EC officials search Bhagwant Mann residence: ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਭਗਵੰਤ ਮਾਨ ਦੀ ਰਿਹਾਇਸ਼ ’ਤੇ ਛਾਪਾ
ਆਮ ਆਦਮੀ ਪਾਰਟੀ ਨੇ ਕੀਤਾ ਦਾਅਵਾ; ਚੋਣ ਕਮਿਸ਼ਨ ਤੇ ਦਿੱਲੀ ਪੁਲੀਸ ਉਤੇ ਲਾਏ ਵਿਤਕਰੇਬਾਜ਼ੀ ਦੇ ਦੋਸ਼
ਪੰਜਾਬੀ ਟ੍ਰਿਬਿਊਨ ਵੈੱਸ ਡੈਸਕ
ਚੰਡੀਗੜ੍ਹ, 30 ਜਨਵਰੀ
ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚ ਕਪੂਰਥਲਾ ਹਾਊਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਹੈ। ਪਾਰਟੀ ਨੇ ਇਸ ਸਬੰਧੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ।
ਹਿੰਦੀ ਵਿਚ ਕੀਤੀ ਗਈ ਇਸ ਟਵੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਦੇਖ ਕੇ ਕੰਬ ਗਈ ਹੈ। ਇਸ ਵਿਚ ਕਿਹਾ ਗਿਆ ਹੈ, ‘‘ਆਪਣੇ ਸਾਹਮਣੇ ਹਾਰ ਦੇਖ ਕੇ, ਭਾਜਪਾ ਕੰਬ ਗਈ...। ਭਾਜਪਾ ਦੀ ਦਿੱਲੀ ਪੁਲੀਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿੱਲੀ ਵਿਚਲੇ ਘਰ ਛਾਪਾ ਮਾਰਨ ਪਹੁੰਚ ਗਈ ਹੈ।’’
ਟਵੀਟ ਵਿਚ ਦੋਸ਼ ਲਾਇਆ ਗਿਆ ਹੈ, ‘‘ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ, ਪਰ ਪੁਲੀਸ ਅਤੇ ਚੋਣ ਕਮਿਸ਼ਨ ਦੀਆਂ ਅੱਖਾਂ ਉਤੇ ਭਾਜਪਾਈ ਪੱਟੀ ਬੱਝੀ ਹੋਈ ਹੈ।’’
‘ਆਪ’ ਨੇ ਲਿਖਿਆ ਹੈ, ‘‘ਹੇਠਾਂ ਦਿੱਤੀ ਵੀਡੀਓ ਦੇਖੋ, ਕਿਵੇਂ ਭਾਜਪਾ ਉਮੀਦਵਾਰ ਦੇ ਦਫ਼ਤਰ ਵਿੱਚ ਵੋਟਾਂ ਖਰੀਦਣ ਲਈ ਖੁੱਲ੍ਹੇਆਮ ਲੱਖਾਂ ਰੁਪਏ ਗਿਣੇ ਜਾ ਰਹੇ ਹਨ। ਜੇ ਪੁਲੀਸ ਅਤੇ ਚੋਣ ਕਮਿਸ਼ਨ ਵਿੱਚ ਹਿੰਮਤ ਹੈ ਤਾਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਛਾਪਾ ਮਾਰਨ।’’