ਵਧੇਰੇ ਮੁਨਾਫ਼ੇ ਲਈ ਅਗੇਤੇ ਮਟਰ ਬੀਜਣ ਦੇ ਨੁਕਤੇ
ਰਜਿੰਦਰ ਕੁਮਾਰ ਢੱਲ/ਹੀਰਾ ਸਿੰਘ/ਤਰਸੇਮ ਸਿੰਘ ਢਿੱਲੋਂ*
ਮਟਰ ਠੰਢੇ ਮੌਸਮ ਦੀ ਮੁੱਖ ਫ਼ਸਲ ਹੈ। ਪੰਜਾਬ ਵਿੱਚ ਮਟਰਾਂ ਹੇਠ 43.88 ਹਜ਼ਾਰ ਹੈਕਟੇਅਰ ਰਕਬਾ ਹੈ ਜਿਸ ’ਚੋਂ 467.0 ਹਜ਼ਾਰ ਟਨ ਪੈਦਾਵਾਰ ਹੁੰਦੀ ਹੈ। ਇਸ ਵਿੱਚ ਖ਼ੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ‘ਏ’ ਅਤੇ ‘ਸੀ’ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਮਟਰਾਂ ਦੀ ਅਗੇਤੀ ਬਿਜਾਈ ਬਹੁਤ ਹੀ ਲਾਹੇਵੰਦ ਧੰਦਾ ਹੈ ਕਿਉਂਕਿ ਅਗੇਤੀ ਫ਼ਸਲ ਦਾ ਮੰਡੀ ਵਿੱਚ ਜ਼ਿਆਦਾ ਮੁੱਲ ਮਿਲਦਾ ਹੈ। ਅਗੇਤ ਮਟਰ ਥੋੜ੍ਹੇ ਸਮੇਂ ਦੀ ਫ਼ਸਲ ਹੋਣ ਕਰ ਕੇ ਵੱਖ-ਵੱਖ ਫ਼ਸਲੀ ਚੱਕਰ ਲਈ ਬਹੁਤ ਢੁੱਕਵੀਂ ਹੈ। ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਜੇ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵਧ ਜਾਵੇ ਤਾਂ ਬੂਟੇ ਉੱਗਣ ਸਮੇਂ ਹੀ ਮਰ ਜਾਂਦੇ ਹਨ। ਜੇ ਫ਼ਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਫ਼ਸਲ ਵਿੱਚ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ। ਇਸ ਲਈ ਮਟਰਾਂ ਦੀ ਫ਼ਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿੱਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲ਼ਾਅ ਸਹਿਜੇ ਹੁੰਦਾ ਹੈ।
ਅਗੇਤੀ ਕਿਸਮਾਂ-
ਮਟਰ ਅਗੇਤਾ-7: ਇਸ ਦੇ ਬੂਟੇ ਛੇਤੀ ਵਧਣ ਵਾਲੇ ਹੁੰਦੇ ਹਨ। ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲਗਦੀਆਂ ਹਨ ਅਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ। ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜ੍ਹੀਆਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜਿਆਂ ਵਿੱਚ ਲੱਗਦੀਆਂ ਹਨ। ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਫ਼ੀਸਦੀ ਦਾਣੇ ਨਿੱਕਲਦੇ ਹਨ। ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।
ਏਪੀ-3: ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮੱਧਰੇ ਹੁੰਦੇ ਹਨ। ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜਿਆਂ ਵਿੱਚ ਲੱਗਦੀਆਂ ਹਨ। ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋਂ ਲਗਪਗ 50 ਫ਼ੀਸਦੀ ਦਾਣੇ ਨਿੱਕਲਦੇ ਹਨ। ਇਸ ਦੇ ਦਾਣੇ ਮੋਟੇ ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇ ਇਸ ਨੂੰ ਅਕਤੂਬਰ ਦੇ ਦੂਜੇ ਹਫ਼ਤੇ ਬੀਜਿਆ ਜਾਵੇ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਅਗੇਤੇ ਮਟਰਾਂ ਦੀ ਕਾਸ਼ਤ ਦੇ ਨੁਕਤੇ-
ਬਿਜਾਈ ਤੇ ਬੀਜ ਦੀ ਮਾਤਰਾ: ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉੱਤਮ ਸਮਾਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ। ਪਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਅਗੇਤੇ ਮਟਰ ਦੀ ਬਿਜਾਈ ਸਤੰਬਰ ਦੇ ਅਖ਼ੀਰਲੇ ਹਫ਼ਤੇ ਕੀਤੀ ਜਾਂਦੀ ਹੈ। ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਬੀਜ ਪ੍ਰਤੀ ਏਕੜ ਲਗਦਾ ਹੈ। ਹੱਥਾਂ ਨਾਲ ਬਿਜਾਈ ਕਰਨ ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ। ਅਗੇਤੀਆਂ ਕਿਸਮਾਂ ਲਈ ਫ਼ਸਲਾਂ 30*7.5 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਟਰਾਂ ਦੀ ਬਿਜਾਈ ਪੱਧਰੇ ’ਤੇ ਕਰਨੀ ਚਾਹੀਦੀ ਹੈ ਪਰ ਬਿਜਾਈ ਸਮੇਂ ਠੀਕ ਵੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿੱਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਤੇ ਹਰ ਵੱਟ ਉੱਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ। ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਟੀਕੇ ਨਾਲ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂ ਪਹਿਲਾਂ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਂਕਿ ਇਸ ਨਾਲ ਝਾੜ ਵਧ ਜਾਂਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵਿਚ ਉਪਲੱਬਧ ਹੈ। ਅਗੇਤੀ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲਗਦਾ ਹੈ। ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ। ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੋਬੀਅਮ ਦੇ ਟੀਕੇ ਦਾ ਪੈਕਟ (ਇਕ ਏਕੜ ਵਾਲਾ) ਅਤੇ 675 ਗ੍ਰਾਮ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ ਰਲਾ ਦਿਉ। ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ। ਬੀਜ ਨੂੰ ਛਾਂਵੇਂ ਸੁਕਾ ਕੇ ਉਸੇ ਦਿਨ ਖੇਤ ਵਿੱਚ ਬੀਜ ਦਿਓ।
ਖਾਦਾਂ: ਮਟਰ ਵਾਸਤੇ ਏਕੜ ਪਿੱਛੇ 8 ਟਨ ਗੋਹੇ ਦੀ ਗਲੀ ਸੜੀ ਰੂੜੀ, 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਉ। ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ।
ਨਦੀਨਾਂ ਦੀ ਰੋਕਥਾਮ: ਬੀਜ ਉੱਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰ ਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ। ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉੱਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ। ਨਦੀਨਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਰ ਛਿੜਕਾਅ ਕਰੋ। ਇਹ ਨਦੀਨਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉੱਤੇ ਕਾਬੂ ਪਾ ਸਕਦੇ ਹਨ।
ਸਿੰਜਾਈ: ਬਿਜਾਈ ਠੀਕ ਵੱਤਰ ਵਿੱਚ ਕਰੋ। ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ। ਅਗਲਾ ਪਾਣੀ ਫੁੱਲ ਆਉਣ ’ਤੇ ਅਤੇ ਫਿਰ ਅਗਲਾ ਫਲ ਪੈਣ ’ਤੇ ਜ਼ਰੂਰਤ ਮੁਤਾਬਕ ਲਾਉ। ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਜਾਈਆਂ ਨਾਲ ਉਗਾਈ ਜਾ ਸਕਦੀ ਹੈ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਹੀ ਲੋੜ ਹੈ।
ਤੁੜਾਈ: ਮਟਰਾਂ ਦੀ ਤੁੜਾਈ ਸਮੇਂ ਸਿਰ ਕਰੋ ਅਤੇ ਫਲੀਆਂ ਨੂੰ ਜ਼ਿਆਦਾ ਨਾ ਪੱਕਣ ਦਿਉ। ਅਗੇਤੀਆਂ ਕਿਸਮਾਂ ਦੀਆਂ ਆਮ ਤੌਰ ’ਤੇ ਦੋ ਤੁੜਾਈਆਂ ਕੀਤੀਆਂ ਜਾਂਦੀਆਂ ਹਨ।
ਕੀੜੇ-
ਥਰਿੱਪ (ਜੂੰ): ਇਹ ਕੀੜਾਂ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ।
ਤਣੇ ਦੀ ਮੱਖੀ: ਕਈ ਵਾਰ ਅਗੇਤੀ ਬੀਜੀ ਫ਼ਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ। ਇਸ ਨਾਲ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ। ਇਹ ਕੀੜਾ ਬੀਜ ਉੱਗਣ ਸਮੇਂ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੇ ਬਚਾਅ ਲਈ ਬੀਜ ਵਾਲੀ ਫ਼ਸਲ ’ਤੇ ਬਿਜਾਈ ਸਮੇਂ ਸਿਆੜਾਂ ਵਿੱਚ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।
ਬਿਮਾਰੀਆਂ-
ਜੜ੍ਹਾਂ ਅਤੇ ਗਿੱਚੀ ਦਾ ਗਲਣਾ: ਜਿੱਥੇ ਇਹ ਰੋਗ ਵਧੇਰੇ ਲਗਦਾ ਹੈ, ਉੱਥੇ ਮਟਰ ਦੀ ਫ਼ਸਲ ਅਗੇਤੀ ਨਾ ਬੀਜੋ ਕਿਉਂਕਿ ਅਗੇਤੀ ਫ਼ਸਲ ਨੂੰ ਰੋਗ ਜ਼ਿਆਦਾ ਲੱਗਦਾ ਹੈ। ਇਸ ਰੋਗ ਨਾਲ ਜੜ੍ਹਾਂ ਗਲ ਜਾਂਦੀਆਂ ਹਨ ਅਤੇ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਪੌਦਾ ਮਰ ਜਾਂਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ।
*ਸਬਜ਼ੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।