For the best experience, open
https://m.punjabitribuneonline.com
on your mobile browser.
Advertisement

ਤੁਰਕੀ ਤੇ ਸੀਰੀਆ ਵਿੱਚ ਭੂਚਾਲ; 2600 ਤੋਂ ਵੱਧ ਮੌਤਾਂ

12:32 PM Feb 07, 2023 IST
ਤੁਰਕੀ ਤੇ ਸੀਰੀਆ ਵਿੱਚ ਭੂਚਾਲ  2600 ਤੋਂ ਵੱਧ ਮੌਤਾਂ
Advertisement

ਐਜ਼ਮਾਰਿਨ, 6 ਫਰਵਰੀ

Advertisement

ਮੁੱਖ ਅੰਸ਼

  • ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8 ਦਰਜ
  • ਕੁੱਝ ਘੰਟਿਆਂ ‘ਚ ਭੂਚਾਲ ਦੇ ਕਈ ਝਟਕੇ ਲੱਗੇ

ਤੁਰਕੀ ਤੇ ਸੀਰੀਆ ਵਿਚ ਆਏ ਜ਼ੋਰਦਾਰ ਭੂਚਾਲ ਕਾਰਨ 2600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅੱਜ ਸੁਵੱਖਤੇ ਆਏ ਭੂਚਾਲ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 7.8 ਮਾਪੀ ਗਈ ਹੈ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸੈਂਕੜੇ ਲੋਕ ਹਾਲੇ ਵੀ ਮਲਬੇ ਹੇਠ ਦੱਬੇ ਹੋਏ ਹਨ, ਤੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਰਾਹਤ ਤੇ ਬਚਾਅ ਕਰਮੀਆਂ ਵੱਲੋਂ ਕਈ ਸ਼ਹਿਰਾਂ ਵਿਚ ਮਲਬੇ ਦੇ ਢੇਰਾਂ ਥੱਲੇ ਦੱਬੇ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ। ਭੂਚਾਲ ਤੁਰਕੀ ਦੇ ਦੱਖਣ-ਪੂਰਬ ਤੇ ਸੀਰੀਆ ਤੇ ਉੱਤਰੀ ਇਲਾਕੇ ਵਿਚ ਆਇਆ ਹੈ। ਸਰਹੱਦ ਦੇ ਦੋਵੇਂ ਪਾਸੇ ਲੋਕਾਂ ਨੇ ਅੱਜ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਤੇ ਉਹ ਘਰਾਂ ਤੋਂ ਬਾਹਰ ਆ ਗਏ। ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ ਤੇ ਝਟਕੇ ਕਈ ਘੰਟਿਆਂ ਤੱਕ ਜਾਰੀ ਰਹੇ। ਤੁਰਕੀ ਦੇ ਉਪ ਰਾਸ਼ਟਰਪਤੀ ਫੌਤ ਓਕਤੇ ਅਨੁਸਾਰ 1651 ਤੇ ਦਮਸਕ ਸਰਕਾਰ ਵੱਲੋਂ 968 ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਤੁਰਕੀ ਦੀ ਸਰਹੱਦ ਨਾਲ ਲੱਗਦੇ ਸੀਰੀਆ ਦੇ ਇਦਲੀਬ ਸੂਬੇ ਵਿਚ ਇਕ ਭੂਚਾਲ ਪੀੜਤ ਨੂੰ ਚੁੱਕ ਕੇ ਹਸਪਤਾਲ ਲਿਜਾਂਦਾ ਹੋਇਆ ਬਚਾਅ ਕਰਮੀ

ਭੂਚਾਲ ਦੇ ਝਟਕਿਆਂ ਦੌਰਾਨ ਕਈ ਹਸਪਤਾਲਾਂ ਵਿਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਤੁਰਕੀ ਦੇ ਸ਼ਹਿਰ ਅਦਾਨਾ ਤੇ ਦਿਆਰਬਾਕਿਰ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਕਾਹਿਰਾ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੀਰੀਆ ਵਿਚ ਭੂਚਾਲ ਨੇ ਉਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ ਜੋ ਖਾਨਾਜੰਗੀ ਦਾ ਸ਼ਿਕਾਰ ਹੋਇਆ ਹੈ। ਇਹ ਉਹ ਥਾਵਾਂ ਹਨ ਜੋ ਰੂਸ ਦੀ ਹਮਾਇਤ ਪ੍ਰਾਪਤ ਸਰਕਾਰੀ ਤਾਕਤਾਂ ਤੇ ਵਿਰੋਧੀਆਂ ਵਿਚਾਲੇ ਵੰਡੀਆਂ ਹੋਈਆਂ ਹਨ। ਸਰਹੱਦ ਦੇ ਦੂਜੇ ਪਾਸੇ ਤੁਰਕੀ ਵਿਚ ਇਨ੍ਹਾਂ ਥਾਵਾਂ ਤੋਂ ਭੱਜੇ ਸ਼ਰਨਾਰਥੀ ਰਹਿ ਰਹੇ ਹਨ ਜੋ ਭੂਚਾਲ ਦੀ ਮਾਰ ਹੇਠ ਆਏ ਹਨ। ਸੀਰੀਆ ਵਿਚ ਸਿਹਤ ਸਹੂਲਤਾਂ ਮਾੜੀਆਂ ਤੇ ਨਾਕਾਫ਼ੀ ਹੋਣ ਕਾਰਨ ਕਾਫ਼ੀ ਮੁਸ਼ਕਲ ਆ ਰਹੀ ਹੈ। ਤੁਰਕੀ ਭੂਚਾਲਾਂ ਦੇ ਪੱਖ ਤੋਂ ਸੰਵੇਦਨਸ਼ੀਲ ਇਲਾਕਾ ਹੈ ਤੇ ਇੱਥੇ ਆਮ ਤੌਰ ‘ਤੇ ਝਟਕੇ ਲੱਗਦੇ ਰਹਿੰਦੇ ਹਨ। ਸੰਨ 1999 ਵਿਚ ਆਏ ਭੂਚਾਲ ‘ਚ 18 ਹਜ਼ਾਰ ਲੋਕ ਮਾਰੇ ਗਏ ਸਨ। ਅੱਜ ਆਏ ਭੂਚਾਲ ਨਾਲ ਸੀਰੀਆ ਦੇ ਸ਼ਹਿਰ ਅਲੇਪੋ ਤੋਂ ਲੈ ਕੇ ਤੁਰਕੀ ਦੇ ਦਿਆਰਬਾਕਿਰ ਤੱਕ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸੀਰੀਆ ਵਿਚ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਕਰੀਬ 400 ਲੋਕ ਮਾਰੇ ਗਏ ਹਨ। -ਏਪੀ

ਤੁਰਕੀ ਦੇ ਸ਼ਹਿਰ ਦਿਆਰਬਾਕਿਰ ਵਿੱਚ ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰਦੇ ਹੋਏ ਬਚਾਅ ਕਰਮੀ

ਅਮਰੀਕਾ, ਯੂਕੇ ਤੇ ਯੂਰੋਪੀ ਮੁਲਕਾਂ ਵੱਲੋਂ ਭੂਚਾਲ ਪੀੜਤਾਂ ਲਈ ਮਦਦ ਰਵਾਨਾ

ਲੰਡਨ/ਵਾਸ਼ਿੰਗਟਨ: ਯੂਕੇ ਸਰਕਾਰ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਤੁਰਕੀ ਦੀ ਮਦਦ ਲਈ ਤੁਰੰਤ ਐਮਰਜੈਂਸੀ ਟੀਮਾਂ ਭੇਜੀਆਂ ਜਾ ਰਹੀਆਂ ਹਨ। ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ ਨੇ ਕਿਹਾ ਕਿ ਉਹ ਖੋਜ, ਬਚਾਅ ਤੇ ਮੈਡੀਕਲ ਮਾਹਿਰਾਂ ਨੂੰ ਤੁਰਕੀ ਭੇਜ ਰਹੇ ਹਨ। ਇਕ ਵਿਸ਼ੇਸ਼ ਉਡਾਣ ਯੂਕੇ ਤੋਂ ਅੱਜ ਬਚਾਅ ਟੀਮਾਂ ਨੂੰ ਲੈ ਕੇ ਰਵਾਨਾ ਹੋ ਗਈ ਹੈ। ਯੂਕੇ ਦੇ ਵਿਦੇਸ਼ ਮੰਤਰੀ ਜੇਮਜ਼ ਕਲੈਵਰਲੀ ਨੇ ਦੱਸਿਆ ਕਿ ਸੀਰੀਆ ਵਿਚ ਯੂਕੇ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਵਾਈਟ ਹੈਲਮੈਟਸ ਨੂੰ ਮਦਦ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਯੂਕੇ ਸਰਕਾਰ ਨੇ ਕਿਹਾ ਕਿ ਉਹ ਤੁਰਕੀ ਨੂੰ ਹਰ ਸੰਭਵ ਮਦਦ ਦੇ ਰਹੇ ਹਨ। ਅੰਕਾਰਾ ਦਾ ਬ੍ਰਿਟਿਸ਼ ਦੂਤਾਵਾਸ ਸਥਾਨਕ ਸਰਕਾਰ ਨਾਲ ਪੂਰਾ ਤਾਲਮੇਲ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਮਦਦ ਲਈ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਯੂਕੇ ਤੇ ਅਮਰੀਕਾ ਤੋਂ ਇਲਾਵਾ ਜਰਮਨੀ, ਤਾਇਵਾਨ, ਨਾਟੋ ਗੱਠਜੋੜ ਤੇ ਕਈ ਯੂਰੋਪੀ ਮੁਲਕਾਂ ਨੇ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਤੇ ਮਦਦ ਭੇਜੀ ਜਾ ਰਹੀ ਹੈ। -ਰਾਇਟਰਜ਼

ਭੂਚਾਲ ਕਾਰਨ ਮਲਬੇ ‘ਚ ਤਬਦੀਲ ਹੋਈ ਇਕ ਇਮਾਰਤ। -ਫੋਟੋਆਂ: ਰਾਇਟਰਜ਼

ਤੁਰਕੀ ਤ੍ਰਾਸਦੀ ਵਿੱਚੋਂ ਛੇਤੀ ਉੱਭਰ ਆਵੇਗਾ: ਰਾਸ਼ਟਰਪਤੀ ਅਰਦੋਗਾਂ

ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਨੇ ਆਸ ਜਤਾਈ ਹੈ ਕਿ ਮੁਲਕ ਇਸ ਤ੍ਰਾਸਦੀ ਵਿਚੋਂ ਜਲਦੀ ਉੱਭਰੇਗਾ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ 1939 ਤੋਂ ਬਾਅਦ ਦੇਸ਼ ਵਿਚ ਆਇਆ ਇਹ ਸਭ ਤੋਂ ਮਾਰੂ ਭੂਚਾਲ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 18 ਕਿਲੋਮੀਟਰ ਹੇਠਾਂ ਦੱਸਿਆ ਗਿਆ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ 7.5 ਦੀ ਤੀਬਰਤਾ ਵਾਲਾ ਇਕ ਹੋਰ ਭੂਚਾਲ ਵੀ ਆਇਆ ਹੈ। ਇਸ ਨਾਲ ਹੋਏ ਨੁਕਸਾਨ ਬਾਰੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੈ। ‘ਨਾਟੋ’ ਤੇ ਯੂਰੋਪੀਅਨ ਮੁਲਕਾਂ ਵੱਲੋਂ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਭੂਚਾਲ ਕਾਰਨ ਨੁਕਸਾਨ ਕਾਫ਼ੀ ਜ਼ਿਆਦਾ ਹੋਇਆ ਹੈ ਤੇ ਸਖ਼ਤ ਠੰਢ ਵੀ ਬਚਾਅ ਕਾਰਜਾਂ ਵਿਚ ਅੜਿੱਕਾ ਬਣ ਰਹੀ ਹੈ। ਘਰਾਂ ਨੂੰ ਨੁਕਸਾਨ ਪੁੱਜਣ ਕਾਰਨ ਲੋਕਾਂ ਨੂੰ ਮਸਜਿਦਾਂ ਵਿਚ ਸ਼ਰਨ ਦਿੱਤੀ ਗਈ ਹੈ। ਸੀਰੀਆ ਦੇ ਇਦਲੀਬ ਸੂਬੇ ਵਿਚ ਵੀ ਵੱਡਾ ਨੁਕਸਾਨ ਹੋਣ ਦੀ ਸੂਚਨਾ ਹੈ। ਵੇਰਵਿਆਂ ਮੁਤਾਬਤ ਤੁਰਕੀ ਦੇ 10 ਸੂਬਿਆਂ ਵਿਚ ਮੌਤਾਂ ਹੋਈਆਂ ਹਨ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ, ਮਦਦ ਭੇਜਣ ਦਾ ਵਾਅਦਾ

ਨਵੀਂ ਦਿੱਲੀ:

ਮੁੱਖ ਅੰਸ਼

  • ਮੈਡੀਕਲ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਭੇਜੇਗਾ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਹੋਈਆਂ ਮੌਤਾਂ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਤੇ ਜ਼ਖ਼ਮੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਸੀਰੀਆ ਦਾ ਦੁੱਖ ਸਾਂਝਾ ਕਰਦਾ ਹੈ, ਤੇ ਔਖੇ ਸਮੇਂ ਵਿਚ ਹਰ ਸੰਭਵ ਮਦਦ ਭੇਜਣ ਲਈ ਵਚਨਬੱਧ ਹੈ। ਮੋਦੀ ਨੇ ਨਾਲ ਹੀ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿਚ ਤੁਰਕੀ ਦੇ ਲੋਕਾਂ ਨਾਲ ਖੜ੍ਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਤੁਰਕੀ ਨਾਲ ਦੁੱਖ ਸਾਂਝਾ ਕੀਤਾ ਹੈ। ਭਾਰਤ ਵੱਲੋਂ ਐੱਨਡੀਆਰਐਫ ਦੀਆਂ ਦੋ ਟੀਮਾਂ, ਜਿਨ੍ਹਾਂ ਵਿਚ 100-100 ਮੈਂਬਰ ਸ਼ਾਮਲ ਹਨ, ਨੂੰ ਵਿਸ਼ੇਸ਼ ਤੌਰ ‘ਤੇ ਸਿਖ਼ਲਾਈ ਪ੍ਰਾਪਤ ਡੌਗ ਸਕੁਐਡ ਅਤੇ ਜ਼ਰੂਰੀ ਉਪਕਰਨਾਂ ਨਾਲ ਤੁਰਕੀ ਭੇਜਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤੁਰਕੀ ਸਰਕਾਰ ਤੇ ਉੱਥੇ ਸਥਿਤ ਭਾਰਤੀ ਦੂਤਾਵਾਸ ਨਾਲ ਤਾਲਮੇਲ ਕਰ ਕੇ ਮੈਡੀਕਲ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਸਿਖ਼ਲਾਈ ਪ੍ਰਾਪਤ ਡਾਕਟਰ ਤੇ ਪੈਰਾ-ਮੈਡੀਕਲ ਸਟਾਫ਼ ਸ਼ਾਮਲ ਹੈ। ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀਕੇ ਮਿਸ਼ਰਾ ਨੇ ਤੁਰਕੀ ਨੂੰ ਮਦਦ ਭੇਜਣ ਸਬੰਧੀ ਇਕ ਮੀਟਿੰਗ ਵੀ ਕੀਤੀ ਹੈ। ਮੀਟਿੰਗ ਵਿਚ ਕੈਬਨਿਟ ਸਕੱਤਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×