ਈਡੀ ਵੱਲੋਂ ਦਿੱਲੀ ਆਬਕਾਰੀ ਮਾਮਲੇ ਵਿੱਚ ਨੌਵੀਂ ਚਾਰਜਸ਼ੀਟ ਦਾਇਰ
ਨਵੀਂ ਦਿੱਲੀ, 28 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਅੱਜ ਨੌਵੀਂ ਚਾਰਜਸ਼ੀਟ ਦਾਇਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਮਾਮਲੇ ’ਚ ਵਿਨੋਦ ਚੌਹਾਨ ਨੂੰ ਮੁਲਜ਼ਮ ਬਣਾਇਆ ਗਿਆ ਹੈ। ਉਸ ਨੂੰ ਜਾਂਚ ਏਜੰਸੀ ਨੇ ਮਈ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਜਾਣਕਾਰੀ ਅਨੁਸਾਰ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਨਵੀਂ ਅਤੇ ਨੌਵੀਂ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਈਡੀ ਨੇ ਆਬਕਾਰੀ ਮਾਮਲੇ ਵਿਚ ਹੁਣ ਤਕ 18 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ, ਬੀਆਰਐਸ ਆਗੂ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ ਕਵਿਤਾ ਅਤੇ ਕਈ ਸ਼ਰਾਬ ਦੇ ਕਾਰੋਬਾਰੀ ਸ਼ਾਮਲ ਹਨ। ਈਡੀ ਨੇ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਵਿੱਚ ਚੌਹਾਨ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ ਜਿਸ ਦਾ ਸਬੰਧ ਕਵਿਤਾ ਦੀ ਗ੍ਰਿਫ਼ਤਾਰੀ ਨਾਲ ਹੈ। ਈਡੀ ਨੇ ਕਿਹਾ, ‘ਕੇ ਕਵਿਤਾ ਦੇ ਸਟਾਫ਼ ਮੈਂਬਰਾਂ ਵਿੱਚੋਂ ਇੱਕ ਦੇ ਬਿਆਨ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਅਭਿਸ਼ੇਕ ਬੋਇਨਪੱਲੀ ਦੇ ਨਿਰਦੇਸ਼ਾਂ ’ਤੇ ਮੁਲਜ਼ਮ ਦਿਨੇਸ਼ ਅਰੋੜਾ ਦੇ ਦਫ਼ਤਰ ਤੋਂ ਨਗ਼ਦੀ ਵਾਲੇ ਦੋ ਭਾਰੀ ਬੈਗ ਇਕੱਠੇ ਕੀਤੇ ਅਤੇ ਵਿਨੋਦ ਚੌਹਾਨ ਨੂੰ ਦਿੱਤੇ।’ਇਸ ਤੋਂ ਇਲਾਵਾ ਉਸ ਨੇ ਟੋਡਾਪੁਰ, ਨਾਰਾਇਣਾ, ਨਵੀਂ ਦਿੱਲੀ ਨੇੜਿਉਂ ਨਗ਼ਦੀ ਵਾਲੇ ਦੋ ਬੈਗ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਮੁੜ ਵਿਨੋਦ ਚੌਹਾਨ ਦੇ ਹਵਾਲੇ ਕਰ ਦਿੱਤਾ। ਚੌਹਾਨ ਨੇ ਹਵਾਲਾ ਰਾਹੀਂ ਗੋਆ ਵਿੱਚ ‘ਆਪ’ ਦੇ ਚੋਣ ਪ੍ਰਚਾਰ ਲਈ ਇਸ ਪੈਸੇ ਨੂੰ ਭੇਜਿਆ। -ਪੀਟੀਆਈ