For the best experience, open
https://m.punjabitribuneonline.com
on your mobile browser.
Advertisement

ਈਡੀ ਵੱਲੋਂ ਮਜੀਠੀਆ ਖ਼ਿਲਾਫ਼ ਮੁੜ ਸ਼ਿਕੰਜਾ ਕੱਸਣ ਦੀ ਤਿਆਰੀ

07:10 AM Sep 12, 2024 IST
ਈਡੀ ਵੱਲੋਂ ਮਜੀਠੀਆ ਖ਼ਿਲਾਫ਼ ਮੁੜ ਸ਼ਿਕੰਜਾ ਕੱਸਣ ਦੀ ਤਿਆਰੀ
Advertisement

* ਮਜੀਠੀਆ ਪਰਿਵਾਰ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 11 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸ਼ਿਕੰਜਾ ਕੱਸ ਸਕਦੀ ਹੈ, ਜਿਸ ਨਾਲ ਮਜੀਠੀਆ ਪਰਿਵਾਰ ਦੀਆਂ ਮੁਸ਼ਕਲਾਂ ਮੁੜ ਵਧਣ ਦੇ ਆਸਾਰ ਹਨ। ਈਡੀ ਨੇ ਹੁਣ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮਜੀਠੀਆ ਪਰਿਵਾਰ ਦੀਆਂ 2006-07 ਤੋਂ ਲੈ ਕੇ 2018-19 ਤੱਕ ਦੇ ਵਿੱਤੀ ਲੈਣ-ਦੇਣ ਦਾ ਵੇਰਵਾ ਮੰਗਿਆ ਹੈ। ਆਈਪੀਐੱਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਈਡੀ ਦੀ ਤਾਜ਼ਾ ਹਿਲਜੁਲ ਤੋਂ ਨਵੇਂ ਸੰਕੇਤ ਮਿਲ ਰਹੇ ਹਨ ਅਤੇ ਪਿਛਲੇ ਸਮੇਂ ਦੌਰਾਨ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੀ ਅੰਦਰੂਨੀ ਭੰਨਤੋੜ ਨੂੰ ਲੈ ਕੇ ਇੱਕ ਤਰੀਕੇ ਨਾਲ ਚੁੱਪ ਹੀ ਰਹੇ ਹਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਇੱਕ ਦੋ ਦਿਨਾਂ ਵਿਚ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿਚ ਆਏ ਵੇਰਵੇ ਈਡੀ ਨਾਲ ਸਾਂਝੇ ਕਰ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਮਜੀਠੀਆ ਪਰਿਵਾਰ ਦੀਆਂ ਕੰਪਨੀਆਂ ਦੇ ਵਿੱਤੀ ਲੈਣ ਦੇਣ ਦੀ ਇੱਕ ਵਿਸਥਾਰਤ ਸੂਚੀ ਤਿਆਰ ਕੀਤੀ ਹੈ। ਈਡੀ ਕਰੀਬ ਬੈਂਕ ਜ਼ਰੀਏ ਹੋਏ ਪਿਛਲੇ 13 ਸਾਲਾਂ ਦੇ ਲੈਣ ਦੇਣ ਨੂੰ ਜਾਣਨ ਦੀ ਇੱਛੁਕ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ 13 ਸਾਲਾਂ ’ਚੋਂ ਸਿਰਫ਼ ਦੋ ਸਾਲਾਂ ਦੌਰਾਨ ਹੀ ਕਥਿਤ ਸੌ-ਸੌ ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣ ਹੋਇਆ ਹੈ। ਈਡੀ ਨੇ ਉਪਰੋਕਤ ਅਰਸੇ ਦੌਰਾਨ ਨਗਦ ਰਾਸ਼ੀ, ਜੋ ਮਜੀਠੀਆ ਪਰਿਵਾਰ ਦੇ ਬੈਂਕ ਖਾਤਿਆਂ ਵਿਚ ਕਥਿਤ ਤੌਰ ’ਤੇ ਜਮ੍ਹਾਂ ਕਰਵਾਈ ਗਈ ਹੈ, ਬਾਰੇ ਵੀ ਜਾਣਨ ਦੀ ਇੱਛਾ ਜਤਾਈ ਹੈ। ਈਡੀ ਵੱਲੋਂ ਹਾਲ ਦੀ ਘੜੀ ਬੈਂਕ ਖਾਤਿਆਂ ਵਿਚ ਜਮ੍ਹਾਂ ਹੋਈ ਨਗ਼ਦ ਰਾਸ਼ੀ ’ਤੇ ਹੀ ਫੋਕਸ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਜ਼ਰੀਏ ਹੋਏ ਕਥਿਤ ਲੈਣ ਦੇਣ ਦੀ ਸੂਚੀ ਵੀ ਵਿਸ਼ੇਸ਼ ਜਾਂਚ ਟੀਮ ਨੇ ਤਿਆਰ ਕੀਤੀ ਹੈ। ਲੋਨ ਮੁਆਫ਼ੀ ਅਤੇ ਸ਼ੇਅਰ ਮੁੜ ਕਥਿਤ ਤੌਰ ’ਤੇ ਮੁਫ਼ਤ ਖਰੀਦੇ ਜਾਣ ਦਾ ਵੇਰਵਾ ਵੀ ਸਾਹਮਣੇ ਆਇਆ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਈਡੀ ਨੂੰ ਇਹ ਵੇਰਵੇ ਦੇਣ ਲਈ ਪੱਤਰ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਦਸੰਬਰ 2021 ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸ ਮਗਰੋਂ ਕੇਂਦਰੀ ਏਜੰਸੀ ਈਡੀ ਨੇ ਮਜੀਠੀਆ ਖ਼ਿਲਾਫ਼ ਦੁਬਾਰਾ ਜਾਂਚ ਸ਼ੁਰੂ ਕਰ ਦਿੱਤੀ ਸੀ।

Advertisement

‘ਮੈਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ’

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੇਸ ਈਡੀ ਹਵਾਲੇ ਕਰਨ ’ਤੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜ ਸਿਟ ਬਣਾ ਕੇ ਵੀ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ ਤਾਂ ਹੁਣ ਉਸ ਈਡੀ ਤੋਂ ਜਾਂਚ ਕਰਵਾਈ ਜਾ ਰਹੀ ਹੈ, ਜਿਸ ਨੂੰ ‘ਆਪ’ ਆਗੂ ਦਿਨ-ਰਾਤ ਗਾਲ੍ਹਾਂ ਕੱਢਦੇ ਆ ਰਹੇ ਹਨ। ਉਨ੍ਹਾਂ ਕਿਹਾ,‘ਭਗਵੰਤ ਮਾਨ ਜੀ ਅੱਜ ਤੁਸੀਂ ਮੇਰੇ ਅੱਗੇ ਹਾਰ ਗਏ ਹੋ ਕਿਉਂਕਿ ਚਲਾਨ ਪੇਸ਼ ਕਰਨ ਦੀ ਬਜਾਏ ਕੇਸ ਈਡੀ ਨੂੰ ਸੌਂਪਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ।’

ਸੂਚਨਾ ਪੰਜਾਬ ਸਰਕਾਰ ਨੇ ਖ਼ੁਦ ਭੇਜੀ: ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਈਡੀ ਵੱਲੋਂ ਮੁੜ ਅਜਿਹੇ ਕਦਮ ਚੁੱਕਣ ਪਿੱਛੇ ਨਿਰੋਲ ਸਿਆਸੀ ਕਾਰਨ ਹਨ, ਜਦੋਂ ਕਿ ਈਡੀ ਪਹਿਲਾਂ ਹੀ ਪੂਰੀ ਜਾਂਚ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਸ਼ ਤਹਿਤ ਇਹ ਕਾਰਵਾਈ ਚੱਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਭੱਜਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਆਪਸੀ ਵਿਉਂਤਬੰਦੀ ਤਹਿਤ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਈਡੀ ਨੇ ਪੰਜਾਬ ਸਰਕਾਰ ਤੋਂ ਸੂਚਨਾ ਨਹੀਂ ਮੰਗੀ ਬਲਕਿ ਪੰਜਾਬ ਸਰਕਾਰ ਨੇ ਖੁ਼ਦ ਪੱਤਰ ਲਿਖ ਕੇ ਜਾਂਚ ਅੱਗੇ ਵਧਾਉਣ ਲਈ ਕਿਹਾ ਹੈ।

Advertisement
Tags :
Author Image

joginder kumar

View all posts

Advertisement