ਈਡੀ ਵੱਲੋਂ ਪੰਜਾਬ ਅਤੇ ਨੋਇਡਾ ’ਚ ਪੰਜ ਥਾਵਾਂ ’ਤੇ ਛਾਪੇ
ਨਵੀਂ ਦਿੱਲੀ, 28 ਨਵੰਬਰ
ਵਿਊਨੋਅ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਤੇ ਸਬੰਧਤ ਫਰਮਾਂ ਤੇ ਵਿਅਕਤੀਆਂ ਖਿਲਾਫ਼ ਮਨੀ ਲਾਂਡਰਿੰਗ ਜਾਂਚ ਦੇ ਸਬੰਧ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਦੇ ਮੁਹਾਲੀ ਤੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਪੰਜ ਥਾਵਾਂ ’ਤੇ ਛਾਪੇ ਮਾਰੇ ਗਏ ਜਿਸ ਦੌਰਾਨ ਏਜੰਸੀ ਵੱਲੋਂ ਕਈ ਇਤਰਾਜ਼ਯੋਗ ਦਸਤਾਵੇਜ਼ ਤੇ ਰਿਕਾਰਡ ਜ਼ਬਤ ਕੀਤੇ ਹਨ। ਈਡੀ ਦੇ ਜਲੰਧਰ ਜ਼ੋਨ ਦਫ਼ਤਰ ਨੇ ਗੌਤਮ ਬੁੱਧ ਨਗਰ (ਨੋਇਡਾ) ਪੁਲੀਸ ਵੱਲੋਂ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਦਰਜ ਐੱਫਆਈਆਰ ਦੇ ਆਧਾਰ ’ਤੇ 26 ਨਵੰਬਰ ਨੂੰ ਤਲਾਸ਼ੀ ਮੁਹਿੰਮ ਚਲਾਈ ਸੀ। ਇਹ ਐੱਫਆਈਆਰ ਈਡੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਈਡੀ ਵੱਲੋਂ ਕੀਤੀ ਗਈ ਜਾਂਚ ਮੁਤਾਬਕ ਪਤਾ ਲੱਗਾ ਸੀ ਕਿ ਵਿਊਨੋਅ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਵਿਊਨੋਅ ਇਨਫੋਟੈੱਕ ਪ੍ਰਾਈਵੇਟ ਲਿਮਟਿਡ, ਜ਼ੇਬਾਈਟ ਇਨਫੋਟੈੱਕ ਪ੍ਰਾਈਵੇਟ ਲਿਮਟਿਡ ਤੇ ਜ਼ੇਬਾਈਟ ਰੈਂਟਲ ਪਲੈਨਟ ਪ੍ਰਾਈਵੇਟ ਲਿਮਟਿਡ ਨਾਲ ਮਿਲੀਭੁਗਤ ਕਰ ਕੇ ਕਈ ਨਿਵੇਸ਼ਕਾਂ ਨੂੰ ਕਲਾਊਡ ਪਾਰਟੀਕਲਜ਼ ਵੇਚਣ ਦਾ ਝਾਂਸਾ ਦੇ ਕੇ ਆਪਣੇ ਪੈਸੇ ਨਿਵੇਸ਼ ਕਰਨ ਲਈ ਕਿਹਾ ਤੇ ਬਦਲੇ ’ਚ ਇਨ੍ਹਾਂ ਪਾਰਟੀਕਲਜ਼ (ਐੱਸਐੱਲਬੀ ਮਾਡਲ) ਨੂੰ ਵੱਧ ਕੀਮਤ ’ਤੇ ਕਿਰਾਏ ’ਤੇ ਦੇਣ ਦਾ ਲਾਲਚ ਦਿੱਤਾ ਜਦਕਿ ਅਸਲ ’ਚ ਇਸ ਸਭ ਲਈ ਉਨ੍ਹਾਂ ਕੋਲ ਬੁਨਿਆਦੀ ਢਾਂਚਾ ਵੀ ਨਹੀਂ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਈਡੀ ਨੇ ਦੱਸਿਆ ਸੀ ਕਿ ਏਜੰਸੀ ਵੱਲੋਂ ਵਿਊਨੋਅ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਤੇ ਸਬੰਧਤ ਫਰਮਾਂ ਦੇ ਟਿਕਾਣਿਆਂ ’ਤੇ 17 ਅਕਤੂਬਰ 2024 ਨੂੰ ਵੀ ਛਾਪੇ ਮਾਰੇ ਗਏ ਸਨ। -ਏਐੱਨਆਈ
ਮਨੁੱਖੀ ਤਸਕਰੀ: ਐੱਨਆਈਏ ਵੱਲੋਂ ਛੇ ਸੂਬਿਆਂ ’ਚ 22 ਥਾਵਾਂ ’ਤੇ ਛਾਪੇ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸਾਈਬਰ ਧੋਖਾਧੜੀ ’ਚ ਸ਼ਾਮਲ ਕਈ ਕਾਲ ਸੈਂਟਰਾਂ ਵਿੱਚ ਕੰਮ ਕਰਨ ਲਈ ਨੌਜਵਾਨਾਂ ਨੂੰ ਲਾਲਚ ਦੇਣ ਵਾਲੇ ਮਨੁੱਖੀ ਤਸਕਰੀ ਗਰੋਹ ਦੀ ਜਾਂਚ ਅੱਜ ਛੇ ਸੂਬਿਆਂ ’ਚ 22 ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਿਹਾਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਣੇ ਹੋਰ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਬਿਹਾਰ ਦੇ ਗੋਪਾਲਗੰਜ ’ਚ ਪੁਲੀਸ ਵੱਲੋਂ ਦਰਜ ਕੀਤਾ ਗਿਆ ਇਹ ਕੇਸ ਇੱਕ ਸੰਗਠਤ ਗਰੋਹ ਨਾਲ ਸਬੰਧਤ ਹੈ, ਜਿਹੜਾ ਨੌਕਰੀ ਬਹਾਨੇ ਭਾਰਤੀ ਨੌਜਵਾਨਾਂ ਨੂੰ ਵਿਦੇਸ਼ ਲਿਜਾਂਦਾ ਹੈ ਅਤੇ ਉਨ੍ਹਾਂ ਨੂੰ ਸਾਈਬਰ ਧੋਖਾਧੜੀ ’ਚ ਸ਼ਾਮਲ ਫਰਜ਼ੀ ਕਾਲ ਸੈਂਟਰਾਂ ’ਚ ਕੰਮ ਕਰਨ ਲਈ ਮਜਬੂਰ ਕਰਦਾ ਹੈ। -ਪੀਟੀਆਈ