For the best experience, open
https://m.punjabitribuneonline.com
on your mobile browser.
Advertisement

ਈਡੀ ਅਤੇ ਸੀਬੀਆਈ ਬਿਨਾਂ ਕਿਸੇ ਦਖ਼ਲ ਦੇ ਕਰ ਰਹੀਆਂ ਨੇ ਕੰਮ: ਮੋਦੀ

06:35 AM May 21, 2024 IST
ਈਡੀ ਅਤੇ ਸੀਬੀਆਈ ਬਿਨਾਂ ਕਿਸੇ ਦਖ਼ਲ ਦੇ ਕਰ ਰਹੀਆਂ ਨੇ ਕੰਮ  ਮੋਦੀ
Advertisement

* ‘ਸਾਂਝਾ ਸਿਵਲ ਕੋਡ ਤੇ ਇਕ ਦੇਸ਼, ਇਕ ਚੋਣ ਦਾ ਵਾਅਦਾ ਪੂਰਾ ਕਰਾਂਗੇ’

Advertisement

ਭੁਬਨੇਸ਼ਵਰ, 20 ਮਈ
ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਨੂੰ ਗੰਭੀਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਬਿਨਾਂ ਕਿਸੇ ਦਖ਼ਲ ਦੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਆਜ਼ਾਦਾਨਾ ਢੰਗ ਨਾਲ ਕੰਮ ਕਰਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ 2014 ਤੋਂ ਪਹਿਲਾਂ ਈਡੀ ਨੇ ਸਿਰਫ਼ 5 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਸੀ ਜਦਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਕ ਲੱਖ ਕਰੋੜ ਰੁਪਏ ਦੀ ਸੰਪਤੀ ਕੁਰਕ ਹੋ ਚੁੱਕੀ ਹੈ। ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ‘ਅਡਾਨੀ-ਅੰਬਾਨੀ’ ਬਾਰੇ ਦਿੱਤੇ ਬਿਆਨ ’ਤੇ ਵੀ ਸਫ਼ਾਈ ਦਿੱਤੀ ਅਤੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਅਧੀਰ ਰੰਜਨ ਚੌਧਰੀ ਨੇ ਕਬੂਲ ਕੀਤਾ ਹੈ ਕਿ ਜੇਕਰ ਅਡਾਨੀ-ਅੰਬਾਨੀ ਟੈਂਪੂ ਭਰ ਕੇ ਪੈਸਾ ਭੇਜਣਗੇ ਤਾਂ ਉਹ ਉਨ੍ਹਾਂ ਖ਼ਿਲਾਫ਼ ਨਹੀਂ ਬੋਲਣਗੇ। ਮੋਦੀ ਨੇ 8 ਮਈ ਨੂੰ ਚੋਣ ਪ੍ਰਚਾਰ ਦੌਰਾਨ ਕਾਂਗਰਸ ’ਤੇ ਅੰਬਾਨੀ ਅਤੇ ਅਡਾਨੀ ਨਾਲ ਗੰਢ-ਤੁੱਪ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਹੁਣ ਉਨ੍ਹਾਂ ਨੂੰ ਭੰਡਣਾ ਬੰਦ ਕਰ ਦਿੱਤਾ ਹੈ ਕਿਉਂਕਿ ਇੰਜ ਜਾਪਦਾ ਹੈ ਕਿ ਦੋਵੇਂ ਕਾਰੋਬਾਰੀਆਂ ਨੇ ਕਾਂਗਰਸ ਪਾਰਟੀ ਨੂੰ ਟੈਂਪੂ ਭਰ ਕੇ ਕਾਲਾ ਧਨ ਭੇਜ ਦਿੱਤਾ ਹੈ। ਘੱਟ ਗਿਣਤੀਆਂ ਖ਼ਿਲਾਫ਼ ਇਕ ਵੀ ਸ਼ਬਦ ਨਾ ਬੋਲਣ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਅੱਜ ਤਾਂ ਕੀ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਵੀ ‘ਵਿਸ਼ੇਸ਼ ਨਾਗਰਿਕ’ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਸੰਵਿਧਾਨ ਦੀ ਧਰਮਨਿਰਪੱਖ ਭਾਵਨਾ ਦੀ ਲਗਾਤਾਰ ਉਲੰਘਣਾ ਕਰਦੀ ਆ ਰਹੀ ਹੈ। ਮੋਦੀ ਨੇ ਕਿਹਾ ਕਿ ਉਹ ਆਪਣੇ ਭਾਸ਼ਨਾਂ ’ਚ ਵਿਰੋਧੀ ਧਿਰਾਂ ਦੀ ਵੋਟ ਬੈਂਕ ਸਿਆਸਤ ਦੇ ਨਾਲ ਘੱਟ ਗਿਣਤੀਆਂ ਦੇ ਤੁਸ਼ਟੀਕਰਨ ਦਾ ਪਰਦਾਫਾਸ਼ ਕਰ ਰਹੇ ਹਨ। ਮੋਦੀ ਨੇ ਕਿਹਾ, ‘‘ਮੇਰੀ ਸਿਆਸਤ ਸਬਕਾ ਸਾਥ ਸਬਕਾ ਵਿਕਾਸ ਹੈ। ਅਸੀਂ ਸਰਵ ਧਰਮ ਸੰਭਾਵ ਦੇ ਫ਼ਲਸਫ਼ੇ ’ਚ ਯਕੀਨ ਕਰਦੇ ਹਾਂ। ਅਸੀਂ ਕਿਸੇ ਨੂੰ ਵਿਸ਼ੇਸ਼ ਨਾਗਰਿਕ ਵਜੋਂ ਸਵੀਕਾਰ ਨਹੀਂ ਕਰਦੇ ਹਾਂ ਪਰ ਹਰ ਕਿਸੇ ਨੂੰ ਇਕ ਸਮਾਨ ਮੰਨਦੇ ਹਾਂ।’’ ਕਾਂਗਰਸ ਵੱਲੋਂ ਹਿੰਦੂਆਂ ਦੀ ਜਾਇਦਾਦ ਮੁਸਲਮਾਨਾਂ ਨੂੰ ਦਿੱਤੇ ਜਾਣ ਬਾਰੇ ਦਿੱਤੇ ਬਿਆਨ ’ਤੇ ਮੋਦੀ ਨੇ ਕਿਹਾ ਕਿ ਉਹ ਬਿਨਾਂ ਕਿਸੇ ਤਰਕ ਦੇ ਅਜਿਹਾ ਕੋਈ ਬਿਆਨ ਨਹੀਂ ਦਿੰਦੇ ਹਨ ਅਤੇ ਅਜਿਹਾ ਪ੍ਰਭਾਵ ਤਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਦੇਖਿਆ ਜਾ ਸਕਦਾ ਹੈ ਜਿਸ ’ਤੇ ਮੁਸਲਿਮ ਲੀਗ ਦੀ ਛਾਪ ਨਜ਼ਰ ਆਉਂਦੀ ਹੈ। ਉਨ੍ਹਾਂ ਕਰਨਾਟਕ ਦੀ ਕਾਂਗਰਸ ਸਰਕਾਰ ਵੱਲੋਂ ਮੁਸਲਮਾਨਾਂ ਨੂੰ ਓਬੀਸੀ ਰਾਖਵੇਂਕਰਨ ਤਹਿਤ ਕੋਟਾ ਦਿੱਤੇ ਜਾਣ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਓਬੀਸੀ ਕੋਟੇ ਨਾਲ ਡਕੈਤੀ ਦੇ ਤੁੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਲਈ ਸਰਕਾਰ ਵਚਨਬੱਧ ਹੈ ਅਤੇ ਕੇਂਦਰ ਉਥੇ ਹਾਲਾਤ ਸੁਖਾਵੇਂ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀਨਗਰ ’ਚ ਵੋਟਰਾਂ ਦੀ ਰਿਕਾਰਡ ਗਿਣਤੀ ਉਨ੍ਹਾਂ ਦੇ ਕਾਰਜਕਾਲ ਦੀਆਂ ਸਭ ਤੋਂ ਅਹਿਮ ਪ੍ਰਾਪਤੀਆਂ ’ਚੋਂ ਇਕ ਹੈ। ਮੋਦੀ ਨੇ ਕਿਹਾ ਕਿ ਧਾਰਾ 370 ਖ਼ਤਮ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ ਅਤੇ ਲੋਕ ਪੂਰੇ ਉਤਸ਼ਾਹ ਨਾਲ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ’ਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਮੁੜ ਸੱਤਾ ’ਚ ਆਈ ਤਾਂ ਇਕ ਦੇਸ਼, ਇਕ ਚੋਣ ਅਤੇ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਾਅਦੇ ਭਾਜਪਾ ਦੇ ਚੋਣ ਮਨੋਰਥ ਪੱਤਰ ’ਚ ਕੀਤੇ ਗਏ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਆਪਣੇ ਅਗਲੇ ਕਾਰਜਕਾਲ ਦੇ 100 ਦਿਨਾਂ ਦੀ ਯੋਜਨਾ ’ਚ 25 ਦਿਨ ਹੋਰ ਜੋੜ ਲਏ ਹਨ ਤਾਂ ਜੋ ਨੌਜਵਾਨਾਂ ਤੋਂ ਸੁਝਾਅ ਲਏ ਜਾਣ ਸਕਣ ਕਿ ਉਹ ਸਰਕਾਰ ਤੋਂ ਕੀ ਆਸ ਰਖਦੇ ਹਨ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਚੋਣ ਪ੍ਰਚਾਰ ’ਚ ਪਾਕਿਸਤਾਨ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਜ਼ਾਦੇ ਦੇ ਪੱਖ ’ਚ ਪਾਕਿਸਤਾਨੀ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨਾਲ ਸਿੱਝਣ ਦਾ ਮਾਮਲਾ ਆਉਂਦਾ ਹੈ ਤਾਂ ਵਿਰੋਧੀ ਪਾਰਟੀ ਅਕਸਰ ਕੌਮੀ ਹਿੱਤਾਂ ਨੂੰ ਛਿੱਕੇ ਟੰਗ ਦਿੰਦੀ ਹੈ। ਉਨ੍ਹਾਂ 2019 ’ਚ ਕੀਤੇ ਗਏ ਸਰਜੀਕਲ ਸਟਰਾਈਕ ਬਾਰੇ ਸਵਾਲ ਚੁੱਕਣ ’ਤੇ ਕਾਂਗਰਸ ਆਗੂਆਂ ਦੀ ਵੀ ਤਿੱਖੀ ਨੁਕਤਾਚੀਨੀ ਕੀਤੀ। ਰੁਜ਼ਾਗਰ ਦੇ ਮਾਮਲੇ ’ਚ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਰਿਕਾਰਡ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਬਿਹਤਰ ਰਿਹਾ ਹੈ। -ਪੀਟੀਆਈ

‘250 ਜੋੜੇ ਕੱਪੜੇ ਹੋਣ ਦਾ ਮੇਰੇ ਸਿਆਸੀ ਕਰੀਅਰ ’ਤੇ ਲੱਗਾ ਸਭ ਤੋਂ ਵੱਡਾ ਦੋਸ਼’

ਭੁਬਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਿਆਸੀ ਕਰੀਅਰ ਵਿੱਚ ਉਨ੍ਹਾਂ ’ਤੇ ਸਭਾ ਤੋਂ ਵੱਡਾ ਦੋਸ਼ ਇਹ ਲੱਗਾ ਹੈ ਕਿ ਉਨ੍ਹਾਂ ਕੋਲ 250 ਜੋੜੇ ਕੱਪੜੇ ਹਨ। ਮੋਦੀ ਨੇ ‘ਪੀਟੀਆਈ’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਇਹ ਦੋਸ਼ ਕਾਂਗਰਸ ਆਗੂ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਮਰ ਸਿੰਘ ਚੌਧਰੀ ਨੇ ਲਾਇਆ ਸੀ ਅਤੇ ਉਨ੍ਹਾਂ (ਮੋਦੀ) ਨੇ ਇੱਕ ਰੈਲੀ ਦੌਰਾਨ ਇਸ ਦਾ ਜਵਾਬ ਦਿੱਤਾ ਸੀ। ਮੋਦੀ ਨੇ ਕਿਹਾ, “ਮੈਂ ਲੋਕਾਂ ਨੂੰ ਪੁੱਛਿਆ ਸੀ ਕਿ ਕੀ ਉਹ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜਿਸ ਨੇ 250 ਕਰੋੜ ਰੁਪਏ ਚੋਰੀ ਕੀਤੇ ਹੋਣ ਜਾਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜਿਸ ਕੋਲ 250 ਜੋੜੇ ਕੱਪੜੇ ਹੋਣ। ਗੁਜਰਾਤ ਦੇ ਲੋਕਾਂ ਨੇ ਜਵਾਬ ਦਿੱਤਾ ਸੀ ਕਿ 250 ਜੋੜੇ ਕੱਪੜਿਆਂ ਵਾਲਾ ਮੁੱਖ ਮੰਤਰੀ ਠੀਕ ਰਹੇਗਾ।’’ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਵਾਪਰੀ ਘਟਨਾ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਜਨਤਕ ਮੀਟਿੰਗ ਵਿੱਚ ਚੌਧਰੀ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਪਰ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਅੰਕੜੇ ਗਲਤ ਦੱਸੇ ਸਨ। -ਪੀਟੀਆਈ

ਮੁਸਲਮਾਨਾਂ ਖ਼ਿਲਾਫ਼ ਹਰ ਮੰਚ ’ਤੇ ਨਫ਼ਰਤੀ ਭਾਸ਼ਨ ਦਿੰਦੇ ਨੇ ਮੋਦੀ: ਵਿਰੋਧੀ ਧਿਰ

ਨਵੀਂ ਦਿੱਲੀ: ਮੁਸਲਮਾਨਾਂ ਖ਼ਿਲਾਫ਼ ਕਦੇ ਵੀ ਇਕ ਸ਼ਬਦ ਨਾ ਬੋਲਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ’ਤੇ ਵਰ੍ਹਦਿਆਂ ਵਿਰੋਧੀ ਨੇ ਕਿਹਾ ਹੈ ਕਿ ਉਹ ਝੂਠ ਬੋਲ ਰਹੇ ਹਨ ਅਤੇ ਉਹ ਹਰੇਕ ਮੰਚ ’ਤੇ ਮੁਸਲਮਾਨਾਂ ਖ਼ਿਲਾਫ਼ ਨਫ਼ਰਤੀ ਭਾਸ਼ਨ ਦਿੰਦੇ ਹਨ। ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ,‘ਇਹ ਬਿਲਕੁਲ ਝੂਠ ਹੈ। ਮੋਦੀ ਜਾਣਦੇ ਹਨ ਕਿ ਭਾਜਪਾ ਮੁਸਲਮਾਨਾਂ ਬਾਰੇ ਕਿੰਝ ਗੱਲ ਕਰਦੀ ਹੈ। ਮੰਗਲਸੂਤਰ ਅਤੇ ਵਧੇਰੇ ਬੱਚੇ ਪੈਦਾ ਕਰਨ ਵਾਲੇ ਬਿਆਨ ਕਿਸ ਨੇ ਦਿੱਤੇ ਸਨ? ਮੁਸਲਮਾਨ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਦਾ ਅਪਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਹੱਕ ਮਾਰੇ ਜਾਂਦੇ ਹਨ। ਭਾਜਪਾ ਅਤੇ ਆਰਐੱਸਐੱਸ ਦਾ ਘੱਟ ਗਿਣਤੀਆਂ ਖ਼ਿਲਾਫ਼ ਇਰਾਦਾ ਨਾਪਾਕ ਹੈ।’ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਦੀ ਗੱਲ ਨਹੀਂ ਹੋ ਰਹੀ ਹੈ ਜੋ ਲੋਕਾਂ ਨੂੰ ਵਿਕਸਤ ਭਾਰਤ ਵੱਲ ਲਿਜਾਏਗੀ ਪਰ ਮੰਗਲਸੂਤਰ ’ਤੇ ਬਹਿਸ ਕੀਤੀ ਜਾ ਰਹੀ ਹੈ। ‘ਉਹ ਦੇਸ਼ ਦੇ ਵਿਕਾਸ ਨਹੀਂ ਸਗੋਂ ਆਪਣੀ ਪਾਰਟੀ ਦੇ ਵਿਕਾਸ ਬਾਰੇ ਸੋਚਦੇ ਹਨ।’ ਟੀਐੱਮਸੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਪ੍ਰਧਾਨ ਮੰਤਰੀ ਹੋਰ ਝੂਠ ਨਹੀਂ ਬੋਲ ਸਕਦਾ ਤਾਂ ਉਹ ਇਕ ਹੋਰ ਝੂਠ ਬੋਲ ਦਿੰਦੇ ਹਨ। ‘ਇਹ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਅਤੇ ਮੁਸਲਿਮ ਪਸ਼ੂ ਵਪਾਰੀਆਂ ਦੀ ਹੱਤਿਆ ਕਰਨ ਵਾਲਿਆਂ ਨੂੰ ਫੁੱਲਾਂ ਦੇ ਹਾਰ ਪਾਉਣ ਵਾਲੀ ਪਾਰਟੀ ਹੈ। ਮੋਦੀ ਸ਼ਮਸ਼ਾਨ ਤੇ ਕਬਰਿਸਤਾਨ ਬਾਰੇ ਬੋਲਦੇ ਹਨ ਜਦਕਿ ਯੋਗੀ 80/20 ਦੀ ਗੱਲ ਕਰਦੇ ਹਨ।’ ‘ਆਪ’ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਇਹ ‘ਭਾਰਤੀ ਝਗੜਾ ਪਾਰਟੀ’ ਹੈ ਜੋ ਨਾ ਸਿਰਫ਼ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ’ਚ ਲੜਾਉਂਦੀ ਹੈ ਸਗੋਂ ਉਹ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਲੜਵਾ ਦਿੰਦੀ ਹੈ। ਡੀਐੱਮਕੇ ਦੇ ਤਰਜਮਾਨ ਟੀ ਕੇ ਐੱਸ ਇਲਾਨਗੋਵਨ ਨੇ ਕਿਹਾ ਕਿ ਮੋਦੀ ਦੀ ਸਮੱਸਿਆ ਇਹ ਹੈ ਕਿ ਉਸ ਦੇ ਝੂਠ ਦਾ ਪਰਦਾਫਾਸ਼ ਤੁਰੰਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੋ ਵੀ ਆਖਦੇ ਹਨ, ਉਨ੍ਹਾਂ ਦੀ ਸਰਕਾਰ ਕੁਝ ਅਜਿਹਾ ਕਰਦੀ ਹੈ ਜੋ ਉਸ ਨੂੰ ਝੂਠ ਬਣਾ ਦਿੰਦੀ ਹੈ। ਇਸ ਲਈ ਲੋਕ ਉਨ੍ਹਾਂ ’ਤੇ ਵਿਸ਼ਵਾਸ ਨਹੀਂ ਕਰਦੇ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×