For the best experience, open
https://m.punjabitribuneonline.com
on your mobile browser.
Advertisement

ਈਡੀ ਵੱਲੋਂ ਮੁਹਾਲੀ, ਅੰਮ੍ਰਤਿਸਰ ਤੇ ਲੁਧਿਆਣਾ ’ਚ ਛਾਪੇ

06:43 AM Nov 01, 2023 IST
ਈਡੀ ਵੱਲੋਂ ਮੁਹਾਲੀ  ਅੰਮ੍ਰਤਿਸਰ ਤੇ ਲੁਧਿਆਣਾ ’ਚ ਛਾਪੇ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਰਿਹਾਇਸ਼ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮ ਅਤੇ (ਇਨਸੈੱਟ) ਕੁਲਵੰਤ ਸਿੰਘ ਦੀ ਫਾਈਲ ਫੋਟੋ। -ਫੋਟੋ: ਵਿੱਕੀ ਘਾਰੂ
Advertisement

ਚੰਡੀਗੜ੍ਹ/ਨਵੀਂ ਦਿੱਲੀ, 31 ਅਕਤੂਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਸ਼ਿਆਂ ਤੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਅੱਜ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਮੁਹਾਲੀ ਸਥਤਿ ਟਿਕਾਣਿਆਂ ਸਣੇ ਅੰਮ੍ਰਤਿਸਰ ਤੇ ਲੁਧਿਆਣਾ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਪੰਜਾਬ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਇਕੋ ਵੇਲੇ ਮਾਰੇ ਛਾਪਿਆਂ ਮੌਕੇ ਈਡੀ ਦੀ ਟੀਮ ਨਾਲ ਕੇਂਦਰੀ ਨੀਮ ਫੌਜੀ ਬਲਾਂ ਦੇ ਜਵਾਨ ਮੌਜੂਦ ਸਨ। ਈਡੀ ਨੇ ਛਾਪਿਆਂ ਲਈ ਪੀਐੱਮਐੈੱਲਏ ਐਕਟ ਵਿਚਲੀਆਂ ਵਿਵਸਥਾਵਾਂ ਤੇ ਪੰਜਾਬ ਪੁਲੀਸ ਵੱਲੋਂ ਨਾਰਕੋਟਿਕਸ ਤੇ ਨਸ਼ਾ ਤਸਕਰੀ ਕੇਸ ਵਿਚ ਦਰਜ ਐੱਫਆਈਆਰ ਨੂੰ ਅਧਾਰ ਬਣਾਇਆ ਹੈ। ਟੀਮਾਂ ਨੇ ਛਾਪਿਆਂ ਦੌਰਾਨ ਕਈ ਅਹਿਮ ਦਸਤਾਵੇਜ਼ ਤੇ ਨਗ਼ਦੀ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ।
ਮੁਹਾਲੀ (ਦਰਸ਼ਨ ਸਿੰਘ ਸੋਢੀ): ਈਡੀ ਦੀਆਂ ਟੀਮਾਂ ਨੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਰੀਅਲ ਅਸਟੇਟ ਕਾਰੋਬਾਰੀ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰ ਵਿੱਚ ਛਾਪਿਆਂ ਦੌਰਾਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਕਿਸੇ ਨੂੰ ਅੰਦਰ-ਬਾਹਰ ਨਹੀਂ ਜਾਣ ਦਿੱਤਾ। ਸਵੇਰੇ ਸੱਤ ਵਜੇ ਦੇ ਕਰੀਬ ਮਾਰੇ ਛਾਪੇ ਮੌਕੇ ਕੁਲਵੰਤ ਸਿੰਘ ਘਰ ਵਿੱਚ ਮੌਜੂਦ ਨਹੀਂ ਸਨ। ਉਹ ਸੋਮਵਾਰ ਦੁਪਹਿਰ ਦੇ ਦਿੱਲੀ ਗਏ ਹੋਏ ਸਨ, ਪ੍ਰੰਤੂ ਵਿਧਾਇਕ ਦੇ ਦੋਵੇਂ ਬੇਟੇ ਘਰ ਵਿੱਚ ਮੌਜੂਦ ਸਨ। ਉਂਜ ਛਾਪੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਦਿੱਲੀ ਤੋਂ ਪਰਤ ਆਏ। ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਸਿੱਧਾ ਕੋਠੀ ਦੇ ਅੰਦਰ ਚਲੇ ਗਏ। ਈਡੀ ਟੀਮ ਨੇ ਕੁਲਵੰਤ ਸਿੰਘ ਦੇ ਘਰ ਅੰਦਰ ਜਾਂਦਿਆਂ ਹੀ ਗੇਟ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਫੋਨ ਵੀ ਆਪਣੇ ਕੋਲ ਰਖਵਾ ਲਏ। ਵਿਧਾਇਕ ਦੇ ਘਰ ਦੇ ਬਾਹਰ ਹਥਿਆਰਬੰਦ ਸੁਰੱਖਿਆ ਕਰਮਚਾਰੀ ਤਾਇਨਾਤ ਰਹੇ। ਈਡੀ ਨੇ ਵਿਧਾਇਕ ਦੀ ਸੈਕਟਰ-71 ਸਥਤਿ ਰਿਹਾਇਸ਼ ਸਮੇਤ ਸੈਕਟਰ-82 ਅਤੇ ਸੈਕਟਰ-66 ਵਿਚਲੇ ਦਫ਼ਤਰਾਂ ਅਤੇ ਸੋਹਾਣਾ ਵਿੱਚ ਪ੍ਰਾਪਰਟੀ ਡੀਲਰ ਦੇ ਦਫ਼ਤਰ ਅਤੇ ਇੱਕ ਸੀਏ ਦੀ ਵੀ ਜਾਂਚ ਕੀਤੀ। ਈਡੀ ਦੀ ਕਾਰਵਾਈ ਦੀ ਸੂਚਨਾ ਮਿਲਦੇ ਹੀ ਵਿਧਾਇਕ ਦੇ ਸਮਰਥਕ ਅਤੇ ‘ਆਪ’ ਵਲੰਟੀਅਰ ਉਨ੍ਹਾਂ (ਕੁਲਵੰਤ ਸਿੰਘ) ਦੇ ਘਰ ਨੇੜਲੇ ਪਾਰਕ ਅਤੇ ਦਫ਼ਤਰ ਵਿੱਚ ਇਕੱਠੇ ਹੋ ਗਏ। ‘ਆਪ’ ਆਗੂ ਅਵਤਾਰ ਸਿੰਘ ਮੌਲੀ ਬੈਦਵਾਨ, ਬਲਾਕ ਪ੍ਰਧਾਨ ਹਰਪਾਲ ਸਿੰਘ ਚੰਨਾ, ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ ਫੂਲਰਾਜ ਸਿੰਘ ਆਦਿ ਨੇ ਈਡੀ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਲਕੇ 1 ਨਵੰਬਰ ਨੂੰ ਐੱਸਵਾਈਐੱਲ ਸਮੇਤ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਮੁੱਖ ਮੰਤਰੀ ਵੱਲੋਂ ਬਹਿਸ ਰੱਖੇ ਜਾਣ ਦੇ ਪ੍ਰੋਗਰਾਮ ਨੂੰ ਖ਼ਰਾਬ ਕਰਨ ਅਤੇ ਕੁਲਵੰਤ ਸਿੰਘ ਦੀ ਦਿੱਖ ਨੂੰ ਖਰਾਬ ਕਰਨ ਲਈ ਛਾਪੇ ਮਾਰੇ ਗਏ ਹਨ।

Advertisement

ਅੰਮ੍ਰਤਿਸਰ ਦੇ ਰਣਜੀਤ ਐਵੇਨਿਊ ਵਿੱਚ ਸ਼ਰਾਬ ਠੇਕੇਦਾਰ ਦੇ ਘਰ ਪੜਤਾਲ ਲਈ ਜਾਂਦੇ ਹੋਏ ਈਡੀ ਦੇ ਅਧਿਕਾਰੀ। -ਫੋਟੋ: ਵਿਸ਼ਾਲ ਕੁਮਾਰ

ਅੰਮ੍ਰਤਿਸਰ (ਜਗਤਾਰ ਸਿੰਘ ਲਾਂਬਾ): ਈਡੀ ਨੇ ਇੱਥੇ ਰਣਜੀਤ ਐਵੇਨਿਊ ਇਲਾਕੇ ਵਿੱਚ ਇੱਕ ਸ਼ਰਾਬ ਕਾਰੋਬਾਰੀ ਦੇ ਘਰ ਵਿੱਚ ਛਾਪੇ ਮਾਰੇ। ਇਸ ਕਾਰੋਬਾਰੀ ਦਾ ਸਬੰਧ ‘ਆਪ’ ਵਿਧਾਇਕ ਨਾਲ ਦੱਸਿਆ ਜਾਂਦਾ ਹੈ। ਸੰਘੀ ਜਾਂਚ ਏਜੰਸੀ ਨੇ ਸਵੇਰੇ 10 ਵਜੇ ਦੇ ਕਰੀਬ ਕਾਰੋਬਾਰੀ ਦੇ ਘਰ ਦਸਤਕ ਦਿੱਤੀ। ਜਾਂਚ ਟੀਮ ਰਾਤ 8 ਵਜੇ ਦੇ ਕਰੀਬ ਉਥੋਂ ਰਵਾਨਾ ਹੋਣ ਮੌਕੇ ਵੱਡੀ ਗਿਣਤੀ ਦਸਤਾਵੇਜ਼ ਤੇ ਲੱਖਾਂ ਰੁਪਏ ਦੀ ਨਗਦੀ ਜ਼ਬਤ ਕਰ ਕੇ ਆਪਣੇ ਨਾਲ ਲੈ ਗਈ ਹੈ। ਇਸ ਮਾਮਲੇ ਵਿਚ ਜਾਂਚ ਟੀਮ ਨੇ ਭਾਵੇਂ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਸ਼ਰਾਬ ਕਾਰੋਬਾਰੀ ਦੇ ਇਕ ਸਾਥੀ ਮੁਤਾਬਕ ਜ਼ਬਤ ਕੀਤੀ ਨਗਦੀ ਕਾਰੋਬਾਰ ਨਾਲ ਸਬੰਧਤ ਹੈ ਅਤੇ ਕੁਝ ਵੀ ਗੈਰਕਾਨੂੰਨੀ ਨਹੀਂ ਹੈ। ਉਧਰ ਇਸ ਮਾਮਲੇ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ, ਪੁਲੀਸ ਅਤੇ ਐਕਸਾਈਜ਼ ਵਿਭਾਗ ਨੇ ਚੁੱਪੀ ਧਾਰੀ ਰੱਖੀ।
ਲੁਧਿਆਣਾ (ਗਗਨਦੀਪ ਅਰੋੜਾ): ਈਡੀ ਨੇ ਅਕਸ਼ੈ ਛਾਬੜਾ ਡਰੱਗ ਕੇਸ ਨੂੰ ਲੈ ਕੇ ਅੱਜ ਸਵੇਰੇ ਸਨਅਤੀ ਸ਼ਹਿਰ ਦੇ ਪੁਰਾਣੇ ਇਲਾਕੇ ਵਿੱਚ ਮਨੀ ਐਕਸਚੇਂਜਰ ਸੰਜੈ ਤਾਂਗੜੀ ਦੇ ਘਰ ਛਾਪਾ ਮਾਰਿਆ, ਪਰ ਉਹ ਘਰ ਨਹੀਂ ਮਿਲਿਆ। ਟੀਮ ਦੇਰ ਸ਼ਾਮ ਤੱਕ ਉਸ ਦੇ ਘਰ ਤੇ ਦਫ਼ਤਰ ਵਿੱਚ ਫਰੋਲਾ ਫਰਾਲੀ ਕਰਦੀ ਰਹੀ। ਇਸ ਦੌਰਾਨ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਟੀਮਾਂ ਨੇ ਤਾਂਗੜੀ ਦੀਆਂ ਗੁੜ ਮੰਡੀ ਸਥਤਿ ਦੁਕਾਨਾਂ ’ਤੇ ਵੀ ਦਸਤਕ ਦਿੱਤੀ। ਸੂਤਰਾਂ ਮੁਤਾਬਕ ਈਡੀ ਨੂੰ ਸ਼ੱਕ ਹੈ ਕਿ ਡਰੱਗ ਕੇਸ ਦੇ ਸਰਗਨਾ ਅਕਸ਼ੈ ਛਾਬੜਾ ਦੀ ਤਾਂਗੜੀ ਨਾਲ ਕੋਈ ਸਾਂਝ ਹੈ। ਡਰੱਗ ਕੇਸ ਵਿੱਚ ਫੜ੍ਹੇ ਗਏ ਅਕਸ਼ੈ ਛਾਬੜਾ ਨੇ ਸ਼ਰਾਬ ਕਾਰੋਬਾਰ ਵਿੱਚ ਮੋਟਾ ਪੈਸਾ ਨਿਵੇਸ਼ ਕੀਤਾ ਹੋਇਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਟੀਮ ਨੇ ਅਕਸ਼ੈ ਛਾਬੜਾ ਨੂੰ ਪਿਛਲੇ ਸਾਲ ਜੈਪੁਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਐੱਨਸੀਬੀ ਵੱਲੋਂ ਲੁਧਿਆਣਾ ’ਚੋਂ ਬਰਾਮਦ 20 ਕਿਲੋ ਹੈਰੋਇਨ ਮਾਮਲੇ ਵਿਚ ਅਕਸ਼ੈ ਛਾਬੜਾ ਦਾ ਨਾਂ ਸਾਹਮਣੇ ਆਇਆ ਸੀ।

Advertisement
Author Image

joginder kumar

View all posts

Advertisement
Advertisement
×