ਗਿਲਜੀਆ ਅਤੇ ਧਰਮਸੋਤ ਦੇ ਘਰਾਂ ਸਮੇਤ ਈਡੀ ਵੱਲੋਂ 15 ਟਿਕਾਣਿਆਂ ’ਤੇ ਛਾਪੇ
ਪਾਲ ਸਿੰਘ ਨੌਲੀ/ਰਾਮ ਸਰਨ ਸੂਦ
ਜਲੰਧਰ/ਅਮਲੋਹ, 30 ਨਵੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸੰਗਤ ਸਿੰਘ ਗਿਲਜੀਆ ਅਤੇ ਸਾਧੂ ਸਿੰਘ ਧਰਮਸੋਤ ਨਾਲ ਜੁੜੇ ਜੰਗਲਾਤ ਘੁਟਾਲੇ ਦੇ ਸਬੰਧ ਵਿੱਚ ਲਗਭਗ 15 ਥਾਵਾਂ ’ਤੇ ਛਾਪੇ ਮਾਰੇ। ਦੋਵੇਂ ਕਾਂਗਰਸੀ ਆਗੂ ਆਪਣੀ ਪਾਰਟੀ ਦੀ ਸਰਕਾਰ ਸਮੇਂ ਜੰਗਲਾਤ ਮੰਤਰੀ ਰਹੇ ਸਨ। ਜੰਗਲਾਤ ਵਿਭਾਗ ਵਿੱਚ ਹੋਏ ਬਹੁ ਕਰੋੜੀ ਘੁਟਾਲੇ ਬਾਰੇ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ।ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਰਮਸੋਤ ਦੇ ਅਮਲੋਹ ਅਤੇ ਸੰਗਤ ਸਿੰਘ ਗਿਲਜ਼ੀਆ ਦੇ ਹਲਕਾ ਟਾਂਡਾ ਵਿੱਚ ਪੈਂਦੇ ਪਿੰਡ ਗਿਲਜੀਆਂ ਵਿਚਲੇ ਘਰ ਅਤੇ ਉਨ੍ਹਾਂ ਦੇ ਸਾਬਕਾ ਓਐੱਸਡੀਜ਼, ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ, ਠੇਕੇਦਾਰਾਂ ਅਤੇ ਹੋਰਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ। ਈਡੀ ਨੇ ਲੁਧਿਆਣਾ, ਬਠਿੰਡਾ, ਮੁਹਾਲੀ, ਚੰਡੀਗੜ੍ਹ, ਹਿਸਾਰ ਅਤੇ ਨਵੀਂ ਦਿੱਲੀ ’ਚ ਵੀ ਛਾਪੇ ਮਾਰੇ ਹਨ। ਈਡੀ ਨੇ ਜਦੋਂ ਛਾਪਾ ਮਾਰਿਆ ਤਾਂ ਸੰਗਤ ਸਿੰਘ ਗਿਲਜ਼ੀਆ ਆਪਣੇ ਘਰ ’ਚ ਹੀ ਸਨ ਜੋ ਹੁਣੇ ਜਿਹੇ ਅਮਰੀਕਾ ਤੋਂ ਪਰਤੇ ਹਨ ਜਦਕਿ ਸਾਧੂ ਸਿੰਘ ਧਰਮਸੋਤ ਕਿਤੇ ਵੀ ਨਹੀਂ ਮਿਲੇ। ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਕੇਸ ਦੇ ਆਧਾਰ ’ਤੇ ਹੀ ਈਡੀ ਨੇ ਲਗਭਗ ਛੇ ਮਹੀਨੇ ਪਹਿਲਾਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਈਸੀਆਈਆਰ ਦਰਜ ਕੀਤਾ ਸੀ।