For the best experience, open
https://m.punjabitribuneonline.com
on your mobile browser.
Advertisement

ਮੋਰਿੰਡਾ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਪੇਚਸ਼ ਫੈਲਿਆ

08:02 AM Aug 23, 2024 IST
ਮੋਰਿੰਡਾ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਪੇਚਸ਼ ਫੈਲਿਆ
ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਏਡੀਸੀ ਪੂਜਾ ਸਿਆਲ ਗਰਗ।
Advertisement

ਪੱਤਰ ਪ੍ਰੇਰਕ
ਮੋਰਿੰਡਾ, 22 ਅਗਸਤ
ਇੱਥੋਂ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਪੇਚਸ਼ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਿਵਲ ਹਸਪਤਾਲ ਦੀ ਇੰਚਾਰਜ ਡਾਕਟਰ ਅਮਨ ਸੈਣੀ ਨੇ ਦੱਸਿਆ ਕਿ ਲੰਘੀ ਸ਼ਾਮ ਤੋਂ ਹੁਣ ਤੱਕ ਜੋਗੀਆਂ ਵਾਲੇ ਮੁਹੱਲੇ ਤੋਂ ਅੱਧੀ ਦਰਜਨ ਤੋਂ ਵੱਧ ਪੇਚਸ਼ ਦੇ ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਿੱਚ ਸੰਤ ਨਗਰ ਦੀ ਪੀੜਾ ਚਾਂਦ (50), ਨਰਿੰਦਰ ਸਿੰਘ (42), ਹਰਮਨ ਨਿਗਾਹ (25), ਹਿਮਾਨੀ (32), ਬਲਜੀਤ ਕੌਰ ਪੁਰਾਣੀ ਬਸੀ ਪਠਾਣਾ ਸੜਕ, ਦਲਜੀਤ ਕੌਰ (48) , ਲਾਲ ਬਾਬੂ (29) ਤੇ ਸਹਿਜ ਰਾਣਾ (34) ਆਦਿ ਸ਼ਾਮਲ ਹਨ। ਜਦਕਿ ਇਸੇ ਬਿਮਾਰੀ ਤੋਂ ਪੀੜਤ ਇੰਦਰਪ੍ਰੀਤ ਕੌਰ ਪਿੰਡ ਕਾਈਨੌਰ, ਸਰੂਪ ਸਿੰਘ ਵਾਸੀ ਮੁੰਡੀਆਂ, ਦਲਜੀਤ ਕੌਰ ਵਾਸੀ ਰਤਨਗੜ੍ਹ, ਮਾਈਦੀਨ ਰਤਨਗੜ੍ਹ ਆਦਿ ਨੂੰ ਵੀ ਸਿਵਲ ਹਸਪਤਾਲ ਮੋਰਿੰਡਾ ’ਚ ਦਾਖਲ ਕੀਤਾ ਗਿਆ ਹੈ।
ਇਸ ਦੌਰਾਨ ਮੁਹੱਲਾ ਜੋਗੀਆਂ ਵਾਲਾ ਦੇ ਵਸਨੀਕਾਂ ਸਰਬਜੀਤ ਸਿੰਘ, ਅਜੀਤ ਸਿੰਘ ਅਤੇ ਫੌਜੀ ਭਾਗ ਸਿੰਘ ਨੇ ਦੱਸਿਆ ਕਿ ਸੀਵਰੇਜ ਤੇ ਜਲ ਸਪਲਾਈ ਵਿਭਾਗ ਵੱਲੋਂ ਮੁਹੱਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਜਿੱਥੇ ਮੋਟਰਾਂ ਲਗਾਈਆਂ ਗਈਆਂ ਉਹ ਥਾਂ ਛੱਪੜ ਦੇ ਨੇੜੇ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਸਾਫ ਪਾਣੀ ਨਹੀਂ ਮਿਲ ਰਿਹਾ। ਵਾਰਡ ਵਾਸੀਆਂ ਨੇ ਮੌਕੇ ’ਤੇ ਪਹੁੰਚੇ ਏਡੀਸੀ (ਜਨਰਲ) ਪੂਜਾ ਸਿਆਲ ਗਰਗ ਨੂੰ ਦੱਸਿਆ ਕਿ ਵਾਰਡ ਵਿੱਚ ਫੈਲੀ ਗੰਦਗੀ ਸਬੰਧੀ ਅਤੇ ਗਲੀਆਂ ਨਾਲੀਆਂ ਵਿੱਚ ਜਮ੍ਹਾਂ ਹੁੰਦੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਉਹ ਬਹੁਤ ਵਾਰੀ ਨਗਰ ਕੌਂਸਲ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਇਸ ਵਾਰਡ ’ਚੋਂ ਵੱਡੀ ਗਿਣਤੀ ਵਿੱਚ ਪੇਚਸ਼ ਦੇ ਮਰੀਜ਼ ਮਿਲਣ ਤੋਂ ਬਾਅਦ ਨਗਰ ਕੌਂਸਲ ਨੇ ਵੱਡੀ ਗਿਣਤੀ ’ਚ ਸਫਾਈ ਕਰਮਚਾਰੀਆਂ ਨੂੰ ਇਸ ਵਾਰਡ ’ਚ ਗਲੀਆਂ ਅਤੇ ਨਾਲੀਆਂ ਦੀ ਸਫਾਈ ਲਈ ਲਗਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ (ਜਨਰਲ) ਪੂਜਾ ਸਿਆਲ ਗਰਗ ਨੇ ਸਵੇਰੇ ਵਾਰਡ ਦਾ ਦੌਰਾ ਕਰਕੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਬਹੁਤ ਸਾਰੇ ਘਰਾਂ ਵਿੱਚ ਜਾ ਕੇ ਇਲਾਜ ਅਧੀਨ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕੇ ਵਿੱਚ 24 ਘੰਟਿਆਂ ਲਈ ਜਲ ਸਪਲਾਈ ਬੰਦ ਕਰ ਦਿੱਤੀ ਹੈ ਅਤੇ ਵਾਰਡ ਵਾਸੀਆਂ ਨੂੰ ਵਾਟਰ ਟੈਂਕਰਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ। ਅਧਿਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਪਾਣੀ ਦੇ ਨਮੂਨੇ ਲੈ ਕੇ ਲੈਬ ਵਿੱਚ ਭੇਜੇ ਗਏ, ਜਿਨ੍ਹਾਂ ਦੀ ਰਿਪੋਰਟ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement