ਜੰਮੂ ਕਸ਼ਮੀਰ ਅਤੇ ਪਾਕਿਸਤਾਨ ’ਚ ਭੂਚਾਲ ਦੇ ਝਟਕੇ
ਸ੍ਰੀਨਗਰ/ਇਸਲਾਮਾਬਾਦ: ਭਾਰਤ ਦੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂੁਸ ਕੀਤੇ ਗਏ ਹਨ। ਹਾਲਾਂਕਿ ਦੋਵੇਂ ਥਾਈਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜੰਮੂ ਕਸ਼ਮੀਰ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.8 ਮਾਪੀ ਗਈ ਹੈ ਜਦਕਿ ਪਾਕਿਸਤਾਨ ਵਿੱਚ 5.2 ਤੀਬਰਤਾ ਦਾ ਭੂਚਾਲ ਆਇਆ। ਇਸ ਦੌਰਾਨ ਜੰਮੂੁ ਕਸ਼ਮੀਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਕਰੀਬ 4:19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਵਿੱਚ 36.49 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 71.27 ਡਿਗਰੀ ਪੂਰਬੀ ਦੇਸ਼ਾਂਤਰ ’ਤੇ 165 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਸ਼ਮੀਰ ਘਾਟੀ ਵਿੱਚ ਕਿਤੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੂਜੇ ਪਾਸੇ, ਪਾਕਿਸਤਾਨ ਦੇ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਅਤੇ ਤਜ਼ਾਕਿਸਤਾਨ ਦਰਮਿਆਨ ਸਰਹੱਦੀ ਖੇਤਰ ਦੇ ਨੇੜੇ ਸੀ ਅਤੇ ਇਸ ਦੀ ਡੂੰਘਾਈ 212 ਕਿਲੋਮੀਟਰ ਸੀ। ਸਥਾਨਕ ਅਧਿਕਾਰੀਆਂ ਅਨੁਸਾਰ ਪੇਸ਼ਾਵਰ ਅਤੇ ਖੈਬਰ ਪਖਤੂਨਖਵਾ ਦੇ ਕਈ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਖੈਬਰ ਪਖਤੂਨਖਵਾ ਦੇ ਮਿੰਗੋਰਾ ਤੇ ਨੇੜਲੇ ਇਲਾਕਿਆਂ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਇਸ ਦੀ ਡੂੰਘਾਈ 213 ਕਿਲੋਮੀਟਰ ਸੀ। -ਪੀਟੀਆਈ