ਮਹਿਲਾਵਾਂ ਦੇ ਆਰਥਿਕ ਸ਼ਕਤੀਕਰਨ ਨਾਲ ਹੋਵੇਗਾ ਦੇਸ਼ ਦਾ ਵਿਕਾਸ: ਮੁਰਮੂ
* ਕੰਮ ਵਾਲੀਆਂ ਥਾਵਾਂ ’ਤੇ ਮਹਿਲਾਵਾਂ ਦੀ ਹਿੱਸੇਦਾਰੀ ਵਧਣ ’ਤੇ ਪ੍ਰਗਟਾਈ ਖੁਸ਼ੀ
* ਰਾਸ਼ਟਰਪਤੀ ਵੱਲੋਂ ਵਿਸ਼ਵਸ਼ਾਂਤੀ ਬੁੱਧ ਵਿਹਾਰ ਦਾ ਉਦਘਾਟਨ
ਉਦਗੀਰ (ਮਹਾਰਾਸ਼ਟਰ), 4 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਮਹਿਲਾਵਾਂ ਦੇ ਆਰਥਿਕ ਸ਼ਕਤੀਕਰਨ ਨਾਲ ਦੇਸ਼ ਦੀ ਪ੍ਰਗਤੀ ਤੇ ਵਿਕਾਸ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਰਸ਼ਾਂ ਨੂੰ ਮਹਿਲਾਵਾਂ ਦੀ ਸਮਰੱਥਾ ਨੂੰ ਪਛਾਣ ਕੇ ਉਨ੍ਹਾਂ ਦੇ ਸੁਫ਼ਨੇ ਹਾਸਲ ਕਰਨ ’ਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਜ਼ਿਕਰ ਕਰਦਿਆਂ ਕਿ ਮਹਿਲਾਵਾਂ ਦਾ ਸਨਮਾਨ ਕਰਨਾ ਭਾਰਤੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ, ਉਨ੍ਹਾਂ ਦੇਸ਼ ਕੰਮ ਵਾਲੀਆਂ ਥਾਵਾਂ ’ਤੇ ਮਹਿਲਾਵਾਂ ਦੀ ਵੱਧਦੀ ਹਿੱਸੇਦਾਰੀ ’ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹ ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਦੇ ਉਦਗੀਰ ’ਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ ਜਿੱਥੇ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ਦੀ ‘ਮੁੱਖ ਮੰੰਤਰੀ ਮਾਝੀ ਲਾਡਕੀ ਬਹਿਨ ਯੋਜਨਾ’ ਅਤੇ ‘ਸ਼ਾਸਨ ਆਪਲਿਆ ਦਾਰੀ’ ਪ੍ਰੋਗਰਾਮਾਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਰਾਸ਼ਟਰਪਤੀ ਨੇ ਕਿਹਾ, ‘ਭਾਰਤ ਸਰਕਾਰ ਵੱਲੋਂ ਕੀਤੇ ਗਏ ਇੱਕ ਅਧਿਐਨ ਅਨੁਸਾਰ ’ਚ ਕੰਮ ਵਾਲੀਆਂ ਥਾਵਾਂ ’ਤੇ ਮਹਿਲਾਵਾਂ ਦੀ ਹਿੱਸੇਦਾਰੀ ਕਾਫੀ ਵਧੀ ਹੈ। ਸਰਕਾਰ ਦੀ ਮਦਦ ਨਾਲ ਮਹਿਲਾਵਾਂ ਹਰ ਖੇਤਰ ’ਚ ਯੋਗਦਾਨ ਪਾ ਰਹੀਆਂ ਹਨ। ਪਰ ਇਸ ਤੋਂ ਵੀ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀ ਹਿੱਸੇਦਾਰੀ ਹੋਰ ਵਧੇ।’ ਉਨ੍ਹਾਂ ਕਿਹਾ ਕਿ ਪੁਰਸ਼ਾਂ ਨੂੰ ਮਹਿਲਾਵਾਂ ਦੀਆਂ ਸਮਰੱਥਾਵਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੁਫ਼ਨੇ ਪੂਰੇ ਕਰਨ ’ਚ ਮਦਦ ਕਰਨੀ ਚਾਹੀਦੀ ਹੈ।
ਮੁਰਮੂ ਨੇ ਕਿਹਾ, ‘ਹਰ ਮਹਿਲਾ ਕਈ ਅੜਿੱਕਿਆਂ ਮਗਰੋਂ ਆਪਣੇ ਟੀਚੇ ਤੱਕ ਪਹੁੰਚਦੀ ਹੈ ਪਰ ਇੱਕ ਮਹਿਲਾ ਦੇ ਰਾਹ ’ਚ ਪਾਏ ਗਏ ਅੜਿੱਕੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੂੰ ਘਟਾ ਸਕਦੇ ਹਨ।’ ਉਨ੍ਹਾਂ ਕਿਹਾ, ‘ਅਸੀਂ ਆਪਣੇ ਦੇਸ਼ ਨੂੰ ‘ਮਾਤ-ਭੂਮੀ’ ਕਹਿੰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਮਹਿਲਾਵਾਂ ਪ੍ਰਤੀ ਆਪਣਾ ਸਨਮਾਨ ਦਿਖਾਉਂਦੇ ਹਾਂ। ਮਹਿਲਾਵਾਂ ਦਾ ਸਨਮਾਨ ਸਾਡੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਅਤੇ ਇਸ ਨੂੰ ਹਰ ਪਰਿਵਾਰ ਦੀ ਕਦਰ-ਕੀਮਤ ਪ੍ਰਣਾਲੀ ’ਚ ਵੀ ਦਿਖਾਈ ਦੇਣਾ ਚਾਹੀਦਾ ਹੈ।’ ਮੁਰਮੂ ਨੇ ਕਿਹਾ, ‘ਮਹਿਲਾਵਾਂ ਦੇ ਆਰਥਿਕ ਸ਼ਕਤੀਕਰਨ ਨਾਲ ਦੇਸ਼ ਪ੍ਰਗਤੀ ਦੇ ਵਿਕਾਸ ਹੋਵੇਗਾ।’
ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੇ ਉਦਗੀਰ ’ਚ ਵਿਸ਼ਵਸ਼ਾਂਤੀ ਬੁੱਧ ਵਿਹਾਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, ‘ਭਾਰਤੀ ਸੱਭਿਆਚਾਰ ’ਚ ਧਿਆਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਤਣਾਅਪੂਰਨ ਜੀਵਨ ਸ਼ੈਲੀ ਕਾਰਨ ਹੁਣ ਇਸ ਨੂੰ ਹੋਰ ਵੱਧ ਮਹੱਤਵ ਮਿਲ ਗਿਆ ਹੈ। ਇਸ ਲਈ ਅਜਿਹੇ ਸਮੇਂ ਇਸ ਬੁੱਧ ਵਿਹਾਰ ਦੀ ਸਥਾਪਨਾ ਸ਼ਲਾਘਾਯੋਗ ਹੈ।’ ਇਸ ਮਗਰੋਂ ਉਨ੍ਹਾਂ ਬੁੱਧ ਵਿਹਾਰ ’ਚ ਪ੍ਰਾਰਥਨਾ ਵੀ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਭਵਿੱਖ ਵਿੱਚ ਲਾਡਕੀ ਬਹਿਨ ਯੋਜਨਾ ਤਹਿਤ ਸਹਾਇਤਾ ਰਾਸ਼ੀ ਵਧਾ ਕੇ ਤਿੰਨ ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੇਸ਼ ਨੂੰ ਇਸ ਦੁਨੀਆ ਦਾ ਸਭ ਤੋਂ ਚੰਗਾ ਸੰਵਿਧਾਨ ਦਿੱਤਾ ਹੈ। -ਪੀਟੀਆਈ