ਈ-ਸੰਜੀਵਨੀ ਓਪੀਡੀ ਦਾ ਸਮਾਂ ਹੋਇਆ ਸਵੇਰੇ 8 ਤੋਂ 2 ਵਜੇ ਤੱਕ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੁਲਾਈ
ਈ ਸੰਜੀਵਨੀ ਓਪੀਡੀ ਦਾ ਸਮਾਂ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਨੂੰ ਯਕੀਨੀ ਬਣਾਉਣ ਲਈ ਈ-ਸੰਜੀਵਨੀ ਓਪੀਡੀ ਨਾਂ ਦੀ ਮੁਫ਼ਤ ਆਨਲਾਈਨ ਡਾਕਟਰੀ ਸਲਾਹ ਸਬੰਧੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਇਸ ਈ-ਸੰਜੀਵਨੀ ਦੀ ਓਪੀਡੀ ਦੇ ਸਮੇਂ ’ਚ ਵਾਧਾ ਕਰਦਿਆਂ, ਸਰਕਾਰ ਨੇ ਇਸਤਰੀ ਰੋਗਾਂ ਤੇ ਜਰਨਲ ਓਪੀਡੀ ਦਾ ਸਮਾਂ ਸੋਮਵਾਰ ਤੋਂ ਸ਼ਨਿੱਚਰਵਾਰ ਤੱਕ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਈ. ਸੰਜੀਵਨੀ ਓਪੀਡੀ ਦਾ ਲਾਭ ਸਮਾਰਟ ਫੋਨ ਦੇ ਮੋਬਾਈਲ ਐਪ ਰਾਹੀਂ ਵੀ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਤੇ ਘਰ ਬੈਠੇ ਹੀ ਸਿਹਤ ਸਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਮਾਤਾ ਕੁਸ਼ੱਲਿਆ ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਈ.ਸੰਜੀਵਨੀ ਓਪੀਡੀ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤਹਿਤ ਹੁਣ ਵੀ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਸਨ ਦੇ ਮਾਹਰ ਡਾ. ਭਵਨੀਤ ਕੌਰ ਨੇ ਈ.ਸੰਜੀਵਨੀ ਓਪੀਡੀ ’ਚ ਆਪਣੀਆਂ ਸੇਵਾਵਾਂ ਦਿੱਤੀਆਂ। ਇਹ ਸਹੂਲਤ ਉਨ੍ਹਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੈ, ਜੋ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਹਸਪਤਾਲਾਂ ’ਚ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ।
ਨੋਡਲ ਅਫਸਰ ਈ-ਸੰਜੀਵਨੀ ਡਾ.ਐੱਮਐੱਸ ਧਾਲੀਵਾਲ ਨੇ ਦੱਸਿਆ ਕਿ ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ’ਚ ਵੀ ਉਪਲਬਧ ਹੈ।