ED complaint against BJP: ‘ਆਪ’ ਵੱਲੋਂ ਭਾਜਪਾ ਆਗੂਆਂ ਖ਼ਿਲਾਫ਼ ਈਡੀ ਨੂੰ ਸ਼ਿਕਾਇਤ
ਨਵੀਂ ਦਿੱਲੀ, 26 ਦਸੰਬਰ
‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦਿੱਤੀ ਸ਼ਿਕਾਇਤ ਵਿਚ ਦਿੱਲੀ ਅਸੈਂਬਲੀ ਦੀਆਂ ਅਗਾਮੀ ਚੋਣਾਂ ਤੋਂ ਪਹਿਲਾਂ ਦੋ ਭਾਜਪਾ ਆਗੂਆਂ ਸਾਬਕਾ ਐੱਮਪੀ ਪਰਵੇਸ਼ ਵਰਮਾ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਉੱਤੇ ਲੋਕਾਂ ਨੂੰ ਕਥਿਤ ਪੈਸ ਵੰਡਣ ਦਾ ਦੋਸ਼ ਲਾਇਆ ਹੈ। ਸਿੰਘ ਨੇ ਈਡੀ ਉੱਤੇ ਵਰ੍ਹਦਿਆਂ ਕਿਹਾ ਕਿ ਸੰਘੀ ਏਜੰਸੀ ਨੇ ਉਨ੍ਹਾਂ ਦੀ ਸ਼ਿਕਾਇਤ ਲੈ ਲਈ, ਪਰ ਅਧਿਕਾਰੀਆਂ ਨੇ ਪਾਰਟੀ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ।
ਸਿੰਘ ਨੇ ਕਿਹਾ ਕਿ ਉਨ੍ਹਾਂ ਈਮੇਲ ਜ਼ਰੀਏ ਈਡੀ ਅਧਿਕਾਰੀਆਂ ਨੂੰ ਸ਼ਾਮੀਂ 4 ਵਜੇ ਮਿਲਣ ਲਈ ਸਮਾਂ ਲਿਆ ਸੀ। ‘ਆਪ’ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਲਕੇ ਵਿਚ ਬੁੱਧਵਾਰ ਨੂੰ ਵੋਟਰਾਂ ਨੂੰ ਸ਼ਰ੍ਹੇਆਮ ਰਿਸ਼ਵਤ ਵਜੋਂ 11-11 ਸੌ ਰੁਪਏ ਵੰਡੇ ਗਏ। ਜੇ ਈਡੀ ਸਾਬਕਾ ਐੱਮਪੀ ਵਰਮਾ ਦੀ ਰਿਹਾਇਸ਼ ’ਤੇ ਛਾਪਾ ਮਾਰੇ ਤਾਂ ਉਥੋਂ ਕਰੋੜਾਂ ਰੁਪਏ ਬਰਾਮਦ ਹੋਣਗੇ।’’
ਲੋੜਵੰਦਾਂ ਦੀ ਮਦਦ ਕਰਦੇ ਰਹਾਂਗੇ: ਭਾਜਪਾ ਆਗੂ
ਪਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਚੋਣ ਜ਼ਾਬਤਾ ਲੱਗਣ ਤੱਕ ਲੋੜਵੰਦਾਂ ਦੀ ਮਦਦ ਕਰਦੇ ਰਹਿਣਗੇ। ਵਰਮਾ ਨੇ ਕਿਹਾ ਕਿ ਸੰਜੈ ਸਿੰਘ ਜਿਸ ਪੈਸੇ ਦੀ ਗੱਲ ਕਰ ਰਹੇ ਹਨ, ਉਹ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਵੱਲੋਂ ਬਣਾਈ ਸਮਾਜਿਕ ਸੰਸਥਾ ‘ਰਾਸ਼ਟਰੀ ਸਵਾਭੀਮਾਨ’ ਵੱਲੋਂ ਮਹਿਲਾਵਾਂ ਨੂੰ ਦਿੱਤਾ ਗਿਆ ਸੀ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ‘ਮਹਿਲਾ ਸੰਮਾਨ ਯੋਜਨਾ’ ਤੇ ‘ਸੰਜੀਵਨੀ ਯੋਜਨਾ’ ਦੀ ਕੋਈ ਹੋਂਦ ਨਾ ਹੋਣ ਬਾਰੇ ਦਿੱਤੇ ਜਨਤਕ ਨੋਟਿਸਾਂ ਮਗਰੋਂ ਦਿੱਲੀ ਸਰਕਾਰ ਬੁਖਲਾ ਗਈ ਹੈ। ਸਾਬਕਾ ਵਿਧਾਇਕ ਸਿਰਸਾ ਨੇ ਕਿਹਾ ਕਿ ਉਹ ਲੋੜਵੰਦ ਲੋਕਾਂ ਦੀ ਪਹਿਲਾਂ ਵੀ ਮਦਦ ਕਰਦੇ ਸਨ ਤੇ ਅੱਗੋਂ ਵੀ ਕਰਦੇ ਰਹਿਣਗੇ।