ਈਡੀ ਕੇਜਰੀਵਾਲ ਨੂੰ ਅੱਜ ਜਾਂ ਭਲਕੇ ਕਰ ਸਕਦੀ ਹੈ ਗ੍ਰਿਫ਼ਤਾਰ: ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜਨਵਰੀ
ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸ਼ਰਾਬ ਨੀਤੀ ਮਾਮਲੇ ਸਬੰਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਲਕੇ ਜਾਂ ਪਰਸੋਂ ਗ੍ਰਿਫਤਾਰ ਕਰ ਸਕਦੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਭਾਰਦਵਾਜ ਨੇ ਕਿਹਾ, ‘‘ਦੇਸ਼ ਭਰ ਵਿੱਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੇਂਦਰ ਸਰਕਾਰ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਸਾਡੇ ਕੋਲ ਜਾਣਕਾਰੀ ਹੈ ਪਰ ਅਸੀਂ ਆਪਣੇ ਸੂਤਰਾਂ ਦਾ ਖੁਲਾਸਾ ਨਹੀਂ ਕਰ ਸਕਦੇ। ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਅੱਜ ਕੇਜਰੀਵਾਲ ਨੂੰ ਗ੍ਰਿਫਤਾਰ ਨਹੀਂ ਕਰਨਗੇ।’’ ‘ਆਪ’ ਆਗੂ ਨੇ ਭਾਜਪਾ ’ਤੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਖ਼ਿਲਾਫ਼ ਸਾਜਿਸ਼ ਰਚਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਦੋ ਸਾਲਾਂ ਤੋਂ ਅਸੀਂ ਦਿੱਲੀ ਵਿੱਚ ਕਰੋੜਾਂ ਰੁਪਏ ਦੇ ਸ਼ਰਾਬ ਘੁਟਾਲੇ ਬਾਰੇ ਸੁਣ ਰਹੇ ਹਾਂ ਪਰ ਇੱਕ ਰੁਪਿਆ ਵੀ ਬਰਾਮਦ ਨਹੀਂ ਹੋਇਆ।’’
ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣ ਦੀ ਸਾਜਿਸ਼: ਆਤਿਸ਼ੀ
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮੁੱਖ ਏਜੰਸੀਆਂ ਬੀਤੇ ਦੋ ਸਾਲਾਂ ਤੋਂ ਕਥਿਤ ਸ਼ਰਾਬ ਘੋਟਾਲੇ ਦੀ ਜਾਂਚ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਪੰਜ ਸੌ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲਾ ਅਜਿਹਾ ਘੁਟਾਲਾ ਹੋਵੇਗਾ ਜਿਸ ਵਿਚ ਇਕ ਵੀ ਪੈਸਾ ਕਿਸੇ ਏਜੰਸੀ ਨੂੰ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਈਡੀ ਦੇ ਲਗਾਤਾਰ ਸੰਮਨ ਲੋਕ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਸਾਜਿਸ਼ ਹੈ।