‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ
ਗਗਨਦੀਪ ਅਰੋੜਾ
ਲੁਧਿਆਣਾ, 7 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸੁਵੱਖਤੇ ਇਥੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਹਿਯੋਗੀ ਫਾਇਨਾਂਸਰ ਹੇਮੰਤ ਸੂਦ ਦੇ ਘਰ ਛਾਪੇ ਮਾਰੇ ਹਨ। ਸੂਦ ਨੂੰ ਅਰੋੜਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਈਡੀ ਦੀਆਂ ਵੱਖ-ਵੱਖ ਟੀਮਾਂ ਨੇ ਚੰਡੀਗੜ੍ਹ ਰੋਡ ਸਥਿਤ ਹੈਂਪਟਨ ਹੋਮਜ਼ ਪ੍ਰਾਜੈਕਟ ’ਚ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਫਲੈਟ ਤੇ ਸਰਾਭਾ ਨਗਰ ’ਚ ਫਿੰਡੋਕ ਕੰਪਨੀ ਦੇ ਮਾਲਕ ਫਾਈਨਾਂਸਰ ਹੇਮੰਤ ਸੂਦ ਦੇ ਘਰ ਛਾਪੇ ਮਾਰੇ ਅਤੇ ਆਉਂਦੇ ਸਾਰ ਹੀ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਕਰਕੇ ਉਨ੍ਹਾਂ ਦੇ ਫ਼ੋਨ ਅਤੇ ਹੋਰ ਸਾਮਾਨ ਕਬਜ਼ੇ ’ਚ ਲੈ ਲਿਆ। ਸੂਤਰਾਂ ਮੁਤਾਬਕ ਹੈਂਪਟਨ ਹੋਮਜ਼ ਨਾਲ ਸਬੰਧਤ ਜ਼ਮੀਨ ਅਤੇ ਵਿਦੇਸ਼ੀ ਲੈਣ-ਦੇਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਈਡੀ ਨੇ ਦੋਨਾਂ ਦੇ ਘਰਾਂ ਵਿੱਚੋਂ ਕੁਝ ਰਿਕਾਰਡ ਵੀ ਕਬਜ਼ੇ ਵਿੱਚ ਲਿਆ ਹੈ। ਇਸ ਤੋਂ ਇਲਾਵਾ ਹੈਂਪਟਨ ਹੋਮਜ਼ ਦੇ ਦਫ਼ਤਰ ’ਚ ਵੀ ਚੈਕਿੰਗ ਕੀਤੀ ਗਈ, ਜਿੱਥੋਂ ਈਡੀ ਨੇ ਕਈ ਚੀਜ਼ਾਂ ਜ਼ਬਤ ਕੀਤੀਆਂ ਹਨ। ਕਾਰਵਾਈ ਦੌਰਾਨ ਦੋਵਾਂ ਘਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਅੰਦਰ ਬਾਹਰ ਆਉਣ-ਜਾਣ ਆਗਿਆ ਨਾ ਦਿੱਤੀ ਗਈ। ਦੂਜੇ ਪਾਸੇ ‘ਆਪ’ ਸੰਸਦ ਮੈਂਬਰ ਵਿਰੁੱਧ ਈਡੀ ਦੀ ਕਾਰਵਾਈ ਤੋਂ ਨਾਰਾਜ਼ ‘ਆਪ’ ਵਰਕਰਾਂ ਅਤੇ ਆਗੂਆਂ ਨੇ ਹੈਂਪਟਨ ਹੋਮਜ਼ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਈਡੀ ਨੇ ਅੱਜ ਜਦੋਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਫਿੰਡੋਕ ਕੰਪਨੀ ਦੇ ਮਾਲਕ ਤੇ ਫਾਇਨਾਂਸਰ ਹੇਮੰਤ ਸੂਦ ਦੇ ਦਸਤਕ ਦਿੱਤੀ ਤਾਂ ਉਦੋਂ ਦੋਵੇਂ ਪਰਿਵਾਰ ਸੁੱਤੇ ਸਨ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦਰਵਾਜ਼ੇ ਖੁੱਲ੍ਹਣ ਮਗਰੋਂ ਅੰਦਰ ਜਾਂਦਿਆਂ ਹੀ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਫ਼ੋਨ ਵੀ ਜ਼ਬਤ ਕਰ ਲਏ ਗਏ। ਈਡੀ ਨੂੰ ਕੁਝ ਵਿਦੇਸ਼ੀ ਲੈਣ-ਦੇਣ ਬਾਰੇ ਪਤਾ ਲੱਗਾ ਹੈ, ਜਿਸ ਦੀ ਜਾਂਚ ਦੇ ਦੌਰਾਨ ‘ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਹੇਮੰਤ ਸੂਦ ਦਾ ਨਾਮ ਸਾਹਮਣੇ ਆਇਆ ਸੀ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀ ਨੇ ਛਾਪਾ ਮਾਰਿਆ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੇ ਹੈਂਪਟਨ ਹੋਮਜ਼ ਵਾਲੀ ਜ਼ਮੀਨ ਇੰਡਸਟਰੀ ਬਣਾਉਣ ਲਈ ਦਿੱਤੀ ਸੀ ਪਰ ਉਥੇ ਪ੍ਰਾਈਵੇਟ ਕਲੋਨੀ ਬਣਾ ਦਿੱਤੀ ਗਈ ਹੈ। ਇਸ ਮਾਮਲੇ ਦੀ ਵੀ ਸਰਕਾਰ ਕੋਲ ਸ਼ਿਕਾਇਤ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਹੈਂਪਟਨ ਹੋਮਜ਼ ਪ੍ਰਾਜੈਕਟ ਕਾਰਨ ਵੀ ਸੰਜੀਵ ਅਰੋੜਾ ਅਤੇ ਹੇਮੰਤ ਸੂਦ ਦੀ ਨੇੜਤਾ ਹੈ।
ਅਰੋੜਾ ਨਾਲ ਸਬੰਧਤ ਕਾਰੋਬਾਰੀਆਂ ਦੇ ਟਿਕਾਣਿਆਂ ਦੀ ਤਲਾਸ਼ੀ
ਜਲੰਧਰ (ਹਤਿੰਦਰ ਮਹਿਤਾ): ਈਡੀ ਟੀਮ ਨੇ ਅੱਜ ਜਲੰਧਰ ’ਚ ਸੰਜੀਵ ਅਰੋੜਾ ਦੀ ਆਰਪੀਆਈਐੱਲ ਕੰਪਨੀ ਦੇ ਡਾਇਰੈਕਟਰ ਚੰਦਰ ਸ਼ੇਖਰ ਅਗਰਵਾਲ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ। ਟੀਮ ਨੇ ਜੀਟੀਬੀ ਨਗਰ ’ਚ ਅਗਰਵਾਲ ਦੇ ਘਰ ਅਤੇ ਨਕੋਦਰ ਰੋਡ (ਜਲੰਧਰ) ’ਤੇ ਸਥਿਤ ਦਫਤਰ ’ਤੇ ਇੱਕੋ ਸਮੇਂ ਦਸਤਕ ਦਿੱਤੀ। ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ੱਕੀ ਲੁਧਿਆਣਾ ’ਚ ਰਾਇਲ ਇੰਡਸਟਰੀਜ਼ ਦਾ ਪਰਦੀਪ ਅਗਰਵਾਲ ਹੈ। ਈਡੀ ਦੇ ਅਧਿਕਾਰੀਆਂ ਨੇ ਜਨਪਥ ਅਸਟੇਟ ਸਥਿਤ ਉਸ ਦੇ ਵਿਲਾ ਅਤੇ ਲੁਧਿਆਣਾ ਦੇ ਰਾਜਗੜ੍ਹ ਅਸਟੇਟ ਦੇ ਸਾਹਮਣੇ ਕੈਨਾਲ ਰੋਡ ‘ਤੇ ਸਥਿਤ ਦਫ਼ਤਰ ’ਚ ਵੀ ਛਾਪਾ ਮਾਰਿਆ।
ਜਾਂਚ ਵਿੱਚ ਸਹਿਯੋਗ ਦੇਵਾਂਗਾ: ਸੰਜੀਵ ਅਰੋੜਾ
‘ਆਪ’ ਦੇ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਉਹ ਜਾਂਚ ’ਚ ਈਡੀ ਨੂੰ ਸਹਿਯੋਗ ਦੇਣਗੇ। ‘ਐਕਸ’ ਉੱਤੇ ਪੋਸਟ ’ਚ ਅਰੋੜਾ ਨੇ ਕਿਹਾ, ‘ਇੱਕ ਇੱਜ਼ਤਦਾਰ ਤੇ ਕਾਨੂੰਨ ਪਸੰਦ ਨਾਗਰਿਕ ਹਾਂ। ਛਾਪੇ ਕਿਉਂ ਮਾਰੇ ਗਏ ਹਨ, ਇਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਹੈ ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਜਾਂਚ ਵਿਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਵਾਂਗਾ। ਮੈਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ।’