ਸਕੂਲਾਂ ਵਿੱਚ ਪੌਦੇ ਲਗਾ ਕੇ ਧਰਤੀ ਦਿਵਸ ਮਨਾਇਆ
ਪੱਤਰ ਪ੍ਰੇਰਕ
ਦੇਵੀਗੜ੍ਹ, 22 ਅਪਰੈਲ
ਆਦਰਸ਼ ਪਬਲਿਕ ਸਕੂਲ ਪਿੰਡ ਮੁਖਮੈਲਪੁਰ ਵਿੱਚ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਅੱਠਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਧਰਤੀ ਨੂੰ ਹਰਾ ਭਰਾ ਰੱਖਣ ਲਈ ਪ੍ਰੇਰਿਤ ਕੀਤਾ। ਪਹਿਲੀ ਜਮਾਤ ਤੋਂ ਲੈ ਕੇ ਛੇਵੀਂ ਜਮਾਤ ਦੇ ਬੱਚਿਆਂ ਨੇ ਸਕੂਲ ਦੇ ਮੈਦਾਨ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਾਏ। ਨਰਸਰੀ ਜਮਾਤ ਤੋਂ ਲੈ ਕੇ ਯੂ.ਕੇ. ਜੀ. ਦੇ ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ ਅਤੇ ਸਕਿੱਟਾਂ ਰਾਹੀਂ ਧਰਤੀ ਨੂੰ ਸਾਫ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਰਾਜਿੰਦਰ ਕੌਰ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਰੁੱਖ ਨਾ ਕੱਟਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਇਸੇ ਦੌਰਾਨ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹਖੇੜੀ ਵਿੱਚ ’ਧਰਤੀ ਦਿਵਸ’ ਮਨਾਇਆ ਗਿਆ। ਇਸ ਮੌਕੇ ਤੇ ਸਪੈਸ਼ਲ ਅਸੈਂਬਲੀ ਕਰਵਾਈ ਗਈ ਜਿਸ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ‘ਰੁੱਖ ਲਗਾਓ ਧਰਤੀ ਬਚਾਓ’ ਦੇ ਤਹਿਤ ਕਵਿਤਾਵਾਂ, ਭਾਸ਼ਣ ਅਤੇ ਸੰਦੇਸ਼ ਪੇਸ਼ ਕੀਤੇ। ਇਨ੍ਹਾਂ ਪੇਸ਼ਕਾਰੀਆਂ ਵਿੱਚ ਵਿਦਿਆਰਥੀਆਂ ਨੇ ਧਰਤੀ ਤੇ ਵੱਧ ਰਹੇ ਪ੍ਰਦੂਸ਼ਣ, ਪ੍ਰਦੂਸ਼ਣ ਹੋਣ ਦੇ ਕਾਰਨਾਂ ਬਾਰੇ ਦੱਸਿਆ। ਸਕੂਲ ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਨੀਲਮਾ ਦੀਕਸ਼ਿਤ ਨੇ ਵਿਦਿਆਰਥੀਆਂ ਨੂੰ ਇਹ ਪ੍ਰਣ ਦਵਾਇਆ,‘ ਅਸੀਂ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਆਪਣਾ ਆਲ਼ਾ ਦੁਆਲਾ ਸਾਫ ਰੱਖ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਵਾਵਾਂਗੇ।’
ਮੂਨਕ (ਪੱਤਰ ਪ੍ਰੇਰਕ): ਇੱਥੇ ਬਾਬੂ ਬ੍ਰਿਸ਼ ਭਾਨ ਡੀ.ਏ.ਵੀ. ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਅੱਜ ਧਰਤੀ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਧਰਤੀ ਦੀ ਸੰਭਾਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ।
ਕੈਂਬਰਿਜ਼ ਸਕੂਲ ਵਿੱਚ ਧਰਤੀ ਦਿਵਸ ਮਨਾਇਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰਿਆ, ਪ੍ਰਧਾਨ ਡਾ. ਸੀਮਾ ਅਰੋੜਾ, ਪ੍ਰਿੰਸੀਪਲ ਦੀਪਾਲੀ ਮਹਿਰੋਤਰਾ, ਸੀਈਓ ਮਿਸ ਭਾਵਨਾ ਪੌਲ, ਐਚ.ਆਰ.ਹੈਡ ਮਿਸ ਵੰਦਨਾ ਸਲੂਜਾ, ਸੀਨੀਅਰ ਕੋਆਰਡੀਨੇਟਰ ਸੈਫ਼ੀ ਚਾਵਲਾ ਅਤੇ ਪ੍ਰੀ ਪ੍ਰਾਇਮਰੀ ਹੈਡ ਮਿਸ ਅੰਜਲੀ ਸਿੱਧੂ ਵਲੋਂ ਪੌਦੇ ਲਗਾ ਕੇ ਕੀਤੀ ਗਈ। ਸੱਤਵੀਂ ਜਮਾਤ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਵਿਸ਼ਵ ਧਰਤੀ ਦਿਵਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪਹਿਲੀ ਤੋਂ ਤੀਜੀ ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵਿਸ਼ਵ ਧਰਤੀ ਦਿਵਸ ਤੇ ਸਬੰਧ ਵਿੱਚ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਸਕੂਲ ਦੇ ਵਿਦਿਆਰਥੀਆਂ ਨੇ ਸਕਿਟ ਵੀ ਪੇਸ਼ ਕੀਤੀ। ਸੱਤਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਵਿਸ਼ਵ ਧਰਤੀ ਦਿਵਸ ਦੇ ਮਹੱਤਵ ਬਾਰੇ ਜਾਗਰੂਕ ਕੀਤਾ।