ਅਮਰੀਕਾ ਅਤੇ ਸੀਰੀਆ ਵਿਚ ਭੂਚਾਲ ਦੇ ਝਟਕੇ
ਲਾਸ ਏਂਜਲਸ/ਦਮਿਸ਼ਕ, 13 ਅਗਸਤ
ਅਮਰੀਕਾ ਵਿਚ ਲਾਸ ਏਂਜਲਸ ਤੋਂ ਲੈ ਕੇ ਸੇਨ ਡਿਏਗੋ ਤੱਕ 4.4 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਅਤੇ ਵਾਹਨਾਂ ਦੇ ਅਲਾਰਮ ਵੱਜਣ ਲੱਗੇ। ਹਾਲਾਂਕਿ ਭੂਚਾਲ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਲਾਸ ਏਂਜਲਸ ਦੇ ਸਿਟੀ ਹਾਲ ਤੋਂ 10.5 ਉੱਤਰ ਪੂਰਬ ਵਿਚ 12.1 ਕਿਲੋਮੀਟਰ ਦੀ ਗਹਿਰਾਈ ਵਿਚ ਸੀ। ਪਾਸਾਡੋਨਾ ਦੀ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਸਿਟੀ ਹਾਲ ਦੀ ਇਕ ਮੰਜ਼ਿਲ ਤੋਂ ਪਾਣੀ ਲੀਕ ਹੋਣ ਲੱਗਿਆ ਸੀ, ਇਸ ਮੌਕੇ ਇਮਾਰਤ ਵਿਚੋਂ ਕਰੀਬ 200 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਉਧਰ ਸੀਰੀਆ ਵਿਚ ਵੀ 5.5 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਮੱਧ ਏਸ਼ੀਆ ਵਿਚ ਸੋਮਵਾਰ ਦੇਰ ਰਾਤ 5.5 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਹਲਾਂਕਿ ਭੁਚਾਲ ਕਾਰਨ ਕੋਈ ਨੁਕਸਾਨ ਹੋਣ ਦੀ ਘਟਨਾ ਤੋਂ ਬਚਾਅ ਰਿਹਾ। ਸੀਰੀਆ ਦੇ ਇਕ ਅਧਿਕਾਰਤ ਦਫ਼ਤਰ ਅਨੁਸਾਰ ਹਾਮਾ ਤੋਂ 28 ਕਿਲੋਮੀਟਰ ਪੂਰਬ ਵਿਚ ਰਾਤ 11.56 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਮਾ ਦੇ ਸਿਹਤ ਅਧਿਕਾਰੀ ਨੇ ਇਕ ਰੇਡੀਓ ਸਟੇਸ਼ਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਦੇ ਝਟਕਿਆਂ ਤੋ ਡਰੇ ਕੁੱਝ ਲੋਕਾਂ ਦੇ ਸੁਰੱਖਿਅਤ ਥਾਂ ’ਤੇ ਭੱਜਣ ਦੌਰਾਨ 25 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। -ਪੀਟੀਆਈ