ਈ-ਰਿਕਸ਼ਾ ਚਾਲਕਾਂ ਵੱਲੋਂ ਸ਼ਿਵਪੁਰੀ ਚੌਕ ’ਚ ਆਵਾਜਾਈ ਠੱਪ
ਗਗਨਦੀਪ ਅਰੋੜਾ
ਲੁਧਿਆਣਾ, 4 ਮਾਰਚ
ਸ਼ਿਵਪੁਰੀ ਚੌਕ ’ਚ ਈ-ਰਿਕਸ਼ਾ ਚਾਲਕਾਂ ਨੇ ਸੋਮਵਾਰ ਦੀ ਦੁਪਹਿਰ ਨੂੰ ਟਰੈਫਿਕ ਪੁਲੀਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਚਾਲਕਾਂ ਨੇ ਚੌਕ ਦੇ ਵਿਚਕਾਰ ਅਤੇ ਜੀਟੀ ਰੋਡ ’ਤੇ ਈ-ਰਿਕਸ਼ਾ ਲਾ ਕੇ ਉੱਥੇ ਖੜ੍ਹੇ ਟਰੈਫਿਕ ਮੁਲਾਜ਼ਮਾਂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਲੰਬਾ ਜਾਮ ਲੱਗ ਗਿਆ। ਸ਼ਿਵਪੁਰੀ ਚੌਕ ਪੰਜ ਸੜਕਾਂ ਨੂੰ ਆਪਸ ’ਚ ਜੋੜਦਾ ਹੈ, ਜਿਸ ਕਾਰਨ ਪੰਜੇ ਪਾਸੇ ਤੋਂ ਆਉਣ ਵਾਲੀ ਆਵਾਜਾਈ ਰੁਕ ਗਈ ਅਤੇ ਸਾਰੇ ਪਾਸੇ ਜਾਮ ਦੀ ਸਥਿਤੀ ਬਣ ਗਈ। ਕਰੀਬ ਪੌਣੇ ਦੋ ਘੰਟਿਆਂ ਤੱਕ ਈ-ਰਿਕਸ਼ਾ ਚਾਲਕਾਂ ਨੇ ਜਾਮ ਲਾਈ ਰੱਖਿਆ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਈ-ਰਿਕਸ਼ਾ ਚਾਲਕਾਂ ਨੂੰ ਪਹਿਲਾਂ ਸਮਝਾਇਆ, ਪਰ ਉਨ੍ਹਾਂ ਨੇ ਟਰੈਫਿਕ ਪੁਲੀਸ ਮੁਲਾਜ਼ਮ ਦੀ ਹਰਕਤ ਬਾਰੇ ’ਚ ਦੱਸਿਆ ਤਾਂ ਥਾਣਾ ਦਰੇਸੀ ਦੇ ਐੱਸਐੱਚਓ ਸਾਰਿਆਂ ’ਤੇ ਰੋਅਬ ਪਾਉਣ ਲੱਗੇ ਤੇ ਉਨ੍ਹਾਂ ਈ-ਰਿਕਸ਼ੇ ਪਿੱਛੇ ਕਰਨ ਦੀ ਚਿਤਾਵਨੀ ਦੇ ਦਿੱਤੀ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਥਾਣਾ ਦਰੇਸੀ ਦੇ ਐੱਸਐੱਚਓ ਨੇ ਉਨ੍ਹਾਂ ਨਾਲ ਵੀ ਬੁਰਾ ਵਿਵਹਾਰ ਕੀਤਾ ਅਤੇ ਉਨ੍ਹਾਂ ’ਤੇ ਕੇਸ ਦਰਜ ਕਰਨ ਦੀ ਧਮਕੀ ਤੱਕ ਦੇ ਦਿੱਤੀ। ਕਿਸੇ ਤਰ੍ਹਾਂ ਬਾਅਦ ’ਚ ਮਾਮਲਾ ਸ਼ਾਂਤ ਕਰਵਾਇਆ ਗਿਆ।
ਸ਼ਹਿਰ ਦੀ ਟਰੈਫਿਕ ਪੁਲੀਸ ਦੇ ਵੱਲੋਂ ਅੰਨ੍ਹੇਵਾਹ ਚੱਲ ਰਹੇ ਈ-ਰਿਕਸ਼ਾ ਚਾਲਕਾਂ ਨੂੰ ਆਪਣੇ ਕਾਗਜ਼ ਪੂਰੇ ਕਰਨ, ਆਰਸੀ ਬਣਵਾਉਣ ਅਤੇ ਲਾਇਸੈਂਸ ਬਣਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਈ-ਰਿਕਸ਼ਾ ਚਾਲਕਾਂ ਨੂੰ ਕਾਰਵਾਈ ਦੀ ਵੀ ਚਿਤਾਵਨੀ ਦਿੱਤੀ ਗਈ ਸੀ। ਈ-ਰਿਕਸ਼ਾ ਚਾਲਕ ਮਨੂ ਨੇ ਕਿਹਾ ਕਿ ਉਹ ਅੱਜ ਈ-ਰਿਕਸ਼ਾ ਲੈ ਕੇ ਜਾ ਰਿਹਾ ਸੀ, ਅਚਾਨਕ ਸ਼ਿਵਪੁਰੀ ਚੌਕ ’ਤੇ ਉਸ ਨੂੰ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਰੋਕਿਆ। ਪੁਲੀਸ ਨੇ ਉਸ ਨੂੰ ਕਾਗਜ਼ ਦਿਖਾਉਣ ਲਈ ਆਖਿਆ। ਮਨੂ ਅਨੁਸਾਰ ਉਸ ਕੋਲ ਸਾਰੇ ਕਾਗਜ਼ ਸਨ, ਪਰ ਲਾਇਸੈਂਸ ਨਹੀਂ ਸੀ। ਉਸ ਨੇ ਪੁਲੀਸ ਮੁਲਾਜ਼ਮ ਨੂੰ ਬੇਨਤੀ ਕੀਤੀ ਪਰ ਪੁਲੀਸ ਮੁਲਾਜ਼ਮ ਨੇ ਉਸ ਦੇ ਮੁੱਕੇ ਮਾਰੇ ਅਤੇ ਉਸ ਦਾ ਰਿਕਸ਼ਾ ਜੰਜ਼ੀਰ ਨਾਲ ਬੰਨ੍ਹ ਦਿੱਤਾ। ਮਨੂ ਨੇ ਕਿਹਾ ਕਿ ਰੋਜ਼ਾਨਾ ਇਸ ਚੌਕ ’ਚ ਇਸ ਤਰ੍ਹਾਂ ਰਿਕਸ਼ਾ ਚਾਲਕਾਂ ’ਤੇ ਪੁਲੀਸ ਜ਼ੁਲਮ ਕਰਦੀ ਹੈ। ਅੱਜ ਉਹ ਕਿਸੇ ਤੋਂ ਉਧਾਰ ਪੈਸੇ ਮੰਗ ਕੇ ਲਿਆਇਆ ਅਤੇ ਮੌਕੇ ਦਾ ਚਲਾਨ ਕਟਵਾਇਆ। ਮਨੂ ਅਨੁਸਾਰ ਜਦੋਂ ਉਸ ਨੇ ਈ-ਰਿਕਸ਼ਾ ਖ਼ਰੀਦਿਆ ਸੀ, ਉਸ ਸਮੇਂ ਕਿਸੇ ਤਰ੍ਹਾਂ ਦਾ ਲਾਇਸੈਂਸ ਜਾਂ ਆਰਸੀ ਜ਼ਰੂਰੀ ਨਹੀਂ ਸੀ। ਆਟੋ ਚਾਲਕ ਸੋਨੂੰ ਨੇ ਕਿਹਾ ਕਿ ਸ਼ਿਵਪੁਰੀ ਚੌਕ ’ਚ ਅਕਸਰ ਈ-ਰਿਕਸ਼ਾ ਚਾਲਕਾਂ ਨੂੰ ਪੁਲੀਸ ਕਰਮੀ ਮੁੱਕੇ ਮਾਰਦੇ ਸਨ। ਪਿਛਲੇ ਹਫ਼ਤੇ ਵੀ ਕਈ ਰਿਕਸ਼ਾ ਚਾਲਕਾਂ ਨਾਲ ਪੁਲੀਸ ਕਰਮੀਆਂ ਨੇ ਕੁੱਟਮਾਰ ਕੀਤੀ ਸੀ।
ਥਾਣਾ ਦਰੇਸੀ ਦੇ ਐੱਸਐੱਚਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸੇ ਨਾਲ ਬੁਰਾ ਵਿਵਹਾਰ ਨਹੀਂ ਕੀਤਾ, ਬਲਕਿ ਰਿਕਸ਼ਾ ਚਾਲਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਟਰੈਫਿਕ ਪੁਲੀਸ ਮੁਲਾਜ਼ਮ ਅਤੇ ਰਿਕਸ਼ਾ ਚਾਲਕਾਂ ਵਿੱਚ ਮਾਮਲਾ ਜਲਦੀ ਹੱਲ ਕਰ ਲਿਆ ਜਾਵੇਗਾ।