For the best experience, open
https://m.punjabitribuneonline.com
on your mobile browser.
Advertisement

ਪਹਿਲਾਂ ਸਰਕਾਰਾਂ ਪੱਤਰਕਾਰਾਂ ਤੋਂ ਡਰਦੀਆਂ ਸਨ ਤੇ ਹੁਣ ਡਰਾਉਂਦੀਆਂ ਨੇ: ਅਗਨੀਹੋਤਰੀ

10:15 AM Jul 03, 2023 IST
ਪਹਿਲਾਂ ਸਰਕਾਰਾਂ ਪੱਤਰਕਾਰਾਂ ਤੋਂ ਡਰਦੀਆਂ ਸਨ ਤੇ ਹੁਣ ਡਰਾਉਂਦੀਆਂ ਨੇ  ਅਗਨੀਹੋਤਰੀ
ਯੂਨੀਅਨ ਦੇ ਆਗੂ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦਾ ਸਨਮਾਨ ਕਰਦੇ ਹੋਏ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 2 ਜੁਲਾਈ
ਚੰਡੀਗਡ਼੍ਹ-ਪੰਜਾਬ ਯੂਨੀਅਨ ਆਫ ਜਰਨਲਿਸਟ ਦੀ 24ਵੀਂ ਸਾਲਾਨਾ ਮੀਟਿੰਗ ਦੇ ਦੂਜੇ ਦਿਨ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਮੁੱਖ ਮਹਿਮਾਨ ਵਜੋਂ ਪਹੁੰਚੇ।
ਸ੍ਰੀ ਅਗਨੀਹੋਤਰੀ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਰਕਾਰਾਂ ਪੱਤਰਕਾਰਾਂ ਦੀ ਕਲਮ ਤੋਂ ਡਰਦੀਆਂ ਸਨ, ਪਰ ਹੁਣ ਸਰਕਾਰਾਂ ਨੇ ਹੀ ਪੱਤਰਕਾਰਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਬਤੌਰ ਪੱਤਰਕਾਰ ਕੰਮ ਕਰਦੇ ਰਹੇ ਹਨ ਤੇ ਕਈ ਵਾਰ ਸਰਕਾਰਾਂ ਨੇ ਉਨ੍ਹਾਂ ਦੀ ਕਲਮ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਮੁੱਖ ਮੰਤਰੀ ਨੇ ਅਖ਼ਬਾਰ ਦੇ ਮਾਲਕਾਂ ਨੂੰ ਉਨ੍ਹਾਂ ਨੂੰ ਅਖ਼ਬਾਰ ਵਿੱਚੋਂ ਕੱਢਣ ਤੱਕ ਲਈ ਜ਼ੋਰ ਲਗਾ ਦਿੱਤਾ ਸੀ ਪਰ ਉਨ੍ਹਾਂ ਪੱਤਰਕਾਰੀ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਰਕਾਰਾਂ ਵੱਲੋਂ ਕਲਮ ਦੀ ਧਾਰ ਨੂੰ ਰੋਕਣ ਤੇ ਦਬਾਉਣ ਲਈ ਇਸ਼ਤਿਹਾਰ ਵੀ ਬੰਦ ਕਰ ਦਿੱਤੇ ਜਾਂਦੇ ਹਨ। ਪਹਿਲਾਂ ਪੱਤਰਕਾਰਾਂ ਦੇ ਪਿੱਛੇ ਲੀਡਰਾਂ ਦੇ ਵਾਹਨ ਦੌਡ਼ਦੇ ਸਨ ਅਤੇ ਹੁਣ ਪੱਤਰਕਾਰਾਂ ਦੇ ਵਾਹਨ ਲੀਡਰਾਂ ਦੇ ਮਗਰ ਦੌਡ਼ਦੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਤਾਕਤ ਘਟਦੀ ਜਾ ਰਹੀ ਹੈ, ਪਰ ਉਨ੍ਹਾਂ ਪੱਤਰਕਾਰਾਂ ਨੂੰ ਉੱਚ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਸ਼ੀਸ਼ਾ ਦਿਖਾਉਂਦੇ ਰਹਿਣ ਲਈ ਪ੍ਰੇਰਿਆ। ਸ੍ਰੀ ਅਗਨੀਹੋਤਰੀ ਨੇ ਕਿਹਾ ਕਿ ਅੱਜ ਸਭ ਤੋਂ ਅੌਖਾ ਕੰਮ ਖ਼ਬਰਾਂ ਲਿਖਣਾ ਅਤੇ ਅਖ਼ਬਾਰ ਛਾਪਣਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਵਿੱਚ ਪੱਤਰਕਾਰਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੱਤਰਕਾਰਾਂ ਨੂੰ ਕੌਮੀ ਪੱਧਰ ਦਾ ਅਗਲਾ ਸਮਾਗਮ ਹਿਮਾਚਲ ਪ੍ਰਦੇਸ਼ ’ਚ ਕਰਵਾਉਣ ਦਾ ਸੱਦਾ ਵੀ ਦਿੱਤਾ। ਚੰਡੀਗਡ਼੍ਹ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੱਤਰਕਾਰਾਂ ਦਾ ਉਨ੍ਹਾਂ ਦੇ ਸ਼ਹਿਰ ਵਿੱਚ ਆਉਣਾ ਮਾਣ ਵਾਲੀ ਗੱਲ ਹੈ ਤੇ ਚੰਡੀਗਡ਼੍ਹ ਦਾ ਵਿਕਾਸ ਤੇ ਸੁੰਦਰਤਾ ਨੂੰ ਹੋਰ ਵਧਾਉਣ ਲਈ ਉਹ ਵਚਨਬੱਧ ਹਨ। ਚੰਡੀਗਡ਼੍ਹ-ਪੰਜਾਬ ਯੂਨੀਅਨ ਆਫ ਜਰਨਲਿਸਟ ਦੀ 24ਵੀਂ ਸਾਲਾਨਾ ਮੀਟਿੰਗ ’ਚ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਵਿਨੋਦ ਕੋਹਲੀ, ਮੀਤ ਪ੍ਰਧਾਨ ਸਈਅਦ ਇਸਮਾਈਲ (ਹੈਦਰਾਬਾਦ), ਜਨਰਲ ਸਕੱਤਰ ਸਵਾ ਨਾਇਕਨ (ਕੋਲਕਾਤਾ) ਆਦਿ ਹਾਜ਼ਰ ਸਨ।

Advertisement

Advertisement
Tags :
Author Image

sukhwinder singh

View all posts

Advertisement
Advertisement
×