ਈਡੀ ਨੇ ਸਾਬਕਾ ਮੰਤਰੀ ਤੇ ਕਾਂਗਰਸ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ
ਜਲੰਧਰ (ਹਤਿੰਦਰ ਮਹਿਤਾ): ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿੱਚ ਜੰਗਲਾਤ ਮਹਿਕਮੇ ਦੀ ਜ਼ਮੀਨ ’ਤੇ ਦਰੱਖ਼ਤਾਂ ਦੀ ਕਟਾਈ ਨਾਲ ਜੁੜੇ ਕਥਿਤ ਘੁਟਾਲੇ ਵਿੱਚ ਅੱਜ ਕਾਂਗਰਸ ਆਗੂ ਤੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਹੈ। ਧਰਮਸੋਤ ਸੰਮਨਾਂ ਦੀ ਤਾਮੀਲ ਕਰਦੇ ਹੋਏ ਅੱਜ ਦੁਪਹਿਰੇ ਦੂਜੀ ਵਾਰ ਈਡੀ ਅਧਿਕਾਰੀਆਂ ਅੱਗੇ ਪੇਸ਼ ਹੋਏ ਸਨ। ਸੂਤਰਾਂ ਮੁਤਾਬਕ ਪੁੱਛ-ਪੜਤਾਲ ਦੌਰਾਨ ਧਰਮਸੋਤ ਜੰਗਲਾਤ ਘੁਟਾਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਆਪਣੇ ’ਤੇ ਲੱਗੇ ਦੋਸ਼ਾਂ ਬਾਰੇ ਠੋਸ ਜਵਾਬ ਨਹੀਂ ਦੇ ਸਕੇ। ਸਾਬਕਾ ਮੰਤਰੀ ਦਾ ਅੱਜ ਸ਼ਾਮੀਂ ਸਥਾਨਕ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਕਰਵਾਇਆ ਗਿਆ। ਧਰਮਸੋਤ ਨੂੰ ਮੁਹਾਲੀ ਦੀ ਵਿਸ਼ੇਸ਼ ਪੀਐੱਮਐੱਲਏ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਏਜੰਸੀ ਨੇ 64 ਸਾਲਾ ਸਿਆਸਤਦਾਨ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਹਿਰਾਸਤ ਵਿਚ ਲਿਆ ਹੈ। ਈਡੀ ਨੇ ਪਿਛਲੇ ਸਾਲ ਨਵੰਬਰ ਵਿੱਚ ਧਰਮਸੋਤ, ਸਾਬਕਾ ਜੰਗਲਾਤ ਮੰੰਤਰੀ ਸੰਗਤ ਸਿੰਘ ਗਿਲਜੀਆਂ, ਜੰਗਲਾਤ ਮਹਿਕਮੇ ਦੇ ਕੁਝ ਅਧਿਕਾਰੀਆਂ ਤੇ ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਈਡੀ ਵੱਲੋਂ ਵਿੱਢੀ ਜਾਂਚ ਦਰੱਖ਼ਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ ਤੇ ਵਿਭਾਗੀ ਪੋਸਟਿੰਗ/ਤਬਾਦਲੇ ਲਈ ‘ਵੱਢੀ’ ਲੈਣ ਦੇ ਦੋਸ਼ਾਂ ਨਾਲ ਸਬੰਧਤ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜ ਵਾਰ ਵਿਧਾਇਕ ਰਹੇ ਧਰਮਸੋਤ ਨੂੰ ਪਿਛਲੇ ਸਾਲ ਕਥਿਤ ਅਸਾਸਿਆਂ ਨਾਲੋਂ ਵੱਧ ਜਾਇਦਾਦ ਮਾਮਲੇ ਨਾਲ ਜੁੜੇ ਕੇਸ ਵਿਚ ਵੀ ਗ੍ਰਿਫ਼ਤਾਰ ਕੀਤਾ ਸੀ।