For the best experience, open
https://m.punjabitribuneonline.com
on your mobile browser.
Advertisement

ਪੇਚਸ਼: ਬਲੌਂਗੀ ਤੇ ਬੜਮਾਜਰਾ ’ਚੋਂ ਪਾਣੀ ਦੇ ਮੁੜ ਨਮੂਨੇ ਭਰੇ

10:23 AM Jul 17, 2023 IST
ਪੇਚਸ਼  ਬਲੌਂਗੀ ਤੇ ਬੜਮਾਜਰਾ ’ਚੋਂ ਪਾਣੀ ਦੇ ਮੁੜ ਨਮੂਨੇ ਭਰੇ
Advertisement

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 16 ਜੁਲਾਈ
ਮੁਹਾਲੀ ਨੇੜਲੇ ਪਿੰਡਾਂ ਵਿੱਚ ਪੇਚਸ਼ ਦੀ ਬਿਮਾਰੀ ਫੈਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਚਾਇਤ ਵਿਭਾਗ, ਮੁਹਾਲੀ ਨਗਰ ਨਿਗਮ ਅਤੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀ ਚੌਕੰਨੇ ਹੋ ਗਏ ਹਨ। ਐਤਵਾਰ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮਾਂ ਨੇ ਬਲੌਂਗੀ ਅਤੇ ਬੜਮਾਜਰਾ ਵਿੱਚ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋ ਰਹੇ ਪੀਣ ਵਾਲੇ ਪਾਣੀ ਦੇ ਨਮੂਨੇ ਭਰੇ, ਜਦੋਂਕਿ ਬੀਤੇ ਦਨਿੀਂ ਪੀਜੀਆਈ ਅਤੇ ਏਮਜ਼ (ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਦੀਆਂ ਟੀਮਾਂ ਵੱਲੋਂ ਪਿੰਡ ਦਾਊਂ ਅਤੇ ਬਲੌਂਗੀ ਵਿੱਚ ਪੀਣ ਵਾਲੇ ਪਾਣੀ ਦੇ ਨਮੂਨੇ ਭਰੇ ਗਏ ਸਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ’ਤੇ ਰਾਹਤ ਕਾਰਜ ਜਾਰੀ ਹਨ। ਟੁੱਟੀਆਂ ਸੜਕਾਂ ਦੀਆਂ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਕਈ ਪਿੰਡਾਂ ਵਿੱਚ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਡਾਇਰੀਆ, ਹੈਜ਼ਾ ਫੈਲ ਗਿਆ ਹੈ। ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਪੀੜਤ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰੋਗੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਬਲੌਂਗੀ ਵਿੱਚ ਪੇਚਸ਼ ਦੇ ਮਰੀਜ਼ ਹੋਣ ਕਾਰਨ ਪਾਣੀ ਦੀ ਸਪਲਾਈ ਫਿਲਹਾਲ ਆਰਜ਼ੀ ਤੌਰ ’ਤੇ ਬੰਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲ ਵਿੱਚ ਵਿਸ਼ੇਸ਼ ਵਾਰਡ ਬਣਾਇਆ ਗਿਆ ਹੈ, ਜਿੱਥੇ 24 ਘੰਟੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਦੀ ਤਾਇਨਾਤੀ ਦੇ ਆਦੇਸ਼ ਦਿੱਤੇ ਗਏ ਹਨ। ਐਂਬੂਲੈਂਸ ਸਮੇਤ ਦਵਾਈਆਂ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀ ਟੀਮ ਵੱਲੋਂ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਜਾ ਕੇ ਪਸ਼ੂਆਂ ਦੀ ਜਾਂਚ ਕਰ ਰਹੀਆਂ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਦੀ ਦੇਖ-ਰੇਖ ਵਿੱਚ ਵਿਭਾਗ ਦੀਆਂ ਟੀਮਾਂ ਨੇ ਅੱਜ ਪਿੰਡ ਰੁੜਕਾ, ਬਾਕਰਪੁਰ, ਕੁਰੜੀ, ਕੰਬਾਲਾ ਅਤੇ ਸੋਹਾਣਾ ਵੀ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ। ਵਿਭਾਗ ਕੋਲ ਮੌਕੇ ’ਤੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਮੋਬਾਈਲ ਵਾਟਰ ਟੈਸਟਿੰਗ ਲੈਬ ਵੀ ਹੈ। ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਅਥਾਰਟੀ ਵੱਲੋਂ ਆਪੋ ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਫੌਗਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵੱਲੋਂ ਵੀ ਲਗਾਤਾਰ ਫੌਗਿੰਗ ਕਰਨ ਸਮੇਤ ਮੱਛਰਾਂ ਦੇ ਲਾਰਵੇ ਨੂੰ ਰੋਕਣ ਲਈ ਖੜ੍ਹੇ ਪਾਣੀ ਵਿੱਚ ਕੈਮੀਕਲ ਪਾ ਕੇ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਅੱਜ ਖੁੱਲ੍ਹਣਗੇ ਸਕੂਲ; ਸਫ਼ਾਈ ਕੰਮਾਂ ’ਚ ਜੁਟਿਆ ਪ੍ਰਸ਼ਾਸਨ
ਪੰਜਾਬ ਵਿੱਚ ਭਲਕੇ 17 ਜੁਲਾਈ ਨੂੰ ਸਮੂਹ ਸਰਕਾਰੀ, ਅਰਧ ਸਰਕਾਰੀ, ਮਾਨਤਾ ਪ੍ਰਾਪਤ, ਏਡਿਡ ਅਤੇ ਪ੍ਰਾਈਵੇਟ ਸਕੂਲ ਆਮ ਵਾਂਗ ਖੁੱਲ੍ਹਣਗੇ। ਭਾਰੀ ਬਾਰਸ਼ ਹੋਣ ਕਾਰਨ ਬਹੁਤ ਸਾਰੇ ਸਕੂਲਾਂ ਵਿੱਚ ਪਾਣੀ ਖੜ੍ਹਾ ਹੈ ਅਤੇ ਕਈ ਪਿੰਡਾਂ ਵਿੱਚ ਸਕੂਲਾਂ ਨੂੰ ਜਾਣ ਵਾਲੇ ਰਸਤਿਆਂ ਵਿੱਚ ਪਾਣੀ ਖੜ੍ਹਨ ਕਾਰਨ ਗੰਦਗੀ ਫੈਲੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਸਰਕਾਰੀ ਸਕੂਲਾਂ ’ਚੋਂ ਮੀਂਹ ਦਾ ਪਾਣੀ ਬਾਹਰ ਕੱਢਣ ਅਤੇ ਸਫ਼ਾਈ ਕਾਰਜਾਂ ਵਿੱਚ ਜੁੱਟ ਗਿਆ ਹੈ ਤਾਂ ਜੋ ਸੋਮਵਾਰ ਨੂੰ ਸਕੂਲ ਜਾਣ ਸਮੇਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੋਈ ਮੁਸ਼ਕਲ ਨਾ ਆਵੇ। ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੇ ਸਵਾਗਤ ਲਈ ਮੁਹਾਲੀ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਕਾਰਜਸ਼ੀਲ ਬਣਾਉਣ ਲਈ ਹੋਰ ਵੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੁਹਾਲੀ ਦੇ ਏਡੀਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਦੀ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ ਵਿਭਾਗ ਨੇ ਸਾਂਝੇ ਤੌਰ ’ਤੇ ਸਕੂਲਾਂ ਦੀ ਚਾਰਦੀਵਾਰੀ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਕੀਤੀ ਅਤੇ ਸਫ਼ਾਈ ਲਈ ਸਰਗਰਮੀ ਨਾਲ ਕੰਮ ਕੀਤਾ ਹੈ। ਡੀਸੀ ਨੇ ਕਿਹਾ ਕਿ ਸੜਕਾਂ ਦਾ ਸੰਪਰਕ ਜੋੜਨਾ, ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ, ਪਸ਼ੂਆਂ ਨੂੰ ਮੌਸਮੀ ਬਿਮਾਰੀਆਂ ਹਾਈਪੋਥਰਮੀਆ ਅਤੇ ਔਫ ਫੀਡ ਤੋਂ ਬਚਾਉਣ ਦਾ ਕੰਮ ਜਾਰੀ ਹੈ।
ਸਰਕਾਰੀ ਹਸਪਤਾਲ ਸਵੇਰੇ ਅੱਠ ਵਜੇ ਹੀ ਖੁੱਲ੍ਹਣਗੇ: ਸਿਵਲ ਸਰਜਨ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਸਿਹਤ ਵਿਭਾਗ ਅਧੀਨ ਆਉਂਦੇ ਸਾਰੇ ਦਫ਼ਤਰ ਭਲਕੇ 17 ਜਲਾਈ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਸ਼ਾਮ 5 ਵਜੇ ਬੰਦ ਹੋਣਗੇ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਕਤ ਸਮਾਂ-ਸਾਰਣੀ ਸਿਰਫ਼ ਦਫ਼ਤਰਾਂ ’ਤੇ ਲਾਗੂ ਹੈ ਪਰ ਮੁਹਾਲੀ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ ਪਹਿਲਾਂ ਵਾਂਗ ਸਵੇਰੇ 8 ਵਜੇ ਹੀ ਖੁੱਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਨ੍ਹਾਂ ਹਸਪਤਾਲਾਂ ਵਿੱਚ ਜ਼ਿਲ੍ਹਾ ਹਸਪਤਾਲ ਮੁਹਾਲੀ, ਸਬ-ਡਵੀਜ਼ਨਲ ਹਸਪਤਾਲ ਖਰੜ ਤੇ ਡੇਰਾਬੱਸੀ ਸਮੇਤ ਜ਼ਿਲ੍ਹੇ ਦੇ ਸਮੂਹ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਸਬ-ਸੈਂਟਰ, ਆਮ ਆਦਮੀ ਕਲੀਨਿਕ, ਈਐਸਆਈ ਹਸਪਤਾਲ ਸ਼ਾਮਲ ਹਨ, ਜਨਿ੍ਹਾਂ ਦਾ ਸਮਾਂ ਪਹਿਲਾਂ ਵਾਂਗ ਸਵੇਰੇ 8 ਤੋਂ 2 ਵਜੇ ਤੱਕ ਹੋਵੇਗਾ।

Advertisement

Advertisement
Advertisement
Tags :
Author Image

Advertisement