ਚੌਥਾ ਦਰਜਾ ਕਾਮਿਆਂ ਵੱਲੋਂ ਅਰਥੀ ਫੂਕ ਮੁਜ਼ਾਹਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ 23 ਅਗਸਤ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਅਤੇ ਸਬੰਧਿਤ ਜਥੇਬੰਦੀਆਂ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਮੇਤ ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼, ਸਫ਼ਾਈ ਸੇਵਕ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਟਕਰਾਅ ਨੀਤੀ ਵਿਰੁੱਧ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖ਼ਰਾਬ ਮੌਸਮ ਦੇ ਬਾਵਜੂਦ ਅਰਥੀ ਫੂਕ ਮੁਜ਼ਾਹਰਾ ਕੀਤਾ। ਆਗੂ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸਵਰਨ ਸਿੰਘ ਬੰਗਾ, ਨਾਰੰਗ ਸਿੰਘ, ਰਾਮ ਲਾਲ ਰਾਮਾ ਅਤੇ ਇੰਜ: ਸੰਤੋਖ ਸਿੰਘ ਬੋਪਾਰਾਏ ਨੇ ਕਿਹਾ ਕਿ ਜੋ ਭਗਵੰਤ ਮਾਨ ਕਹਿੰਦਾ ਸੀ ਕਿ ਹੁਣ ਸਰਕਾਰਾਂ ਪਿੰਡਾਂ ਤੋਂ ਚੱਲਣਗੀਆਂ, ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ, ਹਰਾ ਪੈੱਨ ਕ੍ਰਾਂਤੀ ਲਿਆਏਗਾ, ਪੁਰਾਣੀ ਪੈਨਸ਼ਨ ਬਹਾਲ ਹੋਵੇਗੀ, ਸਾਰੇ ਕੱਚੇ ਕਰਮੀ ਪੱਕੇ ਹੋਣਗੇ, ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ, ਘੱਟੋ-ਘੱਟ ਉਜ਼ਰਤਾਂ ਵਿੱਚ ਵਾਧਾ ਹੋਵੇਗਾ ਤੇ ਪੈਨਸ਼ਨਰਾਂ ਗੁਣ ਖੰਡ 2.59 ਮਿਲੇਗਾ, ਘਰ-ਘਰ ਨੌਕਰੀਆਂ ਮਿਲਣਗੀਆਂ, ਹੁਣ ਉਹੀ ਮੁੱਖ ਮੰਤਰੀ ਬੁਲਟ ਪਰੂਫ ਕੈਬਿਨ ਵਿੱਚੋਂ ਪੰਜਾਬ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤ ਮੀਟਿੰਗਾਂ ਲਈ ਸਮਾਂ ਦੇ ਕੇ ਮੁੱਖ ਮੰਤਰੀ ਮੁਲਾਜ਼ਮ, ਪੈਨਸ਼ਨਰ ਆਗੂਆਂ ਦਾ ਸਾਹਮਣਾ ਕਰਨ ਤੋਂ ਟਾਲਾ ਵੱਟ ਰਹੇ ਹਨ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਂਝੇ ਫ਼ਰੰਟ ਦੇ ਸੱਦੇ ’ਤੇ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਵੀ ਮੁਲਾਜ਼ਮ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ‘ਆਪ’ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਸੜਕ ’ਤੇ ਅਰਥੀ ਅਗਨ ਭੇਟ ਕੀਤੀ।