ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ ਵਿੱਚ ਜਾਇਦਾਦਾਂ ਦੀ ਈ-ਆਕਸ਼ਨ 27 ਤੋਂ 29 ਮਾਰਚ ਤੱਕ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਮਾਰਚ
ਜਲੰਧਰ ਇੰਪਰੂਵਮੈਂਟ ਟਰੱਸਟ, ਜਲੰਧਰ ਵੱਲੋਂ ਆਪਣੀਆਂ ਵੱਖ-ਵੱਖ ਸਕੀਮਾਂ ਵਿੱਚ ਜਾਇਦਾਦਾਂ ਦੀ ਈ-ਆਕਸ਼ਨ 27 ਤੋਂ 29 ਮਾਰਚ ਤੱਕ ਰੱਖੀ ਗਈ ਹੈ। ਇਸ ਸਬੰਧੀ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਈ-ਆਕਸ਼ਨ ਵਿੱਚ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਤਹਿਤ ਕਰਵਾਈ ਜਾਵੇਗੀ। ਇਸ ਈ-ਆਕਸ਼ਨ ਤੋਂ ਟਰੱਸਟ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਪਹਿਲਾਂ ਰਹੇ ਟਰੱਸਟ ਦੇ ਚੇਅਰਮੈਨਾਂ ਵੱਲੋਂ ਕੀਤੀਆਂ ਕਥਿਤ ਬੇਨਿਯਮੀਆਂ ਕਾਰਨ ਟਰੱਸਟ ਨੂੰ 100 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਚੇਅਰਮੈਨਾਂ ਨੇ ਆਪਣੇ ਚਹੇਤਿਆਂ ਨੂੰ ਗਲਤ ਅਲਾਟਮੈਂਟ ਕਰਵਾ ਕੇ ਟਰੱਸਟ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਾਰੀਆਂ ਬੇਨਿਯਮੀਆਂ ਦੀ ਰਕਮ ਨੂੰ ਜੋੜਿਆ ਜਾਵੇ ਤਾਂ ਇਹ ਰਕਮ 100 ਕਰੋੜ ਤੋਂ ਵੀ ਵੱਧ ਦੀ ਬਣ ਜਾਂਦੀ ਹੈ।
ਇਸ ਤੋਂ ਇਲਾਵਾ ਟਰੱਸਟ ਦੀ ਵਿਕਾਸ ਸਕੀਮ 170 ਏਕੜ (ਸੂਰਿਆ ਐਨਕਲੇਵ) ਅਤੇ 70.5 ਏਕੜ (ਮਹਾਰਾਜਾ ਰਣਜੀਤ ਸਿੰਘ ਐਵੀਨਿਊ) ਵਿੱਚ ਬੀਤੇ ਸਮੇਂ ਦੌਰਾਨ ਪੈਦਾ ਹੋਈ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ, ਜਿਸ ਉਪਰ 1.32 ਕਰੋੜ ਰੁਪਏ ਦਾ ਖਰਚ ਹੋਇਆ ਹੈ। ਚੇਅਰਮੈਨ ਸ੍ਰੀ ਸੰਘੇੜਾ ਨੇ ਦੱਸਿਆ ਕਿ ਟਰੱਸਟ ਵੱਲੋਂ ਵੱਖ-ਵੱਖ ਸਕੀਮਾਂ ਵਿੱਚ ਅਲਾਟ ਕੀਤੇ ਗਏ ਪਲਾਟ, ਜਿਨ੍ਹਾਂ ਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਅਲਾਟੀਆਂ ਵੱਲੋਂ ਉਸਾਰੀ ਨਹੀਂ ਕੀਤੀ ਗਈ, ਉਨ੍ਹਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਵਿੱਚ ਅਲਾਟੀਆਂ ਅਤੇ ਟਰਾਂਸਫਰੀਆਂ ਤੋਂ ਇਨਹੈਂਸਮੈਂਟ ਦੀ ਵਸੂਲੀ ਅਤੇ ਨਾ-ਉਸਾਰੀ ਫ਼ੀਸਾਂ ਦੀ ਰਿਕਵਰੀ ਵਿੱਚ ਵੀ ਤੇਜ਼ੀ ਆਈ ਹੈ।
ਚੇਅਰਮੈਨ ਸ੍ਰੀ ਸੰਘੇੜਾ ਨੇ ਦੱਸਿਆ ਕਿ ਟਰੱਸਟ ਵੱਲੋਂ ਅਲਾਟ ਕੀਤੀਆਂ ਰਿਹਾਇਸ਼ੀ ਤੇ ਕਮਰਸ਼ੀਅਲ ਜਾਇਦਾਦਾਂ ਦੇ ਨਕਸ਼ੇ, ਜੋ ਹੁਣ ਤੱਕ ਸਿਰਫ਼ ਆਨ-ਲਾਈਨ ਪ੍ਰਕਿਰਿਆ ਰਾਹੀਂ ਪ੍ਰਵਾਨ ਕੀਤੇ ਜਾਂਦੇ ਹਨ, ਉਹ ਹੁਣ ਆਨਲਾਈਨ ਪ੍ਰਕਿਰਿਆ ਤੋਂ ਇਲਾਵਾ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਨਕਸ਼ਾਨਵੀਸ ਵੱਲੋਂ ਜਾਇਦਾਦ ਦੇ ਮਾਲਕ ਦੀ ਸਵੈ-ਤਸਦੀਕ ਨਾਲ ਵੀ ਪ੍ਰਵਾਨ ਕੀਤੇ ਜਾਣਗੇ।