼ਹਿਰ ਵਿੱਚ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਨੇ ਛਾਪੇ ਮਾਰੇ। ਈਡੀ ਦੀ ਟੀਮ ਨੇ ਸ਼ਹਿਰ ਦੇ ਨਾਮੀ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਵਿਕਾਸ ਪਾਸੀ ਦੇ ਸਰਾਭਾ ਨਗਰ ਸਥਿਤ ਪਾਸੀ ਮੈਨਸ਼ਨ ’ਤੇ ਛਾਪਾ ਮਾਰਿਆ। ਇਸ ਦੇ ਨਾਲ ਹੀ ਈਡੀ ਦੀ ਟੀਮ ਨੇ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਵਿਕਾਸ ਪਾਸੀ ਦੇ ਦਫ਼ਤਰ ’ਤੇ ਵੀ ਛਾਪਾ ਮਾਰਿਆ। ਹਾਲਾਂਕਿ ਈਡੀ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਇਹ ਛਾਪੇਮਾਰੀ ਕਿਸ ਮਾਮਲੇ ’ਚ ਕੀਤੀ ਜਾ ਰਹੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਰੀਅਲ ਅਸਟੇਟ ਨਾਲ ਜੁੜੇ ਇਕ ਵੱਡੇ ਮਾਮਲੇ ਦੀ ਜਾਂਚ ਦੌਰਾਨ ਵਿਕਾਸ ਪਾਸੀ ਦਾ ਨਾਂ ਸਾਹਮਣੇ ਆਇਆ ਸੀ ਜਿਸ ਕਾਰਨ ਛਾਪੇਮਾਰੀ ਕੀਤੀ ਗਈ ਹੈ।
ਈਡੀ ਨੇ ਸਰਾਭਾ ਨਗਰ ਸਥਿਤ ਪਾਸੀ ਦੇ ਘਰ ਤੇ ਫਿਰੋਜ਼ਪੁਰ ਰੋਡ ’ਤੇ ਸਥਿਤ ਉਨ੍ਹਾਂ ਦੇ ਦਫ਼ਤਰ ਨੂੰ ਵੀ ਘੇਰ ਲਿਆ। ਈਡੀ ਨੇ ਅੰਦਰ ਬੈਠੇ ਸਾਰੇ ਜਣਿਆਂ ਤੋਂ ਪੁੱਛ-ਪੜਤਾਲ ਕੀਤੀ। ਜ਼ਿਕਰਯੋਗ ਹੈ ਕਿ ਵਿਕਾਸ ਪਾਸੀ ਦੀ ਐਪਲ ਹਾਈਟਸ ਨਾਮ ਦੀ ਆਪਣੀ ਕੰਪਨੀ ਹੈ। ਵਿਕਾਸ ਪਾਸੀ ਸ਼ਹਿਰ ਦਾ ਇੱਕ ਮਸ਼ਹੂਰ ਕਲੋਨਾਈਜ਼ਰ ਅਤੇ ਰੀਅਲ ਅਸਟੇਟ ਵਿੱਚ ਨਾਮੀ ਚਿਹਰਾ ਹੈ। ਈਡੀ ਦੀ ਛਾਪੇਮਾਰੀ ਤੋਂ ਬਾਅਦ ਲੁਧਿਆਣਾ ਦੇ ਰੀਅਲ ਅਸਟੇਟ ਨਾਲ ਜੁੜੇ ਸਾਰੇ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਈ ਨਾਮੀ ਕਾਰੋਬਾਰੀ ਸ਼ਹਿਰ ਛੱਡ ਕੇ ਚਲੇ ਗਏ ਹਨ। ਈਡੀ ਨੇ ਸਵੇਰੇ 6 ਵਜੇ ਦੇ ਕਰੀਬ ਸਾਰੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਤੇ ਕਈ ਘੰਟੇ ਪੁੱਛਗਿੱਛ ਜਾਰੀ ਰਹੀ ਪਰ ਈਡੀ ਅਧਿਕਾਰੀ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।