ਈਡੀ ਨੇ ਕਰਨਾਟਕ ਦੀ ਸੋਨਾ ਤਸਕਰੀ ਮਾਮਲੇ ’ਚ ਛਾਪੇ ਮਾਰੇ
ਬੰਗਲੂਰੂ, 13 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ ਕਥਿਤ ਸੋਨਾ ਤਸਕਰੀ ਗਰੋਹ ਦੀ ਵੱਡੀ ਸਾਜ਼ਿਸ਼ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਤਹਿਤ ਅੱਜ ਬੰਗਲੂਰੂ ਅਤੇ ਕੁਝ ਹੋਰ ਥਾਵਾਂ ’ਤੇ ਛਾਪੇ ਮਾਰੇ। ਕਰਨਾਟਕ ਦੇ ਮਾਲੀਆ ਖ਼ੁਫੀਆ ਡਾਇਰੈਕਟੋਰੇਟ (ਡੀਆਰਆਈ) ਨੇ ਹਾਲ ਹੀ ਵਿੱਚ ਸੋਨਾ ਤਸਕਰੀ ਦੇ ਮਾਮਲੇ ਵਿੱਚ ਇਕ ਅਦਾਕਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਸੀਬੀਆਈ ਦੀ ਐੱਫਆਈਆਰ ਅਤੇ ਡੀਆਰਆਈ ਦੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਆਰਆਈ ਦੇ ਮਾਮਲੇ ਵਿੱਚ ਅਦਾਕਾਰਾ ਰਾਨਿਆ ਰਾਓ ਨੂੰ ਸੋਨਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦਾ ਉਦੇਸ਼ ਹਵਾਈ ਅੱਡਿਆਂ ਰਾਹੀਂ ਸੋਨੇ ਦੀ ਤਸਕਰੀ ਦੀ ਵੱਡੀ ਸ਼ਾਜ਼ਿਸ਼ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ, ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਵਿਅਕਤੀਆਂ ਸਣੇ ਵੱਖ ਵੱਖ ਲੋਕਾਂ ਦੁਆਰਾ ਅਪਰਾਧ ਰਾਹੀਂ ਧਨ ਇਕੱਠਾ ਕੀਤੇ ਜਾਣ ਦੀ ਪੜਤਾਲ ਕਰਨਾ ਹੈ। ਸੂਤਰਾਂ ਮੁਤਾਬਕ ਕਰਨਾਟਕ ਵਿੱਚ ਬੰਗਲੂਰੂ ਸਣੇ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ
ਸੀਆਈਡੀ ਜਾਂਚ ਵਾਪਸ ਲੈਣ ਲਈ ਦਬਾਅ ਨਹੀਂ ਸੀ: ਪਰਮੇਸ਼ਵਰ
ਬੰਗਲੂਰੂ: ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਅੱਜ ਕਿਹਾ ਕਿ ਕੰਨੜ ਅਦਾਕਾਰਾ ਰਾਨਿਆ ਰਾਓ ਨਾਲ ਜੁੜੇ ਸੋਨਾ ਤਸਕਰੀ ਮਾਮਲੇ ਵਿੱਚ ਸੀਆਈਡੀ ਦੀ ਜਾਂਚ ਵਾਪਸ ਲੈਣ ਲਈ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਸੀ। ਕਰਨਾਟਕ ਸਰਕਾਰ ਨੇ ਰਾਨਿਆ ਦੇ ਸਬੰਧ ਵਿੱਚ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ (ਕੇਆਈਏ) ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਡਿਊਟੀ ਵਿੱਚ ਲਾਪ੍ਰਵਾਹੀ ਕੀਤੇ ਜਾਣ ਦੇ ਸਬੰਧ ਵਿੱਚ ਸੀਆਈਡੀ ਜਾਂਚ ਦੇ ਆਪਣੇ ਹੁਕਮਾਂ ਨੂੰ 24 ਘੰਟੇ ਦੇ ਅੰਦਰ ਹੀ ਵਾਪਸ ਲੈ ਲਿਆ ਹੈ। ਮੰਤਰੀ ਨੇ ਕਿਹਾ ਕਿਉਂਕਿ ਪਰਸੋਨਲ ਤੇ ਪ੍ਰਸ਼ਾਸਕ ਸੁਧਾਰ ਵਿਭਾਗ (ਡੀਪੀਏਆਰ) ਨੇ ਰਾਨਿਆ ਦੇ ਮਤਰੇਏ ਪਿਤਾ ਡੀਜੀਪੀ ਰੈਂਕ ਦੇ ਅਧਿਕਾਰੀ ਕੇ. ਰਾਮਚੰਦਰ ਰਾਓ ਦੀ ਸੰਭਾਵੀ ਭੂਮਿਕਾ ਦੀ ਜਾਂਚ ਲਈ ਵਧੀਕ ਮੁੱਖ ਸਕੱਤਰ ਗੌਰਵ ਗੁਪਤਾ ਨੂੰ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ, ਇਸ ਵਾਸਤੇ ਇਸ ਮਾਮਲੇ ਵਿੱਚ ਹੋਰ ਜਾਂਚ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸਾਹਮਣੇ ਆਉਂਦੇ ਹੀ ਉਨ੍ਹਾਂ ਨੇ ਹੀ ਨੇਮਾਂ ਵਿੱਚ ਹੋਈ ਲਾਪ੍ਰਵਾਹੀ ਦੀ ਸੀਆਈਡੀ ਜਾਂਚ ਦੇ ਹੁਕਮ ਦਿੱਤੇ ਸਨ। -ਪੀਟੀਆਈ