ਈਡੀ ਵੱਲੋਂ ਲਾਲੂ ਯਾਦਵ ਤੋਂ ਚਾਰ ਘੰਟੇ ਪੁੱਛ-ਪੜਤਾਲ
ਪਟਨਾ, 19 ਮਾਰਚ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਸਬੰਧ ’ਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੋਂ ਅੱਜ ਕਰੀਬ ਚਾਰ ਘੰਟੇ ਤੱਕ ਪੁੱਛ-ਪੜਤਾਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਲਾਲੂ ਸਵੇਰੇ ਸਾਢੇ 10 ਵਜੇ ਇਥੇ ਈਡੀ ਦੇ ਬੈਂਕ ਰੋਡ ਸਥਿਤ ਦਫ਼ਤਰ ’ਚ ਪੁੱਜੇ ਅਤੇ ਉਹ ਉਥੋਂ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਬਾਹਰ ਨਿਕਲੇ। ਉਨ੍ਹਾਂ ਨਾਲ ਆਰਜੇਡੀ ਦੀ ਪਾਟਲੀਪੁੱਤਰ ਤੋਂ ਸੰਸਦ ਮੈਂਬਰ ਅਤੇ ਵੱਡੀ ਧੀ ਮੀਸਾ ਭਾਰਤੀ ਵੀ ਸਨ। ਈਡੀ ਦਫ਼ਤਰ ਵੱਲ ਜਾਂਦੀ ਸੜਕ ’ਤੇ ਵੱਡੀ ਗਿਣਤੀ ਆਰਜੇਡੀ ਵਰਕਰ ਲਾਲੂ ਯਾਦਵ ਦੇ ਪੱਖ ’ਚ ਨਾਅਰੇਬਾਜ਼ੀ ਕਰਦੇ ਰਹੇ। ਆਰਜੇਡੀ ਮੁਖੀ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਉਹ ਕਾਰ ਅੰਦਰੋਂ ਹੱਥ ਹਿਲਾ ਕੇ ਚੁੱਪਚਾਪ ਉਥੋਂ ਚਲੇ ਗਏ। ਮੰਗਲਵਾਰ ਨੂੰ ਲਾਲੂ ਦੀ ਪਤਨੀ ਰਾਬੜੀ ਦੇਵੀ ਅਤੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਤੋਂ ਈਡੀ ਨੇ ਕਰੀਬ ਚਾਰ ਘੰਟੇ ਤੱਕ ਪੁੱਛ-ਪੜਤਾਲ ਕੀਤੀ ਸੀ। ਇਸ ਦੌਰਾਨ ਲਾਲੂ ਦੇ ਛੋਟੇ ਪੁੱਤਰ ਤੇਜਸਵੀ ਯਾਦਵ, ਜੋ ਮਾਮਲੇ ’ਚ ਸਹਿ-ਮੁਲਜ਼ਮ ਹੈ, ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਮਾਮਲਾ ਹੈ ਅਤੇ ਜਿੰਨਾ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਵੇਗਾ, ਓਨਾ ਹੀ ਉਹ ਹੋਰ ਮਜ਼ਬੂਤ ਹੋਣਗੇ। ਉਧਰ ਜਨਤਾ ਦਲ (ਯੂ) ਦੇ ਵਿਧਾਨ ਪਰਿਸ਼ਦ ਮੈਂਬਰ ਅਤੇ ਤਰਜਮਾਨ ਨੀਰਜ ਕੁਮਾਰ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਦੋਸ਼ ਫਰਜ਼ੀ ਹਨ ਅਤੇ ਲਾਲੂ ਯਾਦਵ ਨੇ ਜੋ ਗੁਨਾਹ ਕੀਤੇ ਹਨ, ਉਸ ਦੀ ਉਨ੍ਹਾਂ ਨੂੰ ਸਜ਼ਾ ਭੁਗਤਣੀ ਪੈ ਰਹੀ ਹੈ। -ਪੀਟੀਆਈ